COMMITTEE TO PROVIDE CUSTOMISED POLICY INPUTS FOR A STRUCTURED AND TRANSPARENT REAL ESTATE ECOSYSTEM: HARDEEP SINGH MUNDIAN
ਜਾਨੀ ਨੁਕਸਾਨ ਦੀ ਕੋਈ ਹੋਰ ਰਿਪੋਰਟ ਨਹੀਂ ਅਤੇ ਨਾ ਹੀ ਹੋਰ ਫ਼ਸਲੀ ਖੇਤਰ ਹੋਇਆ ਪ੍ਰਭਾਵਿਤ: ਹਰਦੀਪ ਸਿੰਘ ਮੁੰਡੀਆਂ
ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕ ਆਪਣੇ ਘਰਾਂ ਨੂੰ ਪਰਤਣ ਲੱਗੇ
ਚੰਡੀਗੜ੍ਹ, 12 ਸਤੰਬਰ:
ਮੀਂਹ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਘਟਣ ਨਾਲ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਹੜ੍ਹ ਬਾਰੇ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਹੋਰ ਫ਼ਸਲੀ ਖੇਤਰ ਪ੍ਰਭਾਵਿਤ ਹੋਇਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕ ਲਗਾਤਾਰ ਆਪਣੇ ਘਰਾਂ ਨੂੰ ਪਰਤ ਰਹੇ ਹਨ, ਜਿਸ ਦੇ ਨਤੀਜੇ ਵਜੋਂ ਕੈਂਪਾਂ ਦੀ ਗਿਣਤੀ 11 ਸਤੰਬਰ ਨੂੰ 111 ਤੋਂ ਘਟਾ ਕੇ 12 ਸਤੰਬਰ ਨੂੰ 100 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਰਾਹਤ ਕੈਂਪਾਂ ਵਿੱਚੋਂ 460 ਵਿਅਕਤੀ ਆਪਣੇ ਘਰਾਂ ਨੂੰ ਪਰਤੇ ਹਨ ਜਿਸ ਤੋਂ ਸਾਫ਼ ਹੈ ਕਿ ਪਰਿਵਾਰਾਂ ਦੇ ਆਪਣੇ ਘਰਾਂ ਨੂੰ ਜਾਣ ਨਾਲ ਹੌਲੀ-ਹੌਲੀ ਸਥਿਤੀ ਆਮ ਵੱਲ ਵਧਣੀ ਸ਼ੁਰੂ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢੇ ਗਏ ਵਿਅਕਤੀਆਂ ਦੀ ਗਿਣਤੀ ਹੁਣ 23,340 ਹੋ ਗਈ ਹੈ। ਇਸ ਸਮੇਂ 4125 ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ ਜਦੋਂ ਕਿ ਇੱਕ ਦਿਨ ਪਹਿਲਾਂ ਇਹ ਗਿਣਤੀ 4585 ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਈ ਹੋਰ ਫ਼ਸਲੀ ਖੇਤਰ ਪ੍ਰਭਾਵਿਤ ਹੋਣ ਦੀ ਰਿਪੋਰਟ ਨਹੀਂ ਹੈ ਅਤੇ ਪ੍ਰਭਾਵਿਤ ਫ਼ਸਲੀ ਖੇਤਰ ਕੱਲ੍ਹ ਜਿੰਨਾ ਯਾਨੀ 192380 ਹੈਕਟੇਅਰ ਰਿਕਾਰਡ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜਲੰਧਰ ਤੋਂ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਜਦਕਿ ਪਠਾਨਕੋਟ ਤੋਂ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ।
ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਹੋਰ ਪਿੰਡ ਪ੍ਰਭਾਵਿਤ ਹੋਣ ਦੀ ਰਿਪੋਰਟ ਹੈ, ਜਿਸ ਨਾਲ 22 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਦੀ ਗਿਣਤੀ ਕੁੱਲ 2319 ਹੋ ਗਈ ਹੈ, ਜਦਕਿ ਪ੍ਰਭਾਵਿਤ ਆਬਾਦੀ 3,89,036 ਤੱਕ ਪਹੁੰਚ ਗਈ ਹੈ।
ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ, ਜਿਸ ਵਿੱਚ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਅਤੇ ਬੀ.ਐਸ.ਐਫ. ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਵੇਂ-ਜਿਵੇਂ ਪਾਣੀ ਹੋਰ ਘਟਦਾ ਜਾਵੇਗਾ, ਆਉਣ ਵਾਲੇ ਦਿਨਾਂ ਵਿੱਚ ਪਸ਼ੂਆਂ ਅਤੇ ਬੁਨਿਆਦੀ ਢਾਂਚੇ ਦੇ ਅਸਲ ਨੁਕਸਾਨ ਦਾ ਪਤਾ ਲਗਾਇਆ ਜਾਵੇਗਾ।
