Punjab
ਵਿੱਤੀ ਸਾਲ 2020-21 ਦੇ ਮਾਲੀਏ ਵਿੱਚ 10382.08 ਕਰੋੜ ਰੁਪਏ ਦਾ ਵਾਧਾ
ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 31.91 ਫੀਸਦ ਦਾ ਵਾਧਾ ਦਰਜ
ਚੰਡੀਗੜ, 2 ਅਪਰੈਲ
ਵਿੱਤੀ ਸਾਲ 2020-2021 ਦੌਰਾਨ ਪੰਜਾਬ ਵਿਚ ਮਾਲੀਆ ਇਕੱਤਰ ਕਰਨ ਵਿਚ ਪਿਛਲੇ ਵਿੱਤੀ ਸਾਲ ਦੇ ਮਕਾਬਲਤਨ 10,382.08 ਕਰੋੜ ਰੁਪਏ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਗਈ ਠੋਸ ਵਿੱਤੀ ਵਿਉਂਤਬੰਦੀ ਸਦਕਾ ਸੰਭਵ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ 2020-21 ਦੌਰਾਨ ਕੁੱਲ 42918.34 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਜੋ 31.91 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ ਜਦਕਿ ਵਿੱਤੀ ਸਾਲ 2019-20 ਦੌਰਾਨ ਇਸਦੇ ਮੁਕਾਬਲੇ 32536.26 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ 2020-21 ਦੌਰਾਨ ਵੈਟ ਅਤੇ ਸੀ.ਐਸ.ਟੀ. ਤੋਂ 6113.54 ਕਰੋੜ ਰੁਪਏ ਇਕੱਠੇ ਹੋਏ ਜਦਕਿ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਇਹ ਰਾਸ਼ੀ 5408.12 ਕਰੋੜ ਰੁਪਏ ਤੱਕ ਹੀ ਅੱਪੜ ਸਕੀ ਸੀ ,ਇਸ ਤਰਾਂ 705.42 ਕਰੋੜ (13.04 ਫੀਸਦੀ)ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰਾਂ ਇਸ ਸਾਲ ਆਬਕਾਰੀ ਵਿਭਾਗ ਵਲੋਂ 6091.21 ਕਰੋੜ ਰੁਪਏ ਜੁਟਾਏ ਗਏ ਜੋ ਕਿ ਵਿੱਤੀ ਵਰੇ 2019-20 ਦੀ 5022.86 ਕਰੋੜ ਰੁਪਏ ਦੀ ਕੁਲੈਕਸ਼ਨ ਨਾਲੋਂ 1068.35 ਕਰੋੜ (21.27 ਫੀਸਦੀ) ਵੱਧ ਬਣਦਾ ਹੈ। ਸਾਲ 2019-20 ਦੌਰਾਨ ਜੀ.ਐਸ.ਟੀ. ਅਤੇ ਮੁਆਵਜ਼ਾ ਸੈੱਸ ਦੀ ਕੁਲੈਕਸ਼ਨ 22105.28 ਕਰੋੜ ਰੁਪਏ ਸੀ ਜਦਕਿ 2020-21 ਦੌਰਾਨ ਇਹ ਅੰਕੜਾ 30713.59 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਤਰਾਂ 8608.31 ਕਰੋੜ (38.94 ਫੀਸਦ ) ਦਾ ਵਾਧਾ ਦਰਜ ਕੀਤਾ ਗਿਆ ਹੈ।
ਸੂਬਾ ਸਰਕਾਰ ਵੱਲੋਂ ਉਲੀਕੀ ਠੋਸ ਵਿੱਤੀ ਵਿਉਂਤਬੰਦੀ, ਆਰਥਿਕ ਸੂਝ-ਬੂਝ ਤੇ ਸੁਚੱਜੇ ਬਜਟ ਪ੍ਰਬੰਧਨ ਸਦਕਾ ਆਬਕਾਰੀ ਉਗਰਾਹੀ ਵਿੱਚ ਵਿਸ਼ੇਸ਼ ਸੁਧਾਰ ਆਇਆ ਹੈ।