Punjab

ਮੁੱਖ ਮੰਤਰੀ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਭਾਰਤ ਦੀ ਸ਼ਾਂਤੀ ਨੂੰ ਖ਼ਰਾਬ ਕਰਨ ਦੀ ਸੰਭਾਵਨਾਵਾਂ ਰੱਖਦੀਆਂ ਖੁੱਲ੍ਹੇਆਮ ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ ਤੋਂ ਤਾੜਿਆ

ਗਰਗ ਤੇ ਮਾਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਆਪਣਾ ਕੰਮ ਕਰਨ ਅਤੇ ਸੰਵੇਦਨਸ਼ੀਲ ਮੁੱਦਿਆਂ ਉਤੇ ਨਾ ਬੋਲਣ ਲਈ ਕਿਹਾ
ਚੰਡੀਗੜ੍ਹ, 22 ਅਗਸਤ
ਕਸ਼ਮੀਰ ਅਤੇ ਪਾਕਿਸਤਾਨ ਵਰਗੇ ਸੰਵੇਦਨਸ਼ੀਲ ਕੌਮੀ ਮਾਮਲਿਆਂ ਉਤੇ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੇ ਹਾਲ ਹੀ ਵਿਚ ਆਏ ਬਿਆਨਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਜਿਹੀਆਂ ਘਿਨਾਉਣੀਆਂ ਅਤੇ ਮਾੜੀਆਂ ਟਿੱਪਣੀਆਂ ਵਿਰੁੱਧ ਤਾੜਨਾ ਕੀਤੀ ਜਿਨ੍ਹਾਂ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਦੀ ਅਮਨ-ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਪੈਦਾ ਹੋ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਵੀ ਆਪਣੇ ਸਲਾਹਕਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਸੀਮਿਤ ਰੱਖਣ ਅਤੇ ਉਨ੍ਹਾਂ ਮਸਲਿਆਂ ਉਤੇ ਨਾ ਬੋਲਣ ਲਈ ਕਿਹਾ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਜਾਂ ਤਾਂ ਥੋੜ੍ਹਾ-ਬਹੁਤ ਪਤਾ ਹੈ ਜਾਂ ਫੇਰ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਟਿੱਪਣੀਆਂ ਦੇ ਨਿਕਲਣ ਵਾਲੇ ਅਰਥਾਂ ਦੀ ਵੀ ਸਮਝ ਨਹੀਂ ਹੈ।
ਮੁੱਖ ਮੰਤਰੀ ਨੇ ਇਹ ਪ੍ਰਤੀਕਿਰਿਆ ਡਾ. ਪਿਆਰੇ ਲਾਲ ਗਰਗ ਵੱਲੋਂ ਪਾਕਿਸਤਾਨ ਦੀ ਨਿਖੇਧੀ ਕਰਨ ਉਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਕੀਤੇ ਸਵਾਲ ਅਤੇ ਇਸ ਤੋਂ ਪਹਿਲਾਂ ਕਸ਼ਮੀਰ ਬਾਰੇ ਮਾਲਵਿੰਦਰ ਸਿੰਘ ਮਾਲੀ ਦੀ ਵਿਵਾਦਪੂਰਨ ਬਿਆਨਬਾਜ਼ੀ ਦੇ ਸੰਦਰਭ ਵਿਚ ਸਾਹਮਣੇ ਆਈ ਹੈ। ਇਨ੍ਹਾਂ ਦੋਵਾਂ ਨੂੰ ਸਿੱਧੂ ਨੇ ਹਾਲ ਹੀ ਵਿਚ ਆਪਣੇ ਸਲਾਹਕਾਰ ਨਿਯੁਕਤ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮਾਲੀ ਤੇ ਗਰਗ ਦੇ ਅਸਚਰਜ ਭਰੇ ਬਿਆਨਾਂ ਉਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਬਿਆਨ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਭਾਰਤ ਅਤੇ ਕਾਂਗਰਸ ਪਾਰਟੀ ਦੀ ਪੁਜੀਸ਼ਨ ਦੇ ਬਿਲਕੁਲ ਉਲਟ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਸਲਾਹਕਾਰਾਂ ਵੱਲੋਂ ਭਾਰਤ ਦੇ ਹਿੱਤਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਉਤੇ ਲਗਾਮ ਲਾਉਣ ਲਈ ਕਿਹਾ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਅਤੇ ਹੁਣ ਵੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਬਿਆਨ ਦਿੱਤਾ ਹੈ ਜੋ ਕਿ ਪੂਰੀ ਤਰ੍ਹਾਂ ਦੇਸ਼ ਵਿਰੋਧੀ ਹੈ। ਉਨ੍ਹਾਂ ਮਾਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਨਾ ਸਿਰਫ ਹੋਰ ਪਾਰਟੀਆਂ ਸਗੋਂ ਕਾਂਗਰਸ ਵਲੋਂ ਵੀ ਵਿਆਪਕ ਰੂਪ ਵਿੱਚ ਨਿੰਦੇ ਕੀਤੇ ਜਾਣ ਦੇ ਬਾਵਜੂਦ ਮਾਲੀ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ।
ਗਰਗ ਵਲੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੀ ਪਾਕਿਸਤਾਨ ਦੀ ਆਲੋਚਨਾ ਵਾਲੀ ਟਿੱਪਣੀ ਨੂੰ ਪੰਜਾਬ ਦੇ ਹਿੱਤ ਵਿੱਚ ਨਾ ਦੱਸੇ ਜਾਣ ਵਾਲੇ ਬਿਆਨ ਉਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਨ। ਉਨ੍ਹਾਂ ਕਿਹਾ ਕਿ ਇਹ ਸੱਚ ਨਾ ਸਿਰਫ ਹਰ ਪੰਜਾਬੀ ਬਲਕਿ ਹਰ ਭਾਰਤੀ ਜਾਣਦਾ ਹੈ ਕਿ ਪਾਕਿਸਤਾਨ ਸਾਡੇ ਲਈ ਹਮੇਸ਼ਾ ਖ਼ਤਰਾ ਰਿਹਾ ਹੈ। ਹਰ ਰੋਜ਼ ਉਹ ਸਾਡੇ ਸੂਬੇ ਅਤੇ ਦੇਸ਼ ਵਿੱਚ ਉਥਲ-ਪੁਥਲ ਜਾਂ ਅਸਥਿਰਤਾ ਫੈਲਾਉਣ ਲਈ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਭੇਜਣ ਵਰਗੀਆਂ ਕੋਝੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਮੁੱਖ ਮੰਤਰੀ ਨੇ ਗਰਗ ਦੀ ਟਿੱਪਣੀ ਨੂੰ ਤਰਕਹੀਣ ਅਤੇ ਨਾ-ਵਾਜਿਬ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਫੌਜੀ ਸਰਹੱਦਾਂ ‘ਤੇ ਪਾਕਿਸਤਾਨ ਸਮਰਥਨ ਵਾਲੀਆਂ ਤਾਕਤਾਂ ਦੇ ਹੱਥੋਂ ਜਾਨਾਂ ਗਵਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਗਰਗ ਜੋ ਰਾਜਨੀਤੀ ਤੋਂ ਪ੍ਰੇਰਿਤ ਭੜਕਾਓ ਤੇ ਗ਼ੈਰ ਜ਼ਿੰਮੇਵਾਰਨਾ ਖੁੱਲ੍ਹੇਆਮ ਬਿਆਨ ਦੇ ਰਹੇ ਹਨ, ਨੂੰ ਪੰਜਾਬੀਆਂ ਦੀ ਕੁਰਬਾਨੀ ਨੂੰ ਹਲਕੇ ਵਿੱਚ ਨਾ ਲੈਣ ਦੀ ਅਪੀਲ ਕਰਦਿਆਂ ਕਿਹਾ, “ਗਰਗ ਸ਼ਾਇਦ ਭੁੱਲ ਗਏ ਹਨ ਕਿ ਅੱਸੀਵਿਆਂ ਤੇ ਨੱਬਵਿਆਂ ਵਿੱਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦੀਆਂ ਹੱਥੋਂ ਹਜ਼ਾਰਾਂ ਪੰਜਾਬੀਆਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ, ਪਰ ਨਾ ਨਹੀਂ ਮੈਂ ਭੁੱਲਿਆ ਅਤੇ ਨਾ ਹੀ ਪੰਜਾਬ ਦੇ ਲੋਕ ਭੁੱਲੇ ਹਨ।ਪਾਕਿਸਤਾਨ ਦੇ ਖ਼ਤਰਨਾਕ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਅਸੀਂ ਆਪਣੀ ਲੜਾਈ ਜਾਰੀ ਰੱਖਦੇ ਹੋਏ ਹਰ ਹੀਲਾ ਵਰਤਾਂਗੇ।”

Related Articles

Leave a Reply

Your email address will not be published. Required fields are marked *

Back to top button
error: Sorry Content is protected !!