ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਾਈਕਰੋਸਾਫਟ ਦੇ ਬਹੁ-ਪੱਖੀ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਾਈਕਰੋਸਾਫਟ ਦੇ ਬਹੁ-ਪੱਖੀ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ
ਚੰਡੀਗੜ੍ਹ, 11 ਮਈ:
ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦੇ ਡਾਇਰੈਕਟਰ ਜਨਰਲ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਪੰਜਾਬ ਵਿੱਚ 10,000 ਮਹਿਲਾਵਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਿਖਲਾਈ ਦੇਣ ਲਈ ਮਾਈਕਰੋਸਾਫਟ ਦੇ ਬਹੁ-ਪੱਖੀ ਹੁਨਰ ਵਿਕਾਸ ਪ੍ਰੋਗਰਾਮ ਦੀ ਵਰਚੂਆਲ ਤੌਰ ਉੱਤੇ ਸ਼ੁਰੂਆਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਉੱਪਲ ਨੇ ਕਿਹਾ ਕਿ ਇਹ 70 ਘੰਟੇ ਦਾ ਪ੍ਰੋਗਰਾਮ 16-35 ਸਾਲ ਦੀ ਉਮਰ ਵਰਗ ਦੀਆਂ ਮਹਿਲਾਵਾਂ ਅਤੇ ਦਿਵਆਂਗ ਉਮੀਦਵਾਰਾਂ ਨੂੰ ਰੁਜ਼ਗਾਰ, ਨੈਨੋ ਉੱਦਮਤਾ, ਡਿਜੀਟਲ ਸਾਖਰਤਾ ਅਤੇ ਸੰਚਾਰ ਹੁਨਰ (18 ਘੰਟੇ ਪ੍ਰਤੀ ਮਾਡਿਊਲ) ਵਿੱਚ ਸਿਖਲਾਈ ਪ੍ਰਦਾਨ ਕਰੇਗਾ।
ਇਹ ਸੈਸ਼ਨ 4 ਹਫ਼ਤਿਆਂ ਵਿੱਚ, ਹਫ਼ਤੇ ਵਿੱਚ 6 ਦਿਨ ਕਰਵਾਏ ਜਾਣਗੇ। ਉਮੀਦਵਾਰਾਂ ਦੀ ਬਿਹਤਰ ਸਮਝ ਲਈ, ਇਹ ਪ੍ਰੋਗਰਾਮ ਪੰਜਾਬੀ ਵਿੱਚ ਕਰਵਾਇਆ ਜਾਵੇਗਾ। ਉਮੀਦਵਾਰ ਰਿਕਾਰਡ ਕੀਤੇ ਸੈਸ਼ਨਾਂ ਨੂੰ ਵੀ ਦੇਖ ਸਕਦੇ ਹਨ ਅਤੇ ਬਾਅਦ ਵਿੱਚ ਲੋੜ ਅਨੁਸਾਰ ਆਪਣੀ ਸਮਰਥਾ ਵਿੱਚ ਵਾਧਾ ਕਰ ਸਕਦੇ ਹਨ।
ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮਾਈਕ੍ਰੋਸਾਫਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਇਹ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ ਜੋ ਕਿ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ੀ-ਰੋਟੀ ਦੇ ਮੌਕਿਆਂ ਵਿੱਚ ਵਾਧਾ ਕਰੇਗੀ ਅਤੇ ਉਨ੍ਹਾਂ ਨੂੰ ਤਕਨੀਕੀ ਹੁਨਰ ਅਤੇ ਗਿਆਨ ਦੀ ਸਿਖਲਾਈ ਦਵੇਗੀ।
ਉਮੀਦਵਾਰਾਂ ਤੋਂ ਜਾਣੂ ਕਰਵਾਉਂਦਿਆਂ ਸ੍ਰੀਮਤੀ ਉੱਪਲ ਨੇ ਕਿਹਾ ਕਿ ਸਿਖਲਾਈ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੂੰ ਇੰਟਰਨਸ਼ਿਪ ਦਾ ਮੌਕਾ ਦਿੱਤਾ ਜਾਵੇਗਾ ਅਤੇ ਮਾਈਕ੍ਰੋਸਾਫਟ ਉਨ੍ਹਾਂ ਨੂੰ ਰੋਜ਼ਗਾਰ ਦੇ ਉੱਚਿਤ ਮੌਕੇ ਪ੍ਰਦਾਨ ਕਰੇਗਾ। ਸਾਰੇ ਮੌਡਿਊਲਾਂ ਨੂੰ ਪੂਰਾ ਕਰਨ ਵਾਲੇ ਅਤੇ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਉਮੀਦਵਾਰਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਉਹਨਾਂ ਨੂੰ ਮਾਈਕ੍ਰੋਸਾਫਟ ਵੱਲੋਂ ਚਲਾਏ ਜਾਣ ਵਾਲੇ ਹੋਰ ਹੁਨਰ ਅਤੇ ਰੋਜ਼ਗਾਰ ਪ੍ਰੋਗਰਾਮਾਂ ਵਿੱਚ ਏਕੀਕ੍ਰਿਤ ਕੀਤਾ ਜਾਵੇਗਾ। ਉਹ ਡਿਜੀਟਲ ਨੌਕਰੀਆਂ ਨਾਲ ਸਬੰਧਤ ਸੀਨੀਅਰ ਲੀਡਰਸ਼ਿਪ ਵਾਰਤਾਵਾਂ ਅਤੇ ਟੈਕਨਾਲੋਜੀ ਇਵੈਂਟਸ ਦਾ ਅਨੁਭਵ ਵੀ ਪ੍ਰਾਪਤ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟਾਂ ਰਾਹੀਂ ਉਮੀਦਵਾਰਾਂ ਨੂੰ ਲਾਮਬੰਦ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਨੂੰ ਪੰਜਾਬ ਦੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਕਿਉਂਕਿ ਇਸ ਪ੍ਰੋਗਰਾਮ ਲਈ 10,611 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ।
ਰਾਸ਼ਟਰੀ ਪ੍ਰੋਗਰਾਮ ਕੋਆਰਡੀਨੇਟਰ ਮਾਈਕ੍ਰੋਸਾਫਟ ਇੰਡੀਆ ਫਾਰ ਸੀ.ਐੱਸ.ਆਰ.- ਫਿਲੈਂਥਰੋਪੀਜ਼ ਸ੍ਰੀ ਕਿਸ਼ੋਰ ਕੁਮਾਰ ਥੰਗਾਵੇਲੂ ਨੇ ਦੱਸਿਆ ਕਿ ਮਾਈਕ੍ਰੋਸਾਫਟ; ਆਪਣੇ ਸੀਐਸਆਰ ਪ੍ਰੋਜੈਕਟਾਂ ਰਾਹੀਂ ਦੇਸ਼ ਦੇ ਬੇਰੋਜ਼ਗਾਰ ਨੌਜਵਾਨਾਂ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਇੰਫੀਸਪਾਰਕ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ ਜੋ ਕਿ ਮਾਈਕ੍ਰੋਸਾਫਟ ਦਾ ਗਲੋਬਲ ਟਰੇਨਿੰਗ ਪਾਰਟਨਰ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਤੋਂ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ ਅਤੇ ਉਹ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਰਗਰਮ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨਗੇ।
ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਟੇਟ ਐਂਗੇਜਮੈਂਟ ਅਫਸਰ ਰਜਤ ਭਟਨਾਗਰ ਨੇ ਕਿਹਾ ਕਿ ਐਨਐਸਡੀਸੀ ਸੂਬਾ ਸਰਕਾਰ ਨਾਲ ਅਜਿਹੀਆਂ ਪਹਿਲਕਦਮੀਆਂ ਲਈ ਸਮਰਥਨ ਅਤੇ ਤਾਲਮੇਲ ਲਈ ਹਮੇਸ਼ਾ ਤਿਆਰ ਹੈ।
ਇਸ ਸਮਾਗਮ ਵਿੱਚ ਉਮੀਦਵਾਰਾਂ, ਟ੍ਰੇਨਿੰਗ ਪਾਰਟਨਰ, ਜ਼ਿਲ੍ਹਾ ਪ੍ਰੋਗਰਾਮ ਪ੍ਰਬੰਧਨ ਯੂਨਿਟ, ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਸਿਖਲਾਈ ਭਾਗੀਦਾਰਾਂ ਨੇ ਵੀ ਸ਼ਿਰਕਤ ਕੀਤੀ