Punjab

ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ 19 ਨਵੰਬਰ ਨੂੰ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਅਤੇ ਹੈਰੀਟੇਜ਼ ਸਟਰੀਟ ਦਾ ਕੀਤਾ ਜਾਵੇਗਾ ਉਦਘਾਟਨ

ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ 19 ਨਵੰਬਰ ਨੂੰ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਅਤੇ ਹੈਰੀਟੇਜ਼ ਸਟਰੀਟ ਦਾ ਕੀਤਾ ਜਾਵੇਗਾ ਉਦਘਾਟਨ
 
ਅਜਿਹੇ ਦੁਰਲੱਭ ਮੌਕੇ ਜ਼ਿੰਦਗੀ ਵਿੱਚ ਇੱਕ ਵਾਰ ਹੀ ਆਉਂਦੇ: ਚਰਨਜੀਤ ਸਿੰਘ ਚੰਨੀ
 
ਇਸ ਪਲ ਨੂੰ ਯਾਦਗਾਰੀ ਬਣਾਉਣ ਲਈ ਤਿਆਰੀਆਂ ਜ਼ੋਰਾਂ `ਤੇ
ਸ੍ਰੀ ਚਮਕੌਰ ਸਾਹਿਬ/ਚੰਡੀਗੜ੍ਹ, 14 ਨਵੰਬਰ:
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 19 ਨਵੰਬਰ ਨੂੰ `ਦਾਸਤਾਨ-ਏ-ਸ਼ਹਾਦਤ` ਥੀਮ ਪਾਰਕ ਅਤੇ ਹੈਰੀਟੇਜ ਸਟਰੀਟ ਦਾ ਉਦਘਾਟਨ ਕੀਤਾ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਅੱਜ ਨਿੱਜੀ ਤੌਰ `ਤੇ ਸਮੁੱਚੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਸੈਰ ਸਪਾਟਾ, ਟਰਾਂਸਪੋਰਟ, ਸਥਾਨਕ ਸਰਕਾਰਾਂ, ਸੂਚਨਾ ਤੇ ਲੋਕ ਸੰਪਰਕ, ਸਿਹਤ ਅਤੇ ਪੁਲੀਸ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਸਾਡੇ ਸ਼ਾਨਾਮੱਤੇ ਅਤੀਤ ਨਾਲ ਜੋੜਨ ਲਈ ਇਹ ਇਤਿਹਾਸਕ ਪ੍ਰੋਜੈਕਟ ਇੱਕ ਪੁਲ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਦੁਰਲੱਭ ਮੌਕੇ ਜੀਵਨ ਵਿੱਚ ਇੱਕ ਵਾਰ ਆਉਂਦੇ ਹਨ, ਇਸ ਲਈ ਇਨ੍ਹਾਂ ਨੂੰ ਪੂਰੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਧਾਰਮਿਕ ਆਗੂਆਂ ਅਤੇ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ ਹੈਰੀਟੇਜ ਸਟਰੀਟ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ।
ਇਸ ਮੌਕੇ ਭੂਰੜੇ ਵਾਲਾ ਚੌਕ (ਨੇੜੇ ਦਾਣਾ ਮੰਡੀ) ਤੋਂ ਗੁਰਦੁਆਰਾ ਸਾਹਿਬ ਤੱਕ ਪੂਰੇ ਧਾਰਮਿਕ ਉਤਸ਼ਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਵਿਚ ਅੱਗੇ ਗੱਤਕਾ ਪਾਰਟੀਆਂ ਅਤੇ ਘੋੜੇ ਰਵਾਇਤੀ ਸਿੱਖ ਮਾਰਸ਼ਲ ਆਰਟ ਵਿੱਚ ਆਪਣੇ ਜੌਹਰ ਵਿਖਾਉਣਗੇ। ਇਸ ਸ਼ੋਭਾ ਯਾਤਰਾ ਵਿੱਚ ਬੈਂਡ, ਨਗਾਰੇ (ਢੋਲ), ਹਾਥੀ ਅਤੇ ਘੋੜੇ ਵੀ ਸ਼ਾਮਲ ਹੋਣਗੇ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 19 ਨਵੰਬਰ ਨੂੰ ਸਵੇਰੇ 9:30 ਵਜੇ ਥੀਮ ਪਾਰਕ ਵਿਖੇ ਪਾਏ ਜਾਣਗੇ।
ਇਸ ਮੌਕੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਰਾਜਪਾਲ ਥੀਮ ਪਾਰਕ ਵਿਖੇ ਸ਼ਾਨਦਾਰ ਢੰਗ ਨਾਲ ਤਿਆਰ ਕੀਤੀਆਂ ਗੈਲਰੀਆਂ ਦਾ ਦੌਰਾ ਵੀ ਕਰਨਗੇ। ਕੁੱਲ 11 ਗੈਲਰੀਆਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਸਿੱਖ ਇਤਿਹਾਸ ਅਤੇ ਗੌਰਵਮਈ ਵਿਰਸੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਨਗੀਆਂ ਅਤੇ ਇੱਥੇ ਦੀਆਂ ਪੇਸ਼ਕਾਰੀਆਂ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਅਨੁਭਵ ਦੇਣਗੀਆਂ ਅਤੇ ਉਨ੍ਹਾਂ ਨੂੰ ਉਸ ਯੁੱਗ ਵਿੱਚ ਲੈ ਜਾਣਗੀਆਂ ਜਦੋਂ ਇਹ ਘਟਨਾਵਾਂ ਅਸਲ ਵਿੱਚ ਵਾਪਰੀਆਂ ਸਨ। ਇਸ ਮੌਕੇ ਉੱਘੇ ਸਿੱਖ ਆਗੂ ਅਤੇ ਧਾਰਮਿਕ ਸ਼ਖ਼ਸੀਅਤਾਂ ਵੀ ਹਾਜ਼ਰ ਰਹਿਣਗੀਆਂ।
ਮੁੱਖ ਮੰਤਰੀ ਨੇ ਇੱਕ ਗੈਲਰੀ ਵਿੱਚ ਸਿੱਖ ਇਤਿਹਾਸ ਬਾਰੇ ਆਡੀਓ-ਵਿਜ਼ੂਅਲ ਪੇਸ਼ਕਾਰੀ ਵੀ ਦੇਖੀ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਐਲਈਡੀ ਸਕਰੀਨਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦਕਿ ਕਮਿਸ਼ਨਰ ਨਗਰ ਨਿਗਮ ਮੁਹਾਲੀ ਸ਼ਾਮ ਦੇ ਸਮਾਗਮ ਦੇ ਇੰਚਾਰਜ ਹੋਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ, ਸਕੱਤਰ ਖੁਰਾਕ ਤੇ ਸਿਵਲ ਸਪਲਾਈ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਅਤੇ ਐਸਐਸਪੀ ਵਿਵੇਕ ਸ਼ੀਲ ਸੋਨੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!