Punjab

ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁਕਰਨ ਦੇ ਯਤਨਾਂ ਵਿਚ ਸੂਬੇ ਵਿਚ ਨਸ਼ਾ ਖਤਮ ਕਰਨ  ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿਚ ਫੇਲ੍ਹ ਹੋਣ  ਗੱਲ ਕਬੂਲਣ ਮਗਰੋਂ ਮੁੱਖ ਮੰਤਰੀ ਨੈਤਿਕ ਆਧਾਰ ’ਤੇ ਅਸਤੀਫਾ ਦੇਣ : ਅਕਾਲੀ ਦਲ

ਮੁੱਖ ਮੰਤਰੀ ਵੱਲੋਂ ਘਰੇਲੂ ਤੇ ਉਦਯੋਗਿਕ ਖੇਤਰ ਲਈ ਬਿਜਲੀ ਦਰਾਂ ਵਿਚ ਕਟੋਤੀ ਕਰਨ ਤੇ ਨੌਜਵਾਨਾਂ ਨੂੁੰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ  ਤੋਂ ਇਨਕਾਰ ਕਰਨ ਦੀ ਕੀਤੀ ਨਿਖੇਧੀ

ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਚਾਰ ਸਾਲਾਂ ਦੌਰਾਨ ਭ੍ਰਿਸ਼ਟਾਚਾਰ, ਘੁਟਾਲਿਆਂ, ਕੁਸ਼ਾਸਨ ਤੇ ਅਮਨ ਕਾਨੂੰਨ ਦੀ ਵਿਵਸਥਾ ਢਹਿ ਢੇਰੀ ਹੋਣ ਲਈ ਜ਼ਿੰਮੇਵਾਰ ਠਹਿਰਾਇਆ

ਚੰਡੀਗੜ੍ਹ, 18 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੂੰ ਕਿਹਾ ਕਿ ਉਹਨਾਂ ਨੂੰ ਪਵਿੱਤਰ ਗੁਟਕਾ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਸਹੁੰ ਚੁੱਕ ਕੇ ਮੁਕਰਨ ਦੇ ਯਤਨਾਂ ਵਿਚ ਨਸ਼ੇ ਦੀ ਬੁਰਾਈ ਖਤਮ ਕਰਨ ਤੇ ਨੌਜਵਾਨਾਂ ਨੁੰ ਰੋਜ਼ਗਾਰ ਦੇਣ ਵਿਚ ਫੇਲ੍ਹ ਹੋਣ ਦੀ ਗੱਲ ਕਬੂਲਣ ਮਗਰੋਂ ਨੈਤਿਕ ਤੌਰ ’ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਘਰੇਲੂ ਤੇ ਉਦਯੋਗਿਕ ਖੇਤਰ ਲਈ ਬਿਜਲੀ ਦਰਾਂ ਵਿਚ ਕਟੌਤੀ ਕਰਨ ਤੋਂ ਕੋਰਾ ਇਨਕਾਰ ਕਰਨ, ਇਹ ਮੰਨਣ ਕਿ ਸਰਕਾਰ ਨੌਜਵਾਨਾਂ ਨੂੰ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਨਹੀਂ ਦੇਵੇਗੀ ਤੇ ਕਾਂਗਰਸ ਸਰਕਾਰ ਦੇ ਰਹਿੰਦੇ ਕਾਰਜਕਾਲ ਦੌਰਾਨ ਕਿਸਾਨਾਂ ਲਈ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਯੋਜਨਾ ਲਾਗੂ ਕਰਨ ਤੋਂ ਇਨਕਾਰ ਕਰਨ ’ਤੇ ਮੁੱਖ ਮੰਤਰੀ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਚਾਰ ਸਾਲਾਂ ਦੇ ਰਾਜ ਕਾਲ ਦੌਰਾਨ ਭ੍ਰਿਸ਼ਟਾਚਾਰ, ਘੁਟਾਲੇ, ਕੁਸ਼ਾਸਨ ਤੇ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਸਹੁੰ ਚੁੱਕ ਕੇ ਕੀਤੇ ਵਾਅਦਿਆਂ ਨੁੰ ਪੂਰਾ ਕਰਨ ਦੇ, ਮੁੱਖ ਮੰਤਰੀ ਨੇ ਆਪਣੇ ਵੱਲੋਂ ਕੀਤੇ ਵਾਅਦਿਆਂ ਤੋਂ ਭੱਜਣ ਦਾ ਰਾਹ ਲੱਭਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਸੀ ਕਿ ਨਸ਼ਾ ਖਤਮ ਹੋ ਜਾਵੇਗਾ ਬਲਕਿ ਇਹ ਕਿਹਾ ਸੀ ਕਿ ਉਹ ਨਸ਼ੇ ਦੇ ਕਾਰੋਬਾਰ ਦਾ ਲੱਕ ਤੋੜ ਦੇਣਗੇ। ਉਹਨਾਂ ਨੇ ਮੁੱਖ ਮੰਤਰੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਰਾਮਪੁਰਾ ਫੂਲਾ ਵਿਖੇ ਸਹੁੰ ਚੁੱਕਦਿਆਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਵਿਖਾਈ  ਜਿਸ ਵਿਚ ਮੁੱਖ ਮੰਤਰੀ ਇਹ ਕਹਿੰਦੇ ਸਪਸ਼ਟ ਦਿਸ ਰਹੇ ਹਨ ਕਿ ਉਹ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰ ਦੇਣਗੇ। ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਲਿਖਤੀ ਵਾਅਦੇ ਵੀ ਵਿਖਾਏ ਜਿਸ ਵਿਚ ਸਪਸ਼ਟ ਲਿਖਿਆ ਹੈ ਕਿ ਨਸ਼ਾ ਸਪਲਾਈ, ਵੰਡ ਤੇ ਖਪਤ ਚਾਰ ਹਫਤਿਆਂ ਵਿਚ ਬੰਦ ਕੀਤੀ ਜਾਵੇਗੀ।

ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ 90 ਹਜ਼ਾਰ ਕਰੋੜ ਰੁਪਏ ਦਾ ਕਿਸਾਨੀ ਕਰਜ਼ਾ ਮੁਆਫ ਕਰਨਗੇ, ਉਹ ਸਿਰਫ 4700 ਕਰੋੜ ਰੁਪਏ ਮੁਆਫ ਕਰਨ ਦਾ ਸਿਹਰਾ ਆਪਣੇ ਸਿਰ ਬੰਨ ਰਹੇ ਹਨ ਜਦਕਿ ਇਹ ਰਕਮ ਤਾਂ ਮੁੱਖ ਮੰਤਰੀ ਵੱਲੋਂ ਕੀਤੇ ਵਾਅਦਿਆਂ ’ਤੇ ਆਪਣੀਆਂ ਕਿਸ਼ਤਾਂ ਨਾ ਭਰਨ ਵਾਲੇ ਕਿਸਾਨਾਂ ਨੁੰ ਲਗਾਏ ਗਏ ਜ਼ੁਰਮਾਨੇ ਜਿੰਨੀ ਵੀ ਨਹੀਂ ਹੈ।

ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਵਿਚੋਂ 85 ਫੀਸਦੀ ਪੂਰੇ ਕਰਨ ਦੇ ਝੁਠੇ ਦਾਅਵੇ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਚੋਣ ਮਨੋਰਥ ਪੱਤਰ ਵਿਚ ਦਰਜ ਵਾਅਦਿਆਂ ਵਿਚੋਂ 5 ਫੀਸਦੀ ਵੀ ਪੂਰੇ ਨਹੀਂ ਹੋਏ। ਉਹਨਾਂ ਕਿਹਾ ਕਿ ਨੌਜਵਾਨਾਂ  ਨੂੰ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਨਹੀਂ ਮਿਲਿਆ ਤੇ ਨਾ ਹੀ ਹਾਲੇ ਤੱਕ ਬੁਢਾਪਾ ਪੈਨਸ਼ਨ ਵਧਾ ਕੇ 2500 ਕੀਤੀ ਗਈ  ਹੈ, ਨਾ ਹੀ ਸ਼ਗਨ ਦੀ ਰਾਸ਼ੀ ਵਧਾ ਕੇ 51 ਹਜ਼ਾਰ ਰੁਪਏ ਕੀਤੀ ਗਈ ਤੇ ਨਾ ਹੀ ਬੇਘਰੇ ਲੋਕਾਂ ਨੁੰ ਘਰ ਦਿੱਤੇ ਗਏ ਹਨ ਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਨਹੀਂ ਦਿੱਤੀ ਗਈ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੇ ਸਹੀ ਕਿਹਾ ਹੈ ਕਿ  ਉਹਨਾਂ ਨੇ ਆਪਣਾ 15 ਕਿਲੋ ਭਾਰ ਘਟਾ ਲਿਆ ਹੈ ਕਿਉਂਕਿ ਆਪਣੇ ਫਾਰਮ ਹਾਊਸ ਵਿਚ ਉਹਨਾਂ ਦਾ ਇਹੀ ਟੀਚਾ ਸੀ ਤੇ ਉਹ ਦਫਤਰ ਬਿਲਕੁਲ ਹੀ ਨਹੀਂ ਗਏ। ਉਹਨਾਂ ਕਿਹਾ ਕਿ ਅੱਜ ਸਰਕਾਰ ਬਣਨ ਦੇ ਚਾਰ ਸਾਲ ਪੂਰੇ ਹੋਣ ’ਤੇ  ਕੈਪਟਨ ਟਮਰਿੰਦਰ ਸਿੰਘ ਨੇ ਆਪਣੀਆਂ ਪ੍ਰਾਪਤੀਆਂ ਦੀ ਗੱਲ ਕਰਨ ਦੀ ਥਾਂ ਲੋਕਾਂ ਨੁੰ ਡਰਾਉਣ ਦਾ ਯਤਨ ਕੀਤਾ ਹੈ। ਮੁੱਖ ਮੰਤਰੀ ਨੇ ਕੋਰੋਨਾ ਵਿਚ ਵਾਧੇ ਤੇ ਨੌ ਜ਼ਿਲਿ੍ਹਆਂ ਵਿਚ ਰਾਤ ਦਾ ਕਰਫਿਊ ਵਧਾਉਣ ਦੀ ਗੱਲ ਕੀਤੀ ਪਰ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਸਰਕਾਰ ਕਰੋਨਾ ਨਾਲ ਨਜਿੱਠਣ ਵਿਚ ਫੇਲ੍ਹ ਕਿਉਂ ਹੋਈ ਅਤੇ ਪੰਜਾਬ ਵਿਚ ਇਸ ਮਹਾਮਾਰੀ ਨਾਲ ਮੌਤ ਦਰ 3.05 ਜੋ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਕਿਉਂ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਨੇ ਪੰਜਾਬ ਵਿਚ ਡਰੋਨਾਂ ਰਾਹੀਂ ਨਸ਼ੇ ਤੇ ਹਥਿਆਰ ਭੇਜੇ ਜਾਣ ਦੀ ਗੱਲ ਤਾਂ ਕੀਤੀ ਪਰ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਇਸ ’ਤੇ ਕਾਬੂ ਪਾਉਣ ਤੇ ਪੰਜਾਬ ਵਿਚ ਉਹਨਾਂ ਦੇ ਰਾਜਕਾਲ ਵਿਚ ਢਹਿ ਢੇਰੀ ਹੋਈ ਅਮਨ ਕਾਨੂੰਨ ਦੀ ਵਿਵਸਥਾ ਨੁੰ ਦਰੁੱਸਤ ਕਰਨ ਵਾਸਤੇ ਕੀ ਕਦਮ ਚੁੱਕੇ ਹਨ।

ਸੂਬੇ ਦੀ ਵਿੱਤੀ ਹਾਲਤ ਦੀ ਗੱਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਆਬਕਾਰੀ ਮਾਲੀਆ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਕਿ ਜੇਕਰ ਅਜਿਹਾ ਹੈ ਤਾਂ ਫਿਰ ਚਾਰ ਸਾਲਾਂ ਦੌਰਾਨ ਪੰਜਾਬ ਸਿਰ ਕਰਜ਼ਾ 1.73 ਲੱਖ ਕਰੋੜ ਰੁਪਏ ਤੋਂ ਵੱਧ ਕੇ 2.37 ਲੱਖ ਕਰੋੜ ਰੁਪਏ ਕਿਵੇਂ ਹੋ ਗਿਆ ? ਉਹਨਾਂ ਕਿਹਾ ਕਿ  ਅਜਿਹਾ  ਸਰਕਾਰ ਵੱਲੋਂ ਕੀਤੇ ਬੇਫਜ਼ੂਲ ਖਰਚ ਕਾਰਨ ਹੋਇਆ ਕਿਉਂਕਿ ਸਰਕਾਰ ਨੇ ਤਾਂ ਪਿਛਲੇ ਸਾਲ ਪੂੰਜੀਗਤ ਖਰਚ ਸਿਰਫ 6822 ਕਰੋੜ ਰੁਪਏ ਕੀਤਾ ਹੈ।

ਡਾ. ਚੀਮਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸੂਬੇ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਹੋਏ ਘੁਟਾਲਿਆਂ ਦੀ ਗੱਲੀ ਕਰਨੀ ਭੁੱਲ ਗਏ ਭਾਵੇਂ ਉਹ 5600 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਘਾਟਾ ਹੋਵੇ, ਗੈਰ ਕਾਨੂੰਨ ਡਿਸਟੀਲਰੀਆਂ ਹੋਣ, ਪੀ ਐਸ ਪੀ ਸੀ ਐਲ ਨੂੰ ਪ੍ਰਾਈਵੇਟ ਕੰਪਨੀ ਨਾਲ ਰਲ ਕੇ ਪਏ 4 ਹਜ਼ਾਰ ਕਰੋੜ ਰੁਪਏ ਦਾ ਘਾਟਾ ਹੋਵੇ ਜਾਂ ਫਿਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਸਕਾਲਰਸ਼ਿਪ ਮਾਮਲੇ ਦਾ ਹੋਵੇ।

ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕਿਵੇਂ ਇਹ ਵੀ ਦੱਸਣਾ ਭੁੱਲ ਗਏ ਕਿ ਉਹ ਆਉਂਦੇ ਹਾੜੀ ਸੀਜ਼ਨ ਦੌਰਾਨ ਐਫ ਸੀ ਆਈ ਵੱਲੋਂ ਖਰੀਦ ਲਈ ਲਗਾਈਆਂ ਸਖ਼ਤ ਸ਼ਰਤਾਂ ਤੇ ਪੰਜਾਬ ਵਿਚੋਂ ਅਨਾਜ ਦੀ ਖਰੀਦ ਲਈ ਜਾਣ ਬੁੱਝ ਕੇ ਨਿਯਮ ਸਖ਼ਤ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਵਧਾ ਕੇ ਲੋਕਾਂ ਦੀਆਂ ਤਕਲੀਫਾਂ ਤੋਂ ਆਪਣਾ ਮੁਨਾਫਾ ਕਮਾਇਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!