ਸੰਵਿਧਾਨ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੌਕ ਵਿਧਾਨ ਸਭਾ ਸੈਸ਼ਨ ਕਰਵਾਇਆ
ਸ੍ਰੀ ਅਨੰਦਪੁਰ ਸਾਹਿਬ/ ਚੰਡੀਗੜ੍ਹ ,26 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਸੰਵਿਧਾਨ ਦਿਵਸ ਦੇ ਮੌਕੇ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਮੌਕੇ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੌਕ ਵਿਦਿਆਰਥੀ ਵਿਧਾਨ ਸਭਾ ਦਾ ਮੌਕ ਸੈਸ਼ਨ ਕਰਵਾਇਆ ਗਿਆ।
ਇਸ ਸਮਾਗਮ ਦੀ ਸ਼ੁਰੂਆਤ ਸਕੱਤਰ ਪੰਜਾਬ ਵਿਧਾਨ ਸ੍ਰੀ ਰਾਮਲੋਕ ਖਟਾਣਾ ਵਲੋਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੀ ਇਜਾਜ਼ਤ ਨਾਲ ਸ਼ੁਰੂਆਤੀ ਸਮਾਗਮ ਆਰੰਭ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਪੀਕਰ ਵਿਧਾਨ ਸਭਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸੰਵਿਧਾਨ ਦਿਵਸ ਦੀ ਮਹੱਤਤਾ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ।
ਇਸ ਮੌਕੇ ਪੰਜਾਬ ਦੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਭਾਰਤ ਦੇਸ਼ ਦਾ ਸੰਵਿਧਾਨ ਸਾਨੂੰ ਜਿਥੇ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਜਿਊਣ ਦਾ ਅਧਿਕਾਰ ਦਿੰਦਾ ਹੈ ਉਥੇ ਨਾਲ ਹੀ ਸਾਨੂੰ ਸਾਡੇ ਕਰਤੱਵਾਂ ਬਾਰੇ ਵੀ ਸੁਚੇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸੈਸ਼ਨ ਸਾਡੇ ਰਾਜ ਦੇ ਵਿਦਿਆਰਥੀਆਂ ਵਿਚ ਰਾਜਨੀਤੀ ਪ੍ਰਤੀ ਚੇਟਕ ਪੈਦਾ ਕਰੇਗੀ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਦਾ ਇਹ ਦਿਨ ਸਾਡੇ ਸਾਰਿਆਂ ਦੇ ਜੀਵਨ ਦਾ ਇਕ ਇਤਿਹਾਸਕ ਦਿਨ ਹੈ ਜਦੋਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇਸ਼ ਦੀ ਸੱਤਾ ਚਲਾਉਣ ਦੀ ਸਿਖਲਾਈ ਦੇਣ ਜਾ ਰਹੇ ਹਾਂ। ਉਨ੍ਹਾਂ ਕਿਹਾ ਰਾਜਨੀਤੀ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਛੋਹਦੀ ਹੈ। ਉਨ੍ਹਾਂ ਕਿਹਾ ਰਾਜਨੀਤੀ ਹਰ ਚੀਜ਼ ਦੀ ਕੀਮਤ ਤੈਅ ਕਰਦੀ ਹੈ ਅਤੇ ਸਾਡੇ ਜੀਵਨ ਸਬੰਧੀ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।
ਸਪੀਕਰ ਸੰਧਵਾਂ ਵੱਲੋਂ ਸਪੀਕਰ, ਡਿਪਟੀ ਸਪੀਕਰ, ਮੁੱਖ ਮੰਤਰੀ, ਕੈਬਨਿਟ ਮੰਤਰੀ ਅਤੇ ਵਿਧਾਇਕ ਬਣੇ ਸਰਕਾਰੀ ਸਕੂਲਾਂ ਦਾ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰਭਾਸ਼ਾਲੀ ਢੰਗ ਨਾਲ ਉਤਸ਼ਾਹਿਤ ਕੀਤਾ ਗਿਆ। ਸਪੀਕਰ ਨੇ ਕਿਹਾ ਕਿ ਵਿਦਿਆਰਥੀ ਭਵਿੱਖ ਦੇ ਲੀਡਰ ਹਨ ਅਤੇ ਪੰਜਾਬ ਸਰਕਾਰ ਦੀ ਇਹ ਵਿਸ਼ੇਸ਼ ਪਹਿਲਕਦਮੀ ਪੰਜਾਬ ਦੇ ਬੱਚਿਆਂ ਨੂੰ ਰਾਜ ਕਰਨ ਵਾਲੇ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਸਪੀਕਰ ਸੰਧਵਾਂ ਨੇ ਮੌਕ ਸ਼ੈਸ਼ਨ ਦੌਰਾਨ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਰਾਜਨੀਤੀ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੋਟ ਚੋਰੀ ਵਿਸ਼ੇ ‘ਤੇ ਆਰਟੀਕਲ ਲਿਖ ਕੇ ਭੇਜਣ ਲਈ ਕਿਹਾ। ਉਨ੍ਹਾਂਐਲਾਨ ਕੀਤਾ ਕਿ ਪਹਿਲੇ ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 51000, 21000 ਤੇ 11000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਅੱਜ ਦੇ ਬੱਚਿਆਂ ਨੂੰ ਕੱਲ੍ਹ ਦੇ ਨੇਤਾ ਦੱਸਦਿਆਂ ਕਿਹਾ ਕਿ 29 ਨਵੰਬਰ ਤੱਕ ਪੰਜਾਬ ਦਾ ਕਿਸੇ ਵੀ ਸਕੂਲ ਦੇ ਵਿਦਿਆਰਥੀ ਇਸ ਵਿਸ਼ੇਸ਼ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰ ਸਕਦੇ ਹਨ। ਇਸ ਮੌਕੇ ਸਪੀਕਰ ਨੇ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ।
ਭਾਵੇਂ ਇਹ ਮੌਕ ਸੈਸ਼ਨ ਸੀ ਪ੍ਰੰਤੂ ਜਿਸ ਤਰ੍ਹਾਂ ਪੰਜਾਬ ਦੇ 117 ਵਿਧਾਇਕਾਂ ਦੇ ਪ੍ਰਤੀਨਿਧਾਂ ਵਲੋਂ ਅੱਜ ਆਪਣੀ ਭੂਮਿਕਾ ਨਿਭਾਈ। ਧੂਰੀ ਦੇ ਵਿਧਾਇਕ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਤੀਨਿਧ ਸਕੂਲ ਆਫ਼ ਐਮੀਨੈਂਸ ਘਨੋਰੀ ਕਲਾ ਦੇ ਵਿਦਿਆਰਥੀ ਹਰਿਕਮਲਦੀਪ ਸਿੰਘ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਤੀਨਿਧ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਧੰਦਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ,ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਪ੍ਰਤੀਨਿਧ ਕੁਲਤਾਰ ਸਿੰਘ ਸੰਧਵਾਂ ਦੇ ਪ੍ਰਤੀਨਿਧ ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਜੈਤੋ ਦੇ ਵਿਦਿਆਰਥੀ ਜਗਮੰਦਰ ਸਿੰਘ ਨੇ ਕੀਤੀ ਜਦ ਕਿ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਪ੍ਰਤੀਨਿਧਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁੜਕੀ ਖ਼ਾਸ ਦੇ ਵਿਦਿਆਰਥੀ ਦੀਸ਼ਾਤ ਕੁਮਾਰ ਵਲੋਂ ਨਿਭਾਈ ਗਈ।
ਪੰਜਾਬ ਵਿਧਾਨ ਸਭਾ ਦੇ ਇਸ ਵਿਸ਼ੇਸ਼ ਮੌਕ ਸ਼ੈਸ਼ਨ ਦੌਰਾਨ ਹੋਏ ਪ੍ਰਸ਼ਨ ਕਾਲ ਦੌਰਾਨ ਕਾਲ 10 ਸਵਾਲ ਪੁੱਛੇ ਗਏ। ਇਨ੍ਹਾਂ ਸਵਾਲਾਂ ਦੇ ਜਵਾਬ ਜਲ ਸਰੋਤ ਮੰਤਰੀ, ਲੋਕ ਨਿਰਮਾਣ ਮੰਤਰੀ, ਜੰਗਲਾਤ ਮੰਤਰੀ, ਮੁੱਖ ਮੰਤਰੀ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ, ਟਰਾਂਸਪੋਰਟ ਮੰਤਰੀ, ਸਿੱਖਿਆ ਮੰਤਰੀ, ਸਿਹਤ ਮੰਤਰੀ, ਸਥਾਨਕ ਸਰਕਾਰਾਂ ਮੰਤਰੀ ਅਤੇ ਮਾਲ ਮੰਤਰੀ ਦਾ ਰੋਲ ਨਿਭਾ ਰਹੇ ਸਕੂਲੀ ਵਿਦਿਆਰਥੀਆਂ ਵੱਲੋਂ ਬਾਖੂਬੀ ਦਿੱਤਾ ਗਿਆ।
ਇਸ ਮੌਕ ਸ਼ੈਸ਼ਨ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਦੋ ਬਿੱਲ ‘ਦਿ ਪੰਜਾਬ ਪੰਚਾਇਤੀ ਰਾਜ (ਅਮੈਂਡਮੈਂਟ) ਬਿੱਲ 2024’ ਅਤੇ ‘ਦਿ ਪ੍ਰੀਵੈਨਸ਼ਨ ਆਫ ਕਰੂਲਟੀ ਟੂ ਐਨੀਮਲਜ਼ (ਪੰਜਾਬ ਅਮੈਂਡਮੈਂਟ) ਬਿੱਲ 2025’ ਪੇਸ਼ ਕੀਤੇ ਗਏ।
ਇਸ ਦੌਰਾਨ ਵਿਧਾਇਕ ਵਿਜੇ ਸਿੰਗਲਾ ਬਣੇ ਵਿਦਿਆਰਥੀ ਜਸਪ੍ਰੀਤ ਸਿੰਘ ਵੱਲੋਂ ਮਾਨਸਾ ਸ਼ਹਿਰ ਦੇ ਸੀਵਰੇਜ ਸਿਸਟਮ ਬਾਰੇ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਭੂਮਿਕਾ ਨਿਭਾ ਰਹੇ ਵਿਦਿਆਰਥੀ ਹੁਸਨਪ੍ਰੀਤ ਸਿੰਘ ਵੱਲੋਂ ਜਲ ਸਰੋਤ ਜ਼ਮੀਨ ਤੇ ਪਾਣੀ ਦੀ ਸੰਭਾਲ ਬਾਰੇ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਬਣੇ ਵਿਦਿਆਰਥੀ ਗੁਰਭੇਜ ਸਿੰਘ ਵੱਲੋਂ ਪੀਏਯੂ ਵੱਲੋਂ ਮੱਕੀ ਦੇ ਬੀਜ ਦੀ ਨਵੀਂ ਕਿਸਮ ਤਿਆਰ ਕਰਨ ਸਬੰਧੀ ਧਿਆਨ ਦਿਵਾਊ ਮਤੇ ਪੇਸ਼ ਕੀਤੇ ਗਏ, ਜੋ ਕਿ ਸਰਬਸੰਮਤੀ ਨਾਲ ਸਦਨ ਵੱਲੋਂ ਪਾਸ ਕੀਤੇ ਗਏ।

