ਪੰਜਾਬ ਸਰਕਾਰ ਵੱਲੋਂ 18-45 ਸਾਲ ਉਮਰ ਵਰਗ ਦੇ ਸਹਿ ਬਿਮਾਰੀਆਂ ਵਾਲੇ ਕੈਦੀਆਂ ਦਾ ਟੀਕਾਕਰਨ ਸ਼ੁਰੂ
18-45 ਸਾਲ ਗਰੁੱਪ ਦੇ ਹੁਣ ਤੱਕ 543 ਕੈਦੀਆਂ ਦੇ ਟੀਕੇ ਲਗਾਏ: ਰੰਧਾਵਾ
ਚੰਡੀਗੜ੍ਹ, 19 ਮਈ
ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਦੇ ਟੀਕਾਕਰਨ ਦਾ ਕਾਰਜ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀਕਾਕਰਨ ਕਰਵਾਉਣ ਤੋਂ ਕੋਈ ਵੀ ਵਾਂਝਾ ਨਾ ਰਹੇ। ਇਸੇ ਮੁਹਿੰਮ ਤਹਿਤ ਜੇਲ੍ਹਾਂ ਵਿੱਚ ਬੰਦ 18 ਤੋਂ 45 ਸਾਲ ਤੱਕ ਉਮਰ ਵਰਗ ਦੇ ਸਹਿ ਬਿਮਾਰੀਆਂ ਵਾਲੇ ਕੈਦੀਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 18-45 ਉਮਰ ਵਰਗ ਵਿੱਚ ਹੁਣ ਤੱਕ ਸਹਿ ਰੋਗਾਂ ਵਾਲੇ ਕੁੱਲ 543 ਜੇਲ੍ਹ ਕੈਦੀਆਂ ਨੂੰ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਰਗ ਦੇ ਸਾਰੇ ਕੈਦੀਆਂ ਦੇ ਪਹਿਲਾਂ ਹੀ ਟੀਕਾ ਲਗਾਇਆ ਜਾ ਚੁੱਕਾ ਹੈ।
ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਤੇ ਟੀਕਾਕਰਨ ਲਈ ਸਟੇਟ ਨੋਡਲ ਅਫਸਰ ਸ੍ਰੀ ਵਿਕਾਸ ਗਰਗ ਨੇ ਸਹਿ ਰੋਗਾਂ ਵਾਲੇ ਕੈਦੀਆਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਚ ਸਭ ਤੋਂ ਵੱਧ 245 ਕੈਦੀਆਂ ਨੂੰ ਟੀਕਾ ਲਗਾਇਆ ਗਿਆ ਹੈੇ, ਜਦੋਂ ਕਿ ਹੁਸ਼ਿਆਰਪੁਰ ਵਿੱਚ 113, ਰੂਪਨਗਰ ਵਿੱਚ 74, ਲੁਧਿਆਣਾ ਵਿੱਚ 38, ਕਪੂਰਥਲਾ ਵਿੱਚ 18, ਗੁਰਦਾਸਪੁਰ ਵਿੱਚ 23, ਫਿਰੋਜ਼ਪੁਰ ਵਿੱਚ 15, ਸ੍ਰੀ ਮੁਕਤਸਰ ਸਾਹਿਬ ਵਿੱਚ 8, ਬਠਿੰਡਾ ਅਤੇ ਜਲੰਧਰ ਵਿੱਚ 4-4 ਅਤੇ ਫਤਿਹਗੜ੍ਹ ਸਾਹਿਬ ਵਿਚ ਇੱਕ ਕੈਦੀ ਨੂੰ ਟੀਕਾ ਲਗਾਇਆ ਗਿਆ ਹੈ।