Punjab

ਕੇਜਰੀਵਾਲ ਦੀ ਚੌਥੀ ਗਰੰਟੀ: ਪੰਜਾਬ ਦੀ ਸਰਕਾਰੀ ਸਿੱਖਿਆ ਵਿਵਸਥਾ ਨੂੰ ਅਮਰੀਕਾ, ਲੰਡਨ, ਕੈਨੇਡਾ ਤੋਂ ਦੇਖਣ ਲਈ ਲੋਕ ਆਇਆ ਕਰਨਗੇ

ਪੰਜਾਬ ‘ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮੁਫ਼ਤ ਅਤੇ ਬਿਹਤਰੀਨ ਸਰਕਾਰੀ ਸਿੱਖਿਆ ਦੇਵੇਗੀ ‘ਆਪ’ ਦੀ ਸਰਕਾਰ: ਅਰਵਿੰਦ ਕੇਜਰੀਵਾਲ
-ਕਿਹਾ, ਅਧਿਆਪਕਾਂ ਨੂੰ ਪੱਕੀ ਨੌਕਰੀ ਅਤੇ ਇੱਜ਼ਤ ਵਾਲੀ ਤਨਖ਼ਾਹ ਦੇਵਾਂਗੇ

ਪਠਾਨਕੋਟ/ਚੰਡੀਗੜ, 2 ਦਸੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਠਾਨਕੋਟ ਵਿੱਚ ਪੰਜਾਬ ਵਾਸੀਆਂ ਨੂੰ ‘ਚੰਗੀ ਅਤੇ ਮੁਫ਼ਤ ਸਿੱਖਿਆ’ ਦੀ ਚੌਥੀ ਗਰੰਟੀ ਦਿੱਤੀ, ਜਿਸ ਤਹਿਤ ਪੰਜਾਬ ‘ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮੁਫ਼ਤ ਅਤੇ ਬਿਹਤਰੀਨ ਸਰਕਾਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਸਿੱਖਿਆ ਬਾਰੇ ਚੌਥੀ ਗਰੰਟੀ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ”ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਬਿਹਤਰੀਨ ਅਤੇ ਮੁਫ਼ਤ ਸਰਕਾਰੀ ਸਿੱਖਿਆ ਦਿੱਤੀ ਜਾਵੇਗੀ। ਅਮੀਰ ਅਤੇ ਗ਼ਰੀਬ ਦੇ ਬੱਚੇ ਨੂੰ ਇੱਕੋ ਜਿਹੀ ਸਿੱਖਿਆ ਮਿਲੇਗੀ। ਪੰਜਾਬ ਅਤੇ ਦੇਸ਼ ਦੇ ਨਿਰਮਾਣ ਦੀ ਗੱਲ ਤਾਂ ਅੱਗੇ ਵਧੇਗੀ, ਜੇ ਬੱਚਿਆਂ ਨੂੰ ਬਿਹਤਰੀਨ ਅਤੇ ਮੁਫ਼ਤ ਸਿੱਖਿਆ ਮਿਲੇਗੀ।” ਉਨਾਂ ਕਿਹਾ ਕਿ ਦਿੱਲੀ ਵਿੱਚ ਸਰਕਾਰੀ ਬਜਟ ‘ਚੋਂ 25 ਫ਼ੀਸਦੀ ਬਜਟ ਸਿੱਖਿਆ ‘ਤੇ ਖ਼ਰਚਿਆਂ ਜਾਂਦਾ ਹੈ। ਇਸ ਕਾਰਨ ਉੱਥੇ ਸਰਕਾਰੀ ਸਕੂਲ ਸਿੱਖਿਆ ਬਿਹਤਰ ਹੋਈ ਹੈ ਅਤੇ ਕਰੀਬ 2. 50 ਲੱਖ ਬੱਚੇ ਸਰਕਾਰੀ ਸਕੂਲਾਂ ਵਿੱਚ ਹੋਰ ਦਾਖ਼ਲ ਹੋਏ ਹਨ, ਜਿਹੜੇ ਪਹਿਲਾਂ ਪ੍ਰਾਈਵੇਟ ਤੇ ਮਹਿੰਗੇ ਸਕੂਲਾਂ ਵਿੱਚ ਪੜਦੇ ਸਨ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ 99.97 ਫ਼ੀਸਦੀ ਪਾਸ ਹੋਏ ਹਨ ਅਤੇ ਇਨਾਂ ਸਕੂਲਾਂ ਵਿਚੋਂ ਪਾਸ ਹੋਣ ਵਾਲੇ ਬੱਚਿਆਂ ਨੇ ਡਾਕਟਰੀ, ਇੰਜੀਨੀਅਰਿੰਗ ਦੇ ਕੋਰਸਾਂ ਵਿੱਚ ਦਾਖ਼ਲੇ ਪ੍ਰਾਪਤ ਕੀਤੇ ਹਨ। ਉਨਾਂ ਕਿਹਾ ਕਿ ਦਿੱਲੀ ਵਿੱਚ ਵੀ ਪਹਿਲਾਂ ਸਰਕਾਰੀ ਸਕੂਲ ਸਿੱਖਿਆ ਬਹੁਤ ਮਾੜੀ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਠੀਕ ਕੀਤਾ ਹੈ। ਸਿੱਖਿਆ ਵਿਵਸਥਾ ਠੀਕ ਹੋਣ ਦੀ ਖ਼ਬਰ ਸੁਣ ਕੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਲ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਦਿੱਲੀ ਦੇ ਸਰਕਾਰੀ ਸਕੂਲ ਦੇਖਣ ਲਈ ਆਈ ਸੀ, ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨਾਂ ਨੂੰ ਰੋਕਣ ਦੇ ਯਤਨ ਕੀਤੇ ਸਨ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਰਕਾਰੀ ਸਿੱਖਿਆ ਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ‘ਚ ਅਧਿਆਪਕ ਦੁਖੀ ਹਨ ਕਿਉਂਕਿ ਉਨਾਂ ਨੂੰ ਪੱਕਾ (ਰੈਗੂਲਰ) ਨਹੀਂ ਕੀਤਾ ਜਾਂਦਾ ਅਤੇ ਇੱਜ਼ਤ ਵਾਲੀ ਤਨਖ਼ਾਹ ਨਹੀਂ ਦਿੱਤੀ ਜਾਂਦੀ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸੂਬੇ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਮੁਫ਼ਤ ਅਤੇ ਬਿਹਤਰੀਨ ਸਰਕਾਰੀ ਸਿੱਖਿਆ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਨਵੇਂ ਸਕੂਲ ਬਣਾਏ ਜਾਣਗੇ ਅਤੇ ਪੁਰਾਣੀਆਂ ਇਮਾਰਤਾਂ ਦਾ ਨਵਨਿਰਮਾਣ ਕੀਤਾ ਜਾਵੇਗਾ। ਅਧਿਆਪਕਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਇੱਜ਼ਤ ਵਾਲੀ ਤਨਖ਼ਾਹ ਦਿੱਤੀ ਜਾਵੇਗੀ। ਪੰਜਾਬ ਦੀ ਸਰਕਾਰੀ ਸਿੱਖਿਆ ਵਿਵਸਥਾ ਨੂੰ ਵੀ ਅਮਰੀਕਾ, ਲੰਡਨ, ਕੈਨੇਡਾ ਤੋਂ ਦੇਖਣ ਲਈ ਲੋਕ ਆਇਆ ਕਰਨਗੇ।
ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਦਾਅਵਿਆਂ ਦੀ ਫ਼ੂਕ ਕੱਢ ਰਹੀ ਹੈ, ਜਿੱਥੇ 6 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਵਾਲਾ ਕੱਚਾ ਅਧਿਆਪਕ 5 ਕਲਾਸਾਂ ਸੰਭਾਲ ਰਿਹਾ ਹੈ। ਨਤੀਜੇ ਵਜੋਂ ਮਾਪਿਆਂ ਨੇ ਆਪਣੇ ਬੱਚੇ ਹਟਾ ਲਏ ਅਤੇ ਸਿਰਫ਼ 30 ਬੱਚੇ ਹੀ ਰਹਿ ਗਏ। ਸਿਸੋਦੀਆ ਨੇ ਕਿਹਾ ਕਿ ਸਿਰਫ਼ 2 ਮਹੀਨਿਆਂ ਦੀ ਗੱਲ ਹੈ, ‘ਆਪ’ ਦੀ ਸਰਕਾਰ ਬਣਦਿਆਂ ਹੀ ਸਕੂਲਾਂ ਨੂੰ ਲੱਗੇ ਤਾਲੇ ਖੁੱਲ ਜਾਣਗੇ, ਜਾਲੇ ਸਾਫ਼ ਹੋ ਜਾਣਗੇ ਅਤੇ ਸਮੁੱਚੀ ਸਕੂਲ ਵਿਵਸਥਾ ਦਾ ਕਾਇਆਂ-ਕਲਪ ਕਰ ਦਿੱਤਾ ਜਾਵੇਗਾ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਰਕਾਰੀ ਸਕੂਲਾਂ ਦੇ ਗੇਟਾਂ ਅਤੇ ਕੰਧਾਂ ‘ਤੇ ਮਾਪਿਆਂ, ਮਾਸਟਰਾਂ ਅਤੇ ਦਾਨੀਆਂ ਦੇ ਪੈਸਿਆਂ ਨਾਲ ਕਲੀ-ਪੋਚਾ ਕਰਵਾ ਕੇ ਇਨਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦੱਸ ਰਹੀ ਹੈ। ਇਸ ਦਾ ਪਰਦਾਫਾਸ਼ ਦਿੱਲੀ ਦੇ ਸਿੱਖਿਆ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਚੰਨੀ ਦੇ ਇਲਾਕੇ ਦੇ ਸਕੂਲਾਂ ਦਾ ਪਹਿਲਾ ਦੌਰਾ ਕਰ ਕੇ ਕਰ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!