ਪੰਜਾਬ ਦੇ ਸਿਵਲ ਹਸਪਤਾਲ ਚ ਵਿਲੱਖਣ ਪਹਿਲੇ ਕੇਸ ਪੇਰੀਨੀਅਲ ਯੂਰੇਥਰੋਸਟੋਮੀ ਦੇ ਕੇਸ ਸਫਲਤਾਪੂਰਵਕ ਇਲਾਜ
ਪੰਜਾਬ ਦੇ ਸਿਵਲ ਹਸਪਤਾਲ ਚ ਵਿਲੱਖਣ ਪਹਿਲੇ ਕੇਸ ਪੇਰੀਨੀਅਲ ਯੂਰੇਥਰੋਸਟੋਮੀ ਦੇ ਕੇਸ ਸਫਲਤਾਪੂਰਵਕ ਇਲਾਜ
– ਸਰਕਾਰੀ ਸਬ-ਡਵੀਜ਼ਨਲ ਹਸਪਤਾਲ, ਡੇਰਾਬੱਸੀ ਵਿੱਚ 70 ਸਾਲ ਦੇ ਮਰੀਜ਼ ਦਾ ਕੀਤਾ ਯੂਰੇਥਰੋਲ ਰੀਕੰਸਟ੍ਰਕਸ਼ਨ
– ਮਰੀਜ਼ ਨੂੰ ਪਹਿਲਾਂ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੁਆਰਾ ਪੀ.ਜੀ.ਆਈ. ਕੀਤਾ ਗਿਆ ਸੀ ਰੈਫਰ, ਪੀ.ਜੀ.ਆਈ ਚ ਨਹੀਂ ਮਿਲ ਰਿਹਾ ਸੀ ਸਮਾਂ
ਡੇਰਾ ਬੱਸੀ/ਚੰਡੀਗੜ੍ਹ, 22 ਮਈ
ਪੰਜਾਬ ਦੇ ਸਿਵਲ ਹਸਪਤਾਲ ਵਿੱਚ ਵਿਲੱਖਣ ਪਹਿਲੇ ਕੇਸ ਪੇਰੀਨੀਅਲ ਯੂਰੇਥਰੋਸਟੋਮੀ ਦਾ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ ਗਿਆ। ਸਰਕਾਰੀ ਸਬ ਡਿਵੀਜ਼ਨਲ ਹਸਪਤਾਲ ਡੇਰਾਬੱਸੀ ਵਿੱਚ 70 ਸਾਲ ਦੇ ਮਰੀਜ਼ ਦਾ ਯੂਰੇਥਰੋਲ ਰੀਕੰਸਟ੍ਰਕਸ਼ਨ ਕੀਤਾ ਗਿਆ। ਇਸ ਮਰੀਜ ਨੂੰ ਪਹਿਲਾਂ ਮੈਡੀਕਲ ਕਾਲਜ ਸੈਕਟਰ 32, ਚੰਡੀਗੜ੍ਹ ਵੱਲੋਂ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਸੀ, ਜਿਥੇ ਪੀਜੀਆਈ ਚੰਡੀਗੜ੍ਹ ਚ ਸਮਾਂ ਨਹੀਂ ਮਿਲ ਰਿਹਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਚ ਡੇਰਾਬੱਸੀ ਦੀ ਐਸਐਮਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਮਰੀਜ਼ ਪਹਿਲਾਂ 17 ਮਈ ਨੂੰ ਸਿਵਲ ਹਸਪਤਾਲ ਆਇਆ ਸੀ ਅਤੇ ਹਸਪਤਾਲ ਵਿੱਚ ਤੈਨਾਤ ਸਰਜਨ ਡਾ: ਕਰਨ ਬੀਰ ਸਿੰਘ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਦੇ ਅਧੀਨ 21 ਮਈ ਨੂੰ ਉਸ ਨੂੰ ਸਰਜਰੀ ਲਈ ਲਿਜਾਇਆ ਗਿਆ ਸੀ।
ਡਾ: ਸੰਗੀਤਾ ਜੈਨ ਨੇ ਦੱਸਿਆ ਕਿ ਡੇਰਾਬੱਸੀ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਮਿਆਰੀ ਸਰਜੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਹਰ ਮਹੀਨੇ ਹਸਪਤਾਲ ਵਿੱਚ ਜਨਰਲ ਸਰਜਰੀ, ਅੱਖਾਂ, ਗਾਇਨੀਕੋਲੋਜੀ ਅਤੇ ਆਰਥੋਪੈਡਿਕਸ ਸਮੇਤ 300 ਤੋਂ ਵੱਧ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਇੱਕ ਸਾਲ ਵਿੱਚ ਐਸਡੀਐਚ ਡੇਰਾਬਸੀ ਦੇ ਜਨਰਲ ਸਰਜਰੀ ਵਿਭਾਗ ਅਧੀਨ ਛਾਤੀ ਦੇ ਕੈਂਸਰ, ਪੇਟ ਦੇ ਕੈਂਸਰ, ਯੂਰੋਲੋਜੀਕਲ ਪ੍ਰਕਿਰਿਆਵਾਂ, ਜਨਰਲ ਸਰਜੀਕਲ ਐਮਰਜੈਂਸੀ ਅਤੇ ਹੋਰ ਵੱਖ-ਵੱਖ ਬਿਮਾਰੀਆਂ ਲਈ ਸਰਜਰੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਰਜਰੀਆਂ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਪਹਿਲੀ ਵਾਰ ਕੀਤੀਆਂ ਗਈਆਂ ਹਨ।
ਐਸ.ਐਮ.ਓ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਸਪਤਾਲ ਵਿੱਚ ਬਹੁਤ ਸਾਰੇ ਯੋਗ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਮੂਲੀ ਜਿਹੇ ਖਰਚੇ ‘ਤੇ ਵੱਡੀਆਂ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਹਸਪਤਾਲ ਦੇ ਹੋਰ ਡਾਕਟਰਾਂ ਅਤੇ ਪੈਰਾਮੈਡਿਕਸ ਦੇ ਨਾਲ ਜਨਰਲ ਸਰਜਨ ਵਜੋਂ ਡਾ: ਕਰਨ ਬੀਰ ਸਿੰਘ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀ ਵੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।