Punjab
ਮਾਲ ਵਿਭਾਗ ਵੱਲੋਂ ਜਮ੍ਹਾਂਬੰਦੀਆਂ ਦੀਆਂ ਫਰਦਾਂ ਘਰ ਵਿੱਚ ਹੀ ਮੁਹੱਈਆ ਕਰਵਾਉਣ ਦੀ ਦਿੱਤੀ ਜਾਵੇਗੀ ਸਹੂਲਤ
ਚੰਡੀਗੜ੍ਹ, 15 ਜੂਨ:
ਜਮ੍ਹਾਂਬੰਦੀਆਂ (ਫਰਦਾਂ) ਦੀਆਂ ਪ੍ਰਮਾਣਿਤ ਕਾਪੀਆਂ ਜੋ ਹੁਣ ਤੱਕ ਸੂਬੇ ਵਿਚ 172 ਫਰਦ ਕੇਂਦਰਾਂ ਅਤੇ 516 ਸੇਵਾ ਕੇਂਦਰਾਂ ਰਾਹੀਂ ਜਨਤਾ ਨੂੰ ਕਾਊਂਟਰਾਂ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਹੁਣ ਉਨ੍ਹਾਂ ਨੂੰ ਆਪਣੇ ਘਰਾਂ ‘ਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਮੁੱਖ ਸਕੱਤਰ (ਏ.ਸੀ.ਐੱਸ.) ਮਾਲ ਰਵਨੀਤ ਕੌਰ ਨੇ ਦੱਸਿਆ ਕਿ ਆਪਣੀ ਜਾਇਦਾਦ ਦੀ ਜਮ੍ਹਾਂਬੰਦੀ ਦੀ ਪ੍ਰਮਾਣਤ ਕਾਪੀ ਪ੍ਰਾਪਤ ਕਰਨ ਦੇ ਚਾਹਵਾਨ ਵਿਅਕਤੀ ਨੂੰ ਸਿਰਫ਼ ਆਨਲਾਈਨ ਅਪਲਾਈ ਕਰਨਾ ਅਤੇ ਲੋੜੀਂਦੀ ਫੀਸ ਅਦਾ ਕਰਨੀ ਪਵੇਗੀ ਅਤੇ ਇਹ ਫਰਦਾਂ ਕੰਮਕਾਜ ਵਾਲੇ 3-4 ਦਿਨਾਂ ਦੇ ਅੰਦਰ ਅੰਦਰ ਉਸ ਦੇ ਪਤੇ ‘ਤੇ ਸਪੀਡ ਪੋਸਟ / ਰਜਿਸਟਰਡ ਪੋਸਟ ਰਾਹੀਂ ਪਹੁੰਚਾ ਦਿੱਤੀਆਂ ਜਾਣਗੀਆਂ। ਲੋਕਾਂ ਨੂੰ ਇਹ ਸੇਵਾ ਮੁਹੱਈਆ ਕਰਵਾਉਣ ਲਈ ਪੰਜਾਬ ਮਾਲ ਵਿਭਾਗ ਵੱਲੋਂ ਡਾਕ ਵਿਭਾਗ, ਚੰਡੀਗੜ੍ਹ ਡਵੀਜ਼ਨ ਨਾਲ ਇਕਰਾਰਨਾਮਾ ਕੀਤਾ ਗਿਆ ਹੈ।
ਏ.ਸੀ.ਐੱਸ. ਮਾਲ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ ਕਿਉਂਕਿ ਉਹਨਾਂ ਨੂੰ ਅਰਜੀ ਜਮ੍ਹਾਂ ਕਰਵਾਉਣ ਜਾਂ ਫੀਸਾਂ ਅਦਾ ਕਰਨ ਅਤੇ ਫਰਦ ਲੈਣ ਲਈ ਕਈ ਕਾਊਂਟਰਾਂ ‘ਤੇ ਕਤਾਰ ਵਿੱਚ ਖੜ੍ਹਨਾ ਪੈਂਦਾ ਸੀ। ਇਸ ਤੋਂ ਇਲਾਵਾ, ਮਹਾਂਮਾਰੀ ਸਮੇਂ ਦੌਰਾਨ ਜਦੋਂ ਲੋਕਾਂ ਦੇ ਇੱਕਠ ਨੂੰ ਘਟਾਉਣ ਦੀ ਜ਼ਰੂਰਤ ਹੈ, ਇਹ ਸੇਵਾ ਬਹੁਤ ਲਾਹੇਵੰਦ ਸਾਬਤ ਹੋਵੇਗੀ।
ਬਿਨੈਕਾਰ ਆਨਲਾਈਨ ਲੈਂਡ ਰਿਕਾਰਡ ਸਬੰਧੀ ਵੇਰਵੇ ਵੈਬਸਾਈਟ https://jamabandi.punab.gov.in ‘ਤੇ ਵੇਖ ਸਕਦੇ ਹਨ, ਖੁਦ ਵੈਬਸਾਈਟ ‘ਤੇ ਆਨਲਾਈਨ ਬਿਨੈ ਪੱਤਰ ਜਮ੍ਹਾਂ ਕਰਾਉਣ ਅਤੇ ਕੋਰੀਅਰ/ ਰਜਿਸਟਰਡ ਪੋਸਟ ਰਾਹੀਂ ਪੰਜਾਬ ਵਿੱਚ ਡਿਲੀਵਰੀ ਲਈ 100 ਰੁਪਏ, ਦੇਸ਼ ਦੇ ਦੂਸਰੇ ਰਾਜਾਂ ਵਿਚ ਡਿਲੀਵਰੀ ਲਈ 200 ਰੁਪਏ ਅਤੇ ਈਮੇਲ ਰਾਹੀਂ ਫਰਦ ਲੈਣ ਲਈ ਪ੍ਰਤੀ ਫਰਦ 50 ਰੁਪਏ ਫੀਸ ਦੀ ਅਦਾਇਗੀ ਕਰਨੀ ਹੋਵੇਗੀ।
ਲੋੜੀਂਦੀ ਫੀਸ ਜਮ੍ਹਾਂ ਕਰਵਾਉਣ ਉਪਰੰਤ ਬਿਨੈਕਾਰ ਜਮ੍ਹਾਂਬੰਦੀ ਦੀ ਕਾਪੀ (ਫਰਦ) ਡਾਕ/ਈ-ਮੇਲ ਰਾਹੀਂ ਜਾਂ ਉਸ ਦੇ ਘਰ ਹੀ ਪ੍ਰਾਪਤ ਕਰ ਸਕਦਾ ਹੈ।
ਸਰਕਾਰੀ ਫੀਸ ਦੇ ਨਾਲ ਸਰਵਿਸ ਚਾਰਜ ਅਤੇ ਪੀ.ਐਲ.ਆਰ.ਐੱਸ. ਸਹੂਲਤ ਖਰਚੇ ਆਨਲਾਈਨ ਪੇਮੈਂਟ ਗੇਟਵੇ ਰਾਹੀਂ ਜਮ੍ਹਾਂ ਕਰਨੇ ਹੋਣਗੇ।
ਅਰਜੀ ਦੀ ਪ੍ਰਕਿਰਿਆ ਹਰ ਪੜਾਅ ‘ਤੇ ਐਸਐਮਐਸ ਰਾਹੀਂ ਬਿਨੈਕਾਰਾਂ ਨੂੰ ਭੇਜੀ ਜਾਵੇਗੀ। ਇਸ ਦੇ ਨਾਲ ਹੀ ਉਹ ਬਿਨੈਪੱਤਰ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਵਿਭਾਗ ਦੀ ਇਹ ਪਹਿਲ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਵੇਗੀ।