May 12, 2021

ਕਿਸਾਨਾਂ ਦੇ ਅੰਦੋਲਨ ਵਿੱਚ ਨਿੱਤਰੀਆਂ ਮੁਲਾਜ਼ਮ ਜੱਥੇਬੰਦੀਆਂ

ਕਿਸਾਨਾਂ ਦੇ ਅੰਦੋਲਨ ਵਿੱਚ ਨਿੱਤਰੀਆਂ ਮੁਲਾਜ਼ਮ ਜੱਥੇਬੰਦੀਆਂ

ਪੰਜਾਬ ਸਕੱਤਰੇਤ ਵਿੱਚ ਰੈਲੀ ਕਰਕੇ ਮੁਲਾਜ਼ਮਾਂ ਨੇ ਕੀਤੀ ਕਿਸਾਨਾ ਦੀ ਹਮਾਇਤ

ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਵਿੱਚ ਸੇਵਾ ਕਰਨ ਦਾ ਐਲਾਨ

ਚੰਡੀਗੜ੍ਹ 2 ਦਸੰਬਰ (   )  :   ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀਆਂ ਵੱਲੋਂ ਅੱਜ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਸਿਵਲ ਸਕੱਤਰੇਤ, ਵਿਖੇ ਦੁਪਹਿਰ ਇੱਕ ਰੈਲੀ ਕੀਤੀ ਗਈ ।  ਇਸ ਰੈਲੀ ਵਿੱਚ ਮੁਲਾਜ਼ਮਾਂ ਵੱਲੋਂ ਕਿਸਾਨਾਂ ਦੇ ਅਦੋਲਨ ਵਿੱਚ ਹਿੱਸਾ ਲੈਣ ਲਈ ਮਤੇ ਪਾਸ ਕੀਤੇ ਗਏ।  ਇਸੇ ਲੜੀ ਵਿੱਚ ਪੰਜਾਬ ਸਿਵਲ ਸਕੱਤਰੇਤ ਨਿੱਜੀ ਸਟਾਫ ਐਸੋਸੀਏਸ਼ਨ ਵੱਲੋਂ 5000/- ਰੁਪਏ ਦਾ ਯੋਗਦਾਨ ਕੀਤਾ।  ਇਸੇ ਤਰ੍ਹਾਂ ਪੰਜਾਬ ਸਿਵਲ ਸਕੱਤਰੇਤ ਆਫਿਸਰਜ਼ ਐਸੋਸੀਏਸ਼ਨ ਵੱਲੋਂ ਵੀ 5000/- ਦੀ ਸੇਵਾ ਕਰਦਿਆਂ  ਇਸ ਮਹਾਨ ਇਤਿਹਾਸਿਕ ਲੜਾਈ ਦਾ ਸਮਰਥਨ ਕੀਤਾ।  ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਵਿੱਤ ਤੇ ਯੋਜਨਾ ਭਵਨ ਦੇ ਮੁਲਾਜ਼ਮਾਂ ਦੀ ਜੱਥੇਬੰਦੀਆਂ ਨੇ ਵੀ 5000-5000 ਰੁਪਏ ਸੇਵਾ ਦੇਣ ਦਾ ਐਲਾਨ ਕੀਤਾ।  ਮੁਲਾਜ਼ਮਾਂ ਨੇ ਸਰਵ ਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਉਹ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ਼ ਵਿੱਚ ਜਾਕੇ ਪਾਣੀ, ਦਵਾਈਆਂ ਜਾਂ ਹੋਰ ਲੋੜ ਵਾਲੀ ਵਸਤੂਆਂ ਕਿਸਾਨਾਂ ਨੂੰ ਮੁਹੱਈਆਂ ਕਰਾਉਣਗੇ।  ਮੁਲਾਜ਼ਮਾਂ ਆਗੂਆਂ ਨੇ ਕਿਹਾ ਕਿ ਕਿਸਾਨ ਸਾਡੇ ਸਮਾਜ ਦਾ ਮੂਲ ਹਨ ਅਤੇ ਕਿਸਾਨ ਬਿਨਾਂ ਸਮਾਜ ਦੇ ਕਿਸੇ ਵਰਗ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।  ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਉਤਪਾਦਾਂ ਦਾ ਨਿੱਜੀਕਰਨ ਹੁੰਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਖਾਮਿਆਜ਼ਾ ਮੁਲਾਜ਼ਮ ਵਰਗ ਨੂੰ ਚੁੱਕਣਾ ਪਵੇਗਾ ਕਿਉਂਕਿ ਪਿਛਲੇ 4-5 ਸਾਲਾਂ ਤੋਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਹੋਇਆ ਹੈ।   ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨ ਦੇ ਦਿੱਤੇ ਗਏ ਬਿਆਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਅੰਦੋਲਨ ਦੇਸ਼ ਦੇ ਹਰ ਕਿਸਾਨ ਅਤੇ ਹਰ ਆਮ ਨਾਗਰਿਕ ਦਾ ਹੈ ਅਤੇ ਇਸ ਨੂੰ ਕਿਸੇ ਧਰਮ ਨਾਲ ਜੋੜਕੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।  ਇਸ ਸੰਘਰਸ਼ ਵਿੱਚ ਹਰ ਧਰਮ ਅਤੇ ਵਰਗ ਦੇ ਕਿਸਾਨ ਸ਼ਾਮਿਲ ਹਨ।  ਇਸ ਮੌਕੇ ਮੁਲਾਜ਼ਮਾਂ ਨੂੰ ਕਿਸਾਨਾਂ ਵਾਂਗ ਆਪਣੇ ਸਾਰੇ ਵਿਚਾਰਕ ਮੱਤਭੇਦ ਭੁੱਲਕੇ ਇੱਕ ਜੁੱਟ ਹੋਕੇ ਮੁਲਾਜ਼ਮ ਹਿੱਤਾਂ ਲਈ ਸੰਘਰਸ਼ ਕਰਨ ਲਈ ਬੇਨਤੀ ਕੀਤੀ।  ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਖਚੈਨ ਸਿੰਘ ਖਹਿਰਾ ਨੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦਾ ਨਵੇਂ ਸਿਰੇ ਤੋਂ ਗਠਨ ਕਰਨ ਲਈ ਮੁਲਾਜ਼ਮਾਂ ਵਿੱਚੋਂ ਆਪਸ਼ਨਾਂ ਮੰਗੀਆਂ ਗਈਆਂ। ਅੱਜ ਦੁਪਹਿਰ ਹੋਈ ਰੈਲੀ-ਕਮ-ਜਨਰਲ ਇਜਲਾਸ ਵਿੱਚ ਜਿੱਥੇ ਮੁਲਾਜ਼ਮਾਂ ਦੀਆਂ ਲੰਬਿਤ ਪਈਆਂ ਮੰਗਾਂ ਸਬੰਧੀ ਗੱਲ ਬਾਤ ਕੀਤੀ ਗਈ ਉੱਥੇ ਹੀ ਦਿੱਲੀ ਵਿਖੇ ਹੋ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਸੇਧ ਲੈਣ ਲਈ ਮੁਲਾਜ਼ਮਾਂ ਨੂੰ ਪ੍ਰੇਰਿਤ ਕੀਤਾ ਗਿਆ।  ਪੰਜਾਬ  ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਕਿ ਉਹ ਸਾਂਝਾ ਮੁਲਾਜ਼ਮ ਮੰਚ ਅਤੇ ਹੋਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾ ਦੀ ਸੇਵਾ ਕੀਤੀ ਜਾਵੇਗੀ।  ਆਗੂਆਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਮੁਲਾਜ਼ਮ ਜੱਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਤੋਂ ਵੀ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ ਜਿਸ ਕਰਕੇ ਆਉਣ  ਵਾਲਾ ਸਮਾਂ ਮੁਲਾਜ਼ਮਾਂ ਲਈ  ਬਹੁਤ ਹੀ ਮਾੜਾ ਹੋ ਸਕਦਾ ਹੈ।  ਅਜਿਹੀ ਸਥਿਤੀ ਵਿੱਚ ਜੇਕਰ ਇੱਕਮੁੱਠ ਹੋਕੇ ਸੰਘਰਸ਼ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਖਾਲੀ ਖਜਾਨੇ ਦੀ ਦੁਹਾਈ ਦੇ ਕੇ ਸਰਕਾਰ ਵੱਲੋਂ ਕੇਵਲ ਮੁਲਾਜ਼ਮ ਵਰਗ ਦਾ ਢਿੱਡ ਵੱਢਿਆ ਜਾ  ਰਿਹਾ ਹੈ ਜਦਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡੀਆ ਵਿੱਤੀ ਰਿਆਇਤਾਂ ਦੇ ਕੇ ਖਜਾਨਾ ਲੁਟਾਇਆ ਜਾ ਰਿਹਾ ਹੈ। ਇਸ ਇਜਲਾਸ ਵਿੱਚ  ਨਿੱਜੀ ਸਟਾਫ ਐਸੋਸੀਏਸ਼ਨ ਤੋਂ ਮਲਕੀਤ ਸਿੰਘ ਔਜਲਾ, ਰਾਜੇਸ਼ ਰਾਣੀ, ਜਸਵੀਰ ਕੌਰ, ਸੁਦੇਸ਼ ਕੁਮਾਰੀ, ਆਫਿਸਰਜ਼ ਸਟਾਫ ਐਸੋਸੀਏਸ਼ਨ ਤੋਂ ਗੁਰਿੰਦਰ ਸਿੰਘ ਭਾਟੀਆ, ਭੀਮ ਸੇਨ ਗਰਗ, ਪੁਰਸ਼ੋਤਮ ਕੁਮਾਰ, ਦਰਜਾ-4 ਕਮਚਾਰੀਆਂ ਦੇ ਪ੍ਰਧਾਨ ਬਲਰਾਜ ਸਿੰਘਾ ਦਾਊਂ, ਪ੍ਰਾਹੁਣਚਾਰੀ ਵਿਭਾਗ ਦੇ ਪ੍ਰਧਾਨ ਮਹੇਸ਼ ਚੰਦਰ, ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਜਸਪ੍ਰੀਤ ਸਿੰਘ ਰੰਧਾਵਾ, ਪਰਮਦੀਪ ਸਿੰਘ ਭਬਾਤ, ਮਨਜਿੰਦਰ ਕੌਰ ਮਹਿਲਾ ਪ੍ਰਧਾਨ, ਸੁਸ਼ੀਲ ਕੁਮਾਰ,  ਮਨਜੀਤ ਸਿੰਘ, ਪ੍ਰਵੀਨ ਕੁਮਾਰ,  ਨੇ ਭਾਗ ਲਿਆ।