Punjab

ਪਟਿਆਲਾ ਵਿਖੇ ਵਾਪਰਿਆ ਘਟਨਾਕ੍ਰਮ ਸਰਕਾਰ ਦੇ ਪ੍ਰਸ਼ਾਸਨਕ ਨਖਿੱਧਪੁਣੇ, ਗ਼ੈਰ-ਜ਼ਿੰਮੇਵਾਰਾਨਾ ਸਿਆਸਤ ਅਤੇ ਮੌਕਾਪ੍ਰਸਤੀ ਦਾ ਨਤੀਜਾ : ਸੁਖਬੀਰ ਬਾਦਲ

ਦਹਾਕਿਆਂ ਤੱਕ ਦਿੱਤੀਆਂ ਕੁਰਬਾਨੀਆਂ ਨਾਲ ਕਾਇਮ ਕੀਤੇ ਅਮਨ ਤੇ ਭਾਈਚਾਰਕ ਸਾਂਝ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਕੁਝ ਹਫਤਿਆਂ ਹੀ ਖ਼ਤਰੇ ਪਾ ਦਿੱਤਾ

ਖੁਦ ਨੈਤਿਕ ਤੇ ਸਿਆਸੀ ਜ਼ਿੰਮੇਵਾਰੀ ਲੈਣ ਦੀ ਥਾਂ ਅਫ਼ਸਰਾਂ ਸਿਰ ਇਲਜ਼ਾਮ ਮੜ੍ਹ ਕੇ ਭਗਵੰਤ ਮਾਨ ਨੇ ਗੋਂਗਲੂਆਂ ਤੋਂ ਮਿੱਟੀ ਝਾੜੀ : ਸੁਖਬੀਰ

ਪੰਜਾਬ ਨੇ ਕੁਝ ਗ਼ੈਰਪੰਜਾਬੀ ਸਿਆਸਤਦਾਨਾਂ ਦੀ ਮੌਕਾਪ੍ਰਸਤੀ ਕਰਕੇ ਪਹਿਲਾਂ ਵੀ ਸੰਤਾਪ ਹੰਢਾਇਆ : ਉਸਨੂੰ ਨਾ ਦੁਹਰਾਓ ਅਤੇ ਸਰਹੱਦੀ ਸੂਬੇਤੇ ਮੌਕਾਪ੍ਰਸਤੀ ਨਾ ਕਰੋਸੁਖਬੀਰ ਸਿੰਘ ਬਾਦਲ ਦੀ ਕੇਜਰੀਵਾਲਤੇ ਚੋਟ

ਅਮਨ ਲਈ ਪੰਜਾਬੀ ਏਕਤਾ ਪਹਿਲੀ ਜ਼ਰੂਰਤ : ਅਮਨਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਅਸੀਂ ਸਭ ਇਕੱਠੇ : ਸਿਆਸਤਾਂ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ  : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਐਲਾਨ

ਪ੍ਰੈਸ ਰਿਲੀਜ਼

ਚੰਡੀਗੜ੍ਹ  ਅਪ੍ਰੈਲ 30 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿੱਚ ਅਮਨ ਕਨੂੰਨ ਤੇ ਭਾਈਚਾਰਕ ਸਾਂਝ ਦੀ ਦਿਨ-ਬ-ਦਿਨ ਨਿੱਘਰ ਰਹੀ  ਸਥਿਤੀ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪਟਿਆਲਾ ਵਿਖੇ ਵਾਪਰੀਆਂ ਘਟਨਾਵਾਂ ਸਿੱਧੇ ਤੌਰ ‘ਤੇ ਉਸਪ੍ਰਸ਼ਾਸਨਿਕ ਨਖਿੱਧਪੁਣੇ ਅਤੇ ਗ਼ੈਰ-ਜ਼ਿੰਮੇਵਾਰਾਨਾ ਸਿਆਸਤ ਅਤੇ ਮੌਕਾਪ੍ਰਸਤੀ ਦਾ ਨਤੀਜਾ ਹਨ ਜੋ ਕਿ ਆਮ ਆਦਮੀ ਪਾਰਟੀ ਅਤੇ ਉਸ ਦੀ ਪੰਜਾਬ ਅੰਦਰਲੀ ਸਰਕਾਰ ਦੀ ਕਾਰਜ ਸ਼ੈੱਲੀ ਦੀ ਪਹਿਚਾਣ ਬਣ ਚੁੱਕੇ ਹਨ।

ਉਹਨਾਂ ਕਿਹਾ “ਪੰਜਾਬ ਵਿੱਚ ਦਹਾਕਿਆਂ ਬੱਧੀਆਂ ਬੇਸ਼ੁਮਾਰ ਕੁਰਬਾਨੀਆਂ ਦੇ ਕੇ ਕਾਇਮ ਕੀਤੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਹੀ ਗੰਭੀਰ ਖ਼ਤਰੇ ਪੈਦਾ ਕਰ ਦਿੱਤੇ ਗਏ ਹਨ।” ਪਰ ਸਰਦਾਰ ਬਾਦਲ ਨੇ ਮੁੱਖ ਮੰਤਰੀ ਪੰਜਾਬ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਏਕਤਾ, ਅਮਨ ਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਸਰਕਾਰ ਵੱਲੋਂ ਜਾ ਮੁੱਖ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਹਰ ਸਾਰਥਕ ਪਹਿਲਕਦਮੀ ਦਾ ਪੂਰਾ ਸਮਰਥਨ ਕਰੇਗਾ।

“ਸਾਡੇ ਲੱਖ ਮੱਤਭੇਦ ਹੋਣ, ਪਰ ਪੰਜਾਬ ਅੰਦਰ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸਾਹਮਣੇ ਇਹ ਸਭ ਕੁਝ ਬੜਾ ਛੋਟਾ ਹੈ। ਸਿਆਸਤਾਂ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ।ਪੰਜਾਬ ਦੇ ਅਮਨ ਲਈ ਪੰਜਾਬੀ ਏਕਤਾ ਪਹਿਲੀ ਜ਼ਰੂਰਤ ਹੈ ਅਤੇ ਅਮਨ-ਸ਼ਾਂਤੀ ਦੀ ਮੁੜ ਬਹਾਲੀ ਲਈ ਅਸੀਂ ਪੰਜਾਬ ਸਰਕਾਰ ਨੂੰ ਹਰ ਤਰਾਂ ਦੇ ਬੇਝਿਜਕ ਸਹਿਯੋਗ ਦੀ ਪੇਸ਼ਕਸ਼ ਕਰਦੇ ਹਾਂ” ਬਾਦਲ ਨੇ ਕਿਹਾ।
ਬਾਦਲ ਨੇ ਉਮੀਦ ਜ਼ਾਹਿਰ ਕੀਤੀ ਕਿ ਘੱਟੋ-ਘੱਟ ਇਸ ਨਾਜ਼ੁਕ ਮੌਕੇ ਅਤੇ ਇਸ ਗੰਭੀਰ ਮਸਲੇ ਉੱਤੇ ਆਮ ਆਦਮੀ ਪਾਰਟੀ ਅਤੇ ਇਸ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ   ਸਾਰੀਆਂ ਧਿਰਾਂ ਤੇ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਹੁੰਚ ਅਪਨਾਉਣਗੇ।

ਜਾਰੀ ਕੀਤੇ ਇੱਕ ਬਿਆਨ ਵਿੱਚ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ “ਉਹ  ਸਥਿਤੀ ਦੀ ਗੰਭੀਰਤਾ ਨੂੰ ਸਮਝਣ ਅਤੇ ਗ਼ੈਰ-ਸੰਜੀਦਾ ਤੇ ਸਸਤੀ ਸ਼ੋਹਰਤ ਵਾਲੀ ਬਿਆਨਬਾਜ਼ੀ ਤੋਂ ਉੱਪਰ ਉੱਠਣ ਅਤੇ ਸਾਰੀਆਂ ਪਾਰਟੀਆਂ ਤੇ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਅੰਦਰ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਖੜ੍ਹੇ ਹੋਏ ਖ਼ਤਰਿਆਂ ਨੂੰ ਦੂਰ ਕਰਨ ਲਈ ਪਹਿਲਕਦਮੀ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਦੁਖਦਾਈ ਤੇ ਖ਼ਤਰਨਾਕ ਵਰਤਾਰੇ ਦੀ ਸਿਆਸੀ ਤੇ ਨੈਤਿਕ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੀ ਥਾਂ ਸਿਰਫ਼ ਸਥਾਨਕ ਅਫਸਰਾਂ ਸਿਰ ਮੜ੍ਹ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਗਈ ਹੈ। ਇਸ ਤੋਂ ਪੰਜਾਬੀਆਂ ਦੇ ਮਨਾਂ ਵਿੱਚ ਇਹ ਸਵਾਲ ਤੇ ਖ਼ਦਸ਼ਾ ਪੈਦਾ ਹੋਣਾ ਲਾਜ਼ਮੀ ਹੈ ਕਿ ਉਹਨਾਂ ਦਾ ਮੁੱਖ ਮੰਤਰੀ ਤੇ ਉਸ ਦਾ ਗ਼ੈਰ-ਸੰਜੀਦਾ ਟੋਲਾ ਸਰਹੱਦੀ ਸੂਬੇ ਪੰਜਾਬ ਅੰਦਰ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਵੀ ਹਨ ਕਿ ਨਹੀਂ?”

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੀਆਂ ਘਟਨਾਵਾਂ ਉੱਤੇ ‘ਸਿਆਸੀ ਰੋਟੀਆਂ ਸੇਕਣ’ ਵਾਲੇ ਬਿਆਨ ਨੂੰ ਬੇਹੱਦ ਗ਼ੈਰ-ਜ਼ਿੰਮੇਵਾਰਾਨਾ , ਨਿੰਦਣਯੋਗ ਅਤੇ ਚਿੰਤਾ ਜਨਕ ਕਰਾਰ ਦਿੱਤਾ ਜਿਸ ਵਿੱਚ ਮਾਨ ਨੇ ਇਸ ਸਾਰੇ ਘਟਨਾਕ੍ਰਮ ਲਈ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ‘ਤੇ ਇਲਜ਼ਾਮ ਲਾਉਣ ਸਮੇ ਮਾਨ ਸਾਹਿਬ ਭੁੱਲ ਹੀ ਗਏ ਕਿ ਅਜੇ ਕੁਝ ਕੁ ਘੰਟੇ ਪਹਿਲਾਂ ਤਾਂ ਉਹ ਖ਼ੁਦ ਹੀ ਇਹਨਾਂ ਘਟਨਾਵਾਂ ਲਈ ਆਪਣੇ ਹੀ ਅਫ਼ਸਰਾਂ ਦੀ ਪ੍ਰਸ਼ਾਸ਼ਨਿਕ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾ ਚੁੱਕੇ ਸਨ ਅਤੇ ਉਹਨਾਂ ਅਫ਼ਸਰਾਂ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਵੀ ਕਰ ਚੁੱਕੇ ਸਨ।

ਬਾਦਲ ਨੇ ਸਵਾਲ ਚੁੱਕਿਆ ਕਿ ਕੀ ਮਾਨ ਸਾਹਿਬ ਨੂੰ ਅਜੇ ਇਹ ਵੀ ਪਤਾ ਨਹੀਂ ਲੱਗਿਆ ਕਿ ਮੁੱਖ ਮੰਤਰੀ ਦਾ ਅਹੁਦਾ ਸਸਤੀ ਦੂਸ਼ਣਬਾਜ਼ੀ ਰਾਹੀਂ ਗ਼ੈਰ-ਸੰਜੀਦਾ ਮਨੋਰੰਜਨ ਕਰਨ ਕਰਵਾਉਣ ਦਾ ਸਾਧਨ ਨਹੀਂ ਬਲਕਿ ਇਹ ਅਹੁਦਾ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਤੇ ਸੁਆਰਨ ਪ੍ਰਤੀ ਬੇਹੱਦ ਗੰਭੀਰ ਤੇ ਜ਼ਿੰਮੇਵਾਰੀ ਵਾਲੀ ਪਹੁੰਚ ਦੀ ਮੰਗ ਕਰਦਾ ਹੈ।

ਪੰਜਾਬ ਅੰਦਰ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਅਚਾਨਕ ਪੈਦਾ ਹੋਏ ਖ਼ਤਰੇ ਦੇ ਕਾਰਨਾਂ ਬਾਰੇ ਇੱਕ ਅਹਿਮ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ,” ਪਿਛਲੇ ਦਹਾਕਿਆਂ ਦੌਰਾਨ ਪੰਜਾਬ ਤੇ ਪੰਜਾਬੀਆਂ ਨੇ ਕੁਝ ਗ਼ੈਰ-ਪੰਜਾਬੀ ਸਿਆਸਤਦਾਨਾਂ ਤੇ ਪਾਰਟੀਆਂ ਵੱਲੋਂ ਕੀਤੀ ਗਈ ਮੌਕਾਪ੍ਰਸਤੀ ਭਰੀ ਸਿਆਸਤ ਕਰਕੇ ਬਹੁਤ ਸੰਤਾਪ ਹੰਢਾਇਆ ਹੈ, ਅਤੇ ਮੈਂ ਤੇ ਸਮੂਹ ਪੰਜਾਬੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਆਸ ਰੱਖਦੇ ਹਾਂ ਕਿ ਘੱਟੋ-ਘੱਟ ਉਹ ਸਰਹੱਦੀ ਸੂਬੇ ਪੰਜਾਬ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਅਹਿਮੀਅਤ ਤੇ ਗੰਭੀਰਤਾ ਨੂੰ ਸਮਝਣਗੇ, ਅਤੇ ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਭਾਈਚਾਰਕ ਇੱਕਜੁੱਟਤਾ ਨਾਲ ਖਿਲਵਾੜ ਕਰਨ ਵਾਲੀ ਸਿਆਸਤ ਤੋਂ ਗੁਰੇਜ਼ ਕਰਨਗੇ, ਇਹ ਮੇਰੀ ਸਭ ਨੂੰ ਅਪੀਲ ਹੈ।

ਪਟਿਆਲਾ ਵਿਖੇ ਵਾਪਰੀਆਂ ਘਟਨਾਵਾਂ ਬਾਰੇ ਅੱਗੇ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬੀਆਂ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਸਰਕਾਰ ਵਿੱਚ ਬੈਠੇ ਲੋਕਾਂ ਵੱਲੋਂ   ਅਜੇ ਤੱਕ ਇਸ ਨਾਜ਼ੁਕ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਦਾ ਕੋਈ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਅਜੇ ਤੱਕ ਵੀ ਸੂਬੇ ਦੀਆਂ ਸਾਰੀਆਂ ਪਾਰਟੀਆਂ ਤੇ ਵਰਗਾਂ ਨੂੰ ਇਕੱਠੇ ਕਰਨ ਵੱਲ੍ਹ ਕੋਈ ਪਹਿਲਕਦਮੀ ਕੀਤੀ ਨਹੀਂ ਕੀਤੀ ਗਈ, ਅਤੇ ਸਰਕਾਰ ਚਲਾਉਣ ਦੀ ਇਹ ਮੌਕਾਪ੍ਰਸਤ ਤੇ ਟਕਰਾਅ-ਵਾਦੀ ਪਹੁੰਚ ਸੂਬੇ ਦੇ ਅਮਨ ਲਈ ਕੋਈ ਚੰਗਾ ਸ਼ਗਨ ਨਹੀਂ ਹੈ।

ਬਾਦਲ ਨੇ ਸਾਰੇ ਵਰਗਾਂ, ਧਰਮਾਂ, ਸਿਆਸੀ ਪਾਰਟੀਆਂ ਤੇ ਸੰਗਠਨਾਂ ਨਾਲ ਜੁੜੇ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਕੰਮ ਕੀਤਾ ਜਾਵੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!