ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ 50 ਪਿੰਡਾਂ ਲਈ ਸੂਬੇ ਦੀ ਹਿੱਸੇਦਾਰੀ ਦੇ 10.50 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਹੁਕਮ
ਚੰਡੀਗੜ, 30 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਦੇ ਪਹਿਲੇ ਪੜਾਅ ਤਹਿਤ 50 ਪਿੰਡਾਂ ਲਈ ਸੂਬੇ ਦੀ ਹਿੱਸੇਦਾਰੀ ਦੇ 10.50 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ।
ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਸਬੰਧੀ ਇਕ ਮੀਟਿੰਗ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਛੇ ਜ਼ਿਲਿਆਂ ਐਸ.ਏ.ਐਸ. ਨਗਰ (ਮੋਹਾਲੀ), ਬਰਨਾਲਾ, ਫਾਜ਼ਿਲਕਾ, ਪਠਾਨਕੋਟ, ਤਰਨ ਤਾਰਨ ਅਤੇ ਮਲੇਰਕੋਟਲਾ ਵਿਖੇ ਡਾ. ਬੀ.ਆਰ. ਅੰਬੇਦਕਰ ਭਵਨਾਂ ਦੀ ਉਸਾਰੀ ਲਈ ਤੁਰੰਤ ਹੀ ਜ਼ਮੀਨ ਮੁਹੱਈਆ ਕਰਵਾਉਣ ਹਿੱਤ ਮੁੱਖ ਸਕੱਤਰ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਨ ਲਈ ਕਿਹਾ। ਮੁੱਖ ਸਕੱਤਰ ਨੇ ਕਿਹਾ ਕਿ ਮੋਹਾਲੀ ਵਿਚਲੇ ਅੰਬੇਦਕਰ ਭਵਨ ਲਈ ਗਮਾਡਾ ਵੱਲੋਂ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।
ਕੇਂਦਰ ਸਰਕਾਰ ਵੱਲੋਂ ਵਰਿਆਂ 2017-18 ਤੋਂ ਲੈ ਕੇ 2019-20 ਤੱਕ ਦੇ ਸਮੇਂ ਲਈ 1563 ਕਰੋੜ ਦੀ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟਿ੍ਰਕ ਵਜੀਫਾ ਸਕੀਮ ਅਧੀਨ ਬਣਦੀ ਰਾਸ਼ੀ ਅਦਾ ਨਾ ਕਰਨ ਦੇ ਮੁੱਦੇ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਮੁੱਦਾ ਫਿਰ ਤੋਂ ਕੇਂਦਰ ਸਰਕਾਰ ਕੋਲ ਉਠਾਉਣਗੇ। ਉਨਾਂ ਇਹ ਵੀ ਕਿਹਾ ਕਿ ਉਨਾਂ ਵੱਲੋਂ ਓ.ਬੀ.ਸੀ. ਵਿਦਿਆਰਥੀਆਂ ਲਈ ਪੋਸਟ ਮੈਟਿ੍ਰਕ ਵਜੀਫਾ ਸਕੀਮ ਤਹਿਤ ਬਣਦੀ 50.09 ਕਰੋੜ ਦੀ ਰਾਸ਼ੀ ਤੁਰੰਤ ਜਾਰੀ ਕਰਵਾਉਣ ਦਾ ਮੁੱਦਾ ਵੀ ਕੇਂਦਰ ਸਰਕਾਰ ਕੋਲ ਚੁੱਕਿਆ ਜਾਵੇਗਾ ਜਿਸ ਨੇ ਇਸ ਸਕੀਮ ਲਈ 2018-19 ਤੋਂ ਲੈ ਕੇ 2020-21 ਤੱਕ ਦੇ ਸਮੇਂ ਦੀ ਰਾਸ਼ੀ ਜਾਰੀ ਨਹੀਂ ਕੀਤੀ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ 12 ਨਵੇਂ ਸਥਾਪਿਤ ਕੀਤੇ ਗਏ ਬੋਰਡਾਂ ਨੂੰ ਸਰਕਾਰੀ ਰਿਹਾਇਸ਼ ਮੁਹੱਈਆ ਕਰਵਾਏ ਜਾਣ ਦੇ ਵੀ ਨਿਰਦੇਸ਼ ਦਿੱਤੇ।
ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਨਵੀਂ ਆਰੰਭ ਕੀਤੀ ਡਾ. ਬੀ.ਆਰ. ਅੰਬੇਦਕਰ ਐਸ.ਸੀ. ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਕਮਜੋਰ ਤਬਕਿਆਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਅਥਾਹ ਮੌਕੇ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ। ਉਨਾਂ ਨੇ ਇਕ ਜੁਲਾਈ, 2021 ਤੋਂ ਆਸ਼ੀਰਵਾਦ ਸਕੀਮ ਹੇਠ ਸ਼ਗਨ ਰਾਸ਼ੀ 21,000 ਤੋਂ ਵਧਾ ਕੇ 51,000 ਰੁਪਏ ਕਰਨ, ਬੁਢਾਪਾ ਪੈਨਸ਼ਨ/ਵਿਧਵਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰਨ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਵਿਚ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਘੱਟੋ-ਘੱਟ ਕੋਟਾ 5 ਫੀਸਦੀ ਤੋਂ 10 ਫੀਸਦੀ ਵਧਾਉਣ ਵਰਗੇ ਗਰੀਬ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜੀ ਪੀ. ਸ਼੍ਰੀਵਾਸਤਵਾ ਨੇ ਕਮਜੋਰ ਵਰਗਾਂ ਦਾ ਭਵਿੱਖ ਸੰਵਾਰਨ ਲਈ ਕੀਤੀਆਂ ਵੱਡੀਆਂ ਪ੍ਰਾਪਤੀਆਂ ਅਤੇ ਲੀਹੋਂ ਹਟਵੀਆਂ ਪਹਿਲਕਦਮੀਆਂ ਦਾ ਜਿਕਰ ਕੀਤਾ। ਉਨਾਂ ਨੇ ਪਹਿਲੀ ਵਾਰ ਸਫਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤੇ ਦੀ ਮਿਸਾਲ ਵੀ ਦਿੱਤੀ।
ਉਨਾਂ ਦੱਸਿਆ ਕਿ ਐਸ.ਸੀ. ਲਾਭਪਾਤਰੀਆਂ ਦੇ 45.41 ਕਰੋੜ ਰੁਪਏ ਅਤੇ ਬੀ.ਸੀ. ਕੈਟਾਗਰੀ ਲਈ 6.59 ਕਰੋੜ ਰੁਪਏ ਦੇ ਕਰਜੇ ਵੀ ਮੁਆਫ ਕਰ ਦਿੱਤੇ ਗਏ ਹਨ। ਐਸ.ਸੀ. ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਲਈ ਮੌਕੇ ਹਾਸਲ ਕਰਨ ਵਿਚ ਸੁਵਿਧਾ ਪ੍ਰਦਾਨ ਕਰਨ ਲਈ ਓਵਰਸੀਜ ਸਕਾਲਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਬਿਤ ਸੂਬਾ ਭਰ ਤੋਂ ਅਨੁਸੂਚਿਤ ਜਾਤੀ ਨਾਲ ਸਬੰਧਤ 10 ਹੋਣਹਾਰ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ 15 ਲੱਖ ਰੁਪਏ ਪ੍ਰਤੀ ਵਿਦਿਆਰਥੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।