Punjab

*ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਵਿਸ਼ਵ ਪੱਧਰੀ ਸੈਲਾਨੀ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ: ਮੁੱਖ ਸਕੱਤਰ* Watch Video*

• ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਸੈਰ ਸਪਾਟਾ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਨ ਲਈ ਪ੍ਰਾਈਵੇਟ ਨਿਵੇਸ਼ਕਾਂ ਨੂੰ ਸੱਦਾ ਦੇਣ ਵਾਸਤੇ ਨਵੀਂ ਦਿੱਲੀ ਵਿੱਚ ਨਿਵੇਸ਼ਕ ਸੰਮੇਲਨ ਦਾ ਆਯੋਜਨ
ਚੰਡੀਗੜ੍ਹ, 10 ਜੂਨ:
ਪੰਜਾਬ ਨੂੰ ਆਲਮੀ ਨਕਸ਼ੇ ‘ਤੇ ਲਿਆਉਣ, ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਕੌਮਾਂਤਰੀ ਪੱਧਰ ਦੇ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੰਜਾਬ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਅੱਜ ਨਵੀਂ ਦਿੱਲੀ ਵਿਖੇ ਨਿਵੇਸ਼ਕ ਸੰਮੇਲਨ ਦਾ ਆਯੋਜਨ ਕੀਤਾ ਤਾਂ ਜੋ ਸੂਬੇ ਵਿੱਚ ਸੈਰ ਸਪਾਟਾ ਅਤੇ ਹੋਰ ਖੇਤਰਾਂ ਵਿੱਚ ਪ੍ਰਾਈਵੇਟ ਸੈਕਟਰ ਨੂੰ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਾ ਸਕੇ।
ਸੰਮੇਲਨ ਦੌਰਾਨ ਜਿੱਥੇ ਰਣਜੀਤ ਸਾਗਰ ਝੀਲ ਨੂੰ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਉਥੇ ਹੀ ਸੈਰ ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤੇ ਜਾਣ ਦੀ ਸੰਭਾਵਨਾ ਵਾਲੇ ਕਈ ਹੋਰ ਪ੍ਰਾਜੈਕਟ ਵੀ ਪ੍ਰਦਰਸ਼ਿਤ ਕੀਤੇ ਗਏ। ਹੋਰ ਪ੍ਰਾਜੈਕਟਾਂ ਵਿੱਚ ਕਪੂਰਥਲਾ ਵਿੱਚ ਦਰਬਾਰ ਹਾਲ ਅਤੇ ਗੋਲ ਕੋਠੀ, ਸੰਗਰੂਰ ਵਿੱਚ ਸੰਗਰੂਰ ਕੋਠੀ, ਅੰਮ੍ਰਿਤਸਰ ਅਤੇ ਮੋਹਾਲੀ ਵਿਚ ਕਨਵੈਨਸ਼ਨ ਸੈਂਟਰ, ਸ਼ਾਹਪੁਰ ਕੰਢੀ ਦਾ ਕਿਲ੍ਹਾ ਆਦਿ ਸ਼ਾਮਲ ਹਨ।
ਹਰਿਆਲੀ ਅਤੇ ਪਹਾੜੀਆਂ ਨਾਲ ਘਿਰੀ, ਰਣਜੀਤ ਸਾਗਰ ਝੀਲ ਨਾਲ 74.76 ਏਕੜ ਵਿੱਚ ਫੈਲੀ ਇਸ ਸਾਈਟ ਵਿੱਚ ਸੈਰ-ਸਪਾਟੇ ਦੀ ਬਹੁਤ ਸੰਭਾਵਨਾ ਹੈ ਕਿਉਂਕਿ ਇਹ ਡਲਹੌਜ਼ੀ ਦੇ ਰਸਤੇ ਵਿੱਚ ਸਥਿਤ ਹੈ ਅਤੇ ਮਸ਼ਹੂਰ ਸੈਰ ਸਪਾਟਾ ਸਥਾਨਾਂ ਧਰਮਸ਼ਾਲਾ, ਪਾਲਮਪੁਰ, ਚੰਬਾ ਅਤੇ ਵੈਸ਼ਨੋ ਦੇਵੀ, ਕਟੜਾ ਦੇ ਨੇੜੇ ਹੈ। 
ਪੰਜਾਬ ਦੇ ਮੁੱਖ ਸਕੱਤਰ  ਅਨਿਰੁੱਧ ਤਿਵਾੜੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਤਹਿਤ ਅਤਿ-ਆਧੁਨਿਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਾਤਾਵਰਣ ਅਤੇ ਜੰਗਲਾਤ ਪੜਾਅ-1 ਸਬੰਧੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭੂਗੋਲਿਕ ਪੱਖੋਂ ਦਿਲਕਸ਼ ਅਤੇ ਵੰਨ-ਸੁਵੰਨਾ ਕੁਦਰਤੀ ਸੁਹੱਪਣ ਹੋਣ ਕਰਕੇ ਇਸ ਸੰਭਾਵਨਾ ਨੂੰ ਨਾਗਰਿਕਾਂ ਲਈ ਖੋਲ੍ਹਣ ਦੀ ਕਲਪਨਾ ਕੀਤੀ ਗਈ ਹੈ ਜੋ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਵਿੱਚ ਵੀ ਮਦਦ ਕਰੇਗਾ। ਇਸ ਨਾਲ ਨਾ ਸਿਰਫ਼ ਕੁਦਰਤੀ ਵਿਰਾਸਤ ਨੂੰ ਸੰਭਾਲਿਆ ਜਾ ਸਕੇਗਾ, ਸਗੋਂ ਸਥਾਨਕ ਭਾਈਚਾਰੇ ਲਈ ਰੋਜ਼ਗਾਰ ਦੇ ਮੌਕੇ ਵੀ ਸਿਰਜੇ ਜਾ ਸਕਣਗੇ। 
ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਪੰਜਾਬ ਸਰਕਾਰ ਸਥਾਈ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਪਹਿਲਕਦਮੀ ਨਾਲ ਮਜ਼ਬੂਤ ਆਰਥਿਕ ਆਧਾਰ ਵਿਕਸਤ ਕਰਨ ਦਾ ਇਰਾਦਾ ਰੱਖਦੀ ਹੈ। ਉਨ੍ਹਾਂ ਕਿਹਾ, “ਪੰਜਾਬ ਦੇ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸੈਰ-ਸਪਾਟਾ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਅਤੇ ਸੂਬੇ ਭਰ ਵਿੱਚ ਵੱਖ-ਵੱਖ ਸੈਰ-ਸਪਾਟਾ ਪ੍ਰਾਜੈਕਟਾਂ ਦੀ ਪਛਾਣ ਕਰਨ ਅਤੇ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ, ਸਰਕਾਰ ਨੇ ਇਹ ਨਿਵੇਸ਼ਕ ਸੰਮੇਲਨ ਕਰਵਾਇਆ ਹੈ।”
ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਅਨਿਰੁੱਧ ਤਿਵਾੜੀ ਨੇ ਉਨ੍ਹਾਂ ਨੂੰ ਸੂਬੇ ਦੁਆਰਾ ਅਪਣਾਈ ਗਈ ‘ਈਜ਼ ਆਫ਼ ਡੂਇੰਗ ਬਿਜ਼ਨਸ’ ਨੀਤੀ ਬਾਰੇ ਵੀ ਜਾਣੂ ਕਰਵਾਇਆ ਜੋ ਨਿਵੇਸ਼ਕਾਂ ਨੂੰ ਇੱਕੋ ਥਾਂ ‘ਤੇ ਮੁਸ਼ਕਲ ਰਹਿਤ ਮਨਜ਼ੂਰੀਆਂ ਪ੍ਰਦਾਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਨਿਵੇਸ਼ ਲਈ ਹੋਰ ਰਿਆਇਤਾਂ ਪ੍ਰਦਾਨ ਕਰਦੀ ਹੈ।
ਇਸ ਸੰਮੇਲਨ ਵਿੱਚ ਸੈਰ-ਸਪਾਟਾ ਖੇਤਰ ਦੀਆਂ ਨਾਮਵਰ ਸੰਸਥਾਵਾਂ ਜਿਨ੍ਹਾਂ ਵਿੱਚ ਆਈਟੀਸੀ ਹਾਸਪਿਟੈਲਿਟੀ, ਤਾਜ, ਮਹਿੰਦਰਾ ਹੋਲੀਡੇਜ਼, ਮੈਰੀਅਟ, ਹਯਾਤ, ਪਾਰਕ, ਸੀਜੀਐਚ ਅਰਥ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਹਿੱਸਾ ਲਿਆ।
ਸੈਰ ਸਪਾਟਾ ਖੇਤਰ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸੂਬੇ ਵਿੱਚ ‘ਰਿਸਪਾਂਸੀਬਲ ਟੂਰਿਜ਼ਮ’ ਨੂੰ ਸਰਗਰਮੀ ਨਾਲ ਸਮਰਥਨ ਦੇ ਕੇ ਵਾਤਾਵਰਣ ਸਬੰਧੀ ਸੰਵੇਦਨਸ਼ੀਲ ਸੈਰ-ਸਪਾਟਾ ਸਥਾਨਾਂ ਨੂੰ ਵਿਕਸਤ ਕਰਨਾ ਹੈ। ਰਣਜੀਤ ਸਾਗਰ ਝੀਲ ਦੀ ਸ਼ਾਨਦਾਰ ਸੁੰਦਰਤਾ ਸੈਰ-ਸਪਾਟੇ ਅਤੇ ਈਕੋ-ਰਿਜ਼ੋਰਟ, ਐਡਵੈਂਚਰ  ਤੇ ਵਾਟਰ ਸਪੋਰਟਸ ਅਤੇ ਹੋਰ ਗਤੀਵਿਧੀਆਂ ਲਈ ਅਪਾਰ ਸੰਭਾਵਨਾਵਾਂ ਰੱਖਦੀ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋਵੇਗੀ।
ਇਸ ਮੌਕੇ ਸੈਰ ਸਪਾਟਾ ਮੰਤਰਾਲੇ (ਭਾਰਤ ਸਰਕਾਰ) ਦੇ ਵਧੀਕ ਸਕੱਤਰ  ਰਾਕੇਸ਼ ਕੁਮਾਰ ਵਰਮਾ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ  ਅਜੇ ਕੁਮਾਰ ਸਿਨਹਾ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੇ ਮੈਨੇਜਿੰਗ ਡਾਇਰੈਕਟਰ ਮੁਹੰਮਦ ਤਇਅਬ, ਪੀ.ਆਈ.ਡੀ.ਬੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਯਸ਼ਨਜੀਤ ਸਿੰਘ, ਇਨਵੈਸਟ ਪੰਜਾਬ ਦੇ ਵਧੀਕ ਸੀ.ਈ.ਓ  ਉਮਾ ਸ਼ੰਕਰ ਗੁਪਤਾ ਅਤੇ ਸੈਰ ਸਪਾਟਾ ਪੰਜਾਬ ਵਿਭਾਗ ਦੇ ਸਲਾਹਕਾਰ ਸ਼ਿਵਦੁਲਾਰ ਸਿੰਘ ਢਿੱਲੋਂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!