Punjab

ਸਾਂਝਾ ਅਧਿਆਪਕ ਮੋਰਚਾ ਨੇ ਸੂਬਾਈ ਕਨਵੈਨਸ਼ਨ ‘ਚ ਕੀਤਾ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ

  • ਨਿੱਜੀਕਰਨ ਦੇ ਹੱਲੇ ਖਿਲਾਫ ਅਤੇ ਮੰਗਾਂ ਦੀ ਪ੍ਰਾਪਤੀ ਲਈ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਇਕਜੁੱਟ ਹੋਏ ਅਧਿਆਪਕ
  • 29 ਅਪ੍ਰੈਲ ਨੂੰ ਜਿਲ੍ਹਾ ਪੱਧਰੀ ਧਰਨੇ ਲਗਾਉਣ ਅਤੇ 1 ਜੂਨ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ‘ਚ ਵਿਸ਼ਾਲ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ
  • ਕੋਰੋਨਾ ਦੀ ਆੜ ਵਿੱਚ ਬੰਦ ਕੀਤੇ ਸਾਰੇ ਸਕੂਲਾਂ ਨੂੰ ਤੁਰੰਤ ਖੋਲਣ ਦੀ ਮੰਗਜਲੰਧਰ , 4 ਅਪ੍ਰੈਲ ( ) ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਵਾਉਣ, ਬਦਲੀ ਪ੍ਰਕਿਰਿਆ ਬਹਾਨੇ ਸਕੂਲਾਂ ਵਿੱਚ ਖਾਲੀ ਹਜਾਰਾਂ ਅਸਾਮੀਆਂ ਦੇ ਕੀਤੇ ਜਾ ਰਹੇ ਖਾਤਮੇ ਨੂੰ ਪੁੱਠਾ ਗੇੜਾ ਦੇਣ, ਕੋਰੋਨਾ ਦੀ ਆੜ ਵਿੱਚ ਬੰਦ ਕੀਤੇ ਸਕੂਲਾਂ ਨੂੰ ਸੁਰੱਖਿਆ ਪ੍ਰਬੰਧਾ ਤਹਿਤ ਤੁਰੰਤ ਖੁਲ੍ਹਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ , ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਤੋਂ ਤੁਰੰਤ ਰਿਪੋਰਟ ਲੈ ਕੇ ਲਾਗੂ ਕਰਵਾਉਣ, ਮਹਿੰਗਾਈ ਭੱਤੇ ਦੀਆਂ ਸਾਰੀਆਂ ਬਕਾਇਆ ਕਿਸ਼ਤਾਂ ਲੈਣ, ਅਧਿਆਪਕਾਂ ਦੇ ਸਾਰੇ ਵਰਗਾਂ ਦੀਆਂ ਪੈਂਡਿੰਗ ਤਰੱਕੀਆਂ ਤੁਰੰਤ ਕਰਵਾਉਣ ਲਈ ਭਵਿੱਖ ਦੀ ਰਣਨੀਤੀ ਦਾ ਐਲਾਨ ਕਰਨ ਅਤੇ ਪੰਜਾਬ ਸਰਕਾਰ ਦੀਆਂ ਜਨਤਕ ਸਿੱਖਿਆ ਤੇ ਅਧਿਆਪਕ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ‘ਸਾਂਝਾ ਅਧਿਆਪਕ ਮੋਰਚਾ ਪੰਜਾਬ’ ਵੱਲੋਂ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਮੋਰਚੇ ਦੇ ਸੂਬਾਈ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ , ਵਿਕਰਮ ਦੇਵ ਸਿੰਘ, ਬਲਕਾਰ ਸਿੰਘ ਵਲਟੋਹਾ, ਸੁਰਿੰਦਰ ਕਬੋਜ ਤੇ ਬਲਜੀਤ ਸਿੰਘ ਸਲਾਣਾ ਅਤੇ ਸੂਬਾ ਕੋ ਕਨਵੀਨਰਾਂ ਸੁਖਜਿੰਦਰ ਸਿੰਘ ਹਰੀਕਾ ਤੇ ਸੁਖਰਾਜ ਸਿੰਘ ਕਾਹਲੋ ਵਲੋਂ ਕੀਤੀ ਗਈ।

ਕਨਵੈਨਸ਼ਨ ਦੇ ਸ਼ੁਰਆਤ ਵਿਚ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪ੍ਰਿੰਸੀਪਲ ਤਰਸੇਮ ਬਾਹੀਆ, ਮੁਲਾਜ਼ਮ ਆਗੂ ਰਮੇਸ਼ ਕੁਮਾਰ ਸ਼ਰਮਾ, ਮੁਲਾਜ਼ਮ ਤੇ ਕਿਸਾਨ ਆਗੂ ਦਾਤਾਰ ਸਿੰਘ ਸਮੇਤ ਕਿਸਾਨੀ ਸੰਘਰਸ਼ ਦੌਰਾਨ ਸਦੀਵੀ ਵਿਛੋਡ਼ਾ ਦੇ ਗਏ ਕਿਸਾਨਾਂ ਅਤੇ ਕੋਰੋਨਾ ਕਾਲ ਦੌਰਾਨ ਸਦੀਵੀ ਵਿਛੋਡ਼ਾ ਦੇ ਗਏ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਨਵੈਨਸ਼ਨ ਦੌਰਾਨ ਮੋਰਚੇ ਵਲੋਂ 18 ਅਪ੍ਰੈਲ ਨੂੰ ਸੈਂਕੜੇ ਅਧਿਆਪਕ ਆਗੂਆਂ ਦੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚ ਕੇ ਰੋਸ ਪੱਤਰ ਦੇਣ, 29 ਅਪ੍ਰੈਲ ਨੂੰ ਜ਼ਿਲ੍ਹਾ ਪੱਧਰੀ ਧਰਨੇ ਲਗਾਉਣ, ਮਈ ਦੇ ਦੂਜੇ ਹਫਤੇ ਚਾਰ ਕੈਬਨਿਟ ਮੰਤਰੀਆਂ ਨੂੰ ਰੋਸ ਪੱਤਰ ਦੇਣ ਅਤੇ 1 ਜੂਨ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਵਿੱਚ ਹਜ਼ਾਰਾਂ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਉਂਦਿਆਂ ਵਿਸ਼ਾਲ ਸੂਬਾਈ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ।

ਇਸ ਮੌਕੇ ਸੋਮ ਸਿੰਘ, ਸੁਰਿੰਦਰ ਪੁਆਰੀ, ਮੁਕੇਸ਼ ਕੁਮਾਰ ਹੁਸ਼ਿਆਰਪੁਰ, ਕੁਲਦੀਪ ਦੌੜਕਾ ਅਤੇ ਹਰਬੰਸ ਲਾਲ ਪਰਜੀਆ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ‘ਤੇ ਦੋਸ਼ ਲਗਾਇਆ ਕਿ ਨਿੱਤ ਦਿਨ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਜਨਤਕ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਦੀ ਨਿੱਜੀਕਰਨ ਪੱਖੀ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਬਦਲ਼ੀ ਪ੍ਰਕਿਰਿਆ ਬਹਾਨੇ ਰੈਸ਼ਨੇਲਾਈਜੇਸ਼ਨ ਦੀ ਨੀਤੀ ਰਾਹੀਂ ਲਾਗੂ ਕਰਕੇ ਸਰਕਾਰੀ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲਾਂ ਦੀਆਂ ਹਜ਼ਾਰਾਂ ਅਸਾਮੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ ਅਤੇ ਸਕੂਲਾਂ ਦੀ ਮਰਜਿੰਗ ਦਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਪਈਆਂ ਖਾਲੀ ਅਸਾਮੀਆਂ ‘ਤੇ ਰੈਗੂਲਰ ਭਰਤੀ ਕਰਨ, ਅਧਿਆਪਕ ਸੰਘਰਸ਼ਾਂ ਦੌਰਾਨ ਕੀਤੀਆਂ ਪੁਰਾਣੀਆਂ ਵਿਕਟੇਮਾਈਜ਼ੇਸ਼ਨ ਰੱਦ ਕਰਨ ਅਤੇ ਸੰਘਰਸ਼ਾਂ ਦੌਰਾਨ ਦਰਜ ਪੁਲੀਸ ਕੇਸਾਂ ਕਾਰਨ ਅਤੇ ਓ.ਡੀ.ਐੱਲ. ਬਹਾਨੇ ਰੋਕੇ ਪੈਂਡਿੰਗ ਰੈਗੂਲਰ ਪੱਤਰ ਜਾਰੀ ਕਰਨ ਦੀ ਬਜਾਏ ਮੰਗਾਂ ਖਾਤਰ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਵਿਕਟੇਮਾਈਜ਼ ਕਰਕੇ ਸਿੱਖਿਆ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਤੇ ਵਿਦਿਆਰਥੀਆਂ ਨੂੰ ਬੋਧਿਕ ਕੰਗਾਲੀ ਵੱਲ ਧੱਕਿਆ ਜਾ ਰਿਹਾ ਹੈ। ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ ਸੇਵਾ ਨਿਭਾਅ ਰਹੇ ਸਮੂਹ ਅਧਿਆਪਕਾਂ ਨੂੰ ਪੱਕੀ ਰਿਹਾਇਸ਼ ਤੋਂ ਦੂਰੀ ਅਨੁਸਾਰ ਵੇਟੇਜ ਦੇ ਕੇ ਬਦਲ਼ੀ ਕਰਵਾਉਣ ਦਾ ਵਿਸ਼ੇਸ਼ ਮੌਕਾ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸਭ ਦੌਰਾਨ ਤਾਨਾਸ਼ਾਹੀ ਰਵੱਈਆ ਦਿਖਾਉਦਿਆ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਪੰਜਾਬ ਨੇ ਅਧਿਆਪਕਾਂ ਨਾਲ ਗੱਲਬਾਤ ਕਰ ਕੇ ਮਸਲੇ ਹੱਲ ਕਰਨ ਦੇ ਜਮਹੂਰੀ ਅਮਲ ਤੋਂ ਟਾਲਾ ਵੱਟਿਆ ਹੋਇਆ ਹੈ।

ਅਧਿਆਪਕਾਂ ਨੇ ਨਾਅਰਿਆਂ ਦੀ ਗੂੰਜ ਵਿੱਚ ਕੱਲ੍ਹ ਸੰਗਰੂਰ ਵਿਖੇ ਸਿੱਖਿਆ ਮੰਤਰੀ ਪੰਜਾਬ ਦੀ ਰੈਲੀ ਵਿੱਚ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਦੀ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਘਟਨਾ ਲਈ ਜ਼ਿੰਮੇਵਾਰ ਅਨਸਰਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਪੁਰਜ਼ੋਰ ਮੰਗ ਕੀਤੀ।

ਇਸ ਕਨਵੈਨਸ਼ਨ ਨੂੰ ਅਧਿਆਪਕ ਆਗੂ ਪ੍ਰੇਮ ਚਾਵਲਾ, ਰਾਜੀਵ ਬਰਨਾਲਾ, ਗੁਰਪ੍ਰੀਤ ਮਾੜੀ ਮੇਘਾ, ਕੁਲਦੀਪ ਪੁੁਰਵਾਲ, ਗੁਰਪ੍ਰੀਤ ਗੁਰੂ, ਮਲਕੀਤ ਸਿੰਘ, ਹਰਜੀਤ ਸਿੰਘ ਅਤੇ ਜਗਦੀਪ ਜੋਹਲ ਵਲੋਂ ਸਬੋਧਨ ਕਰਨ ਤੋਂ ਇਲਾਵਾ ਪ੍ਰਭਜੋਤ ਕੌਰ ਅਤੇ ਵਰਿੰਦਰ ਵੋਹਰਾ ਨੇ ਭਰਾਤਰੀ ਸੁਨੇਹਾ ਵੀ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!