ਭਾਜਪਾ ਸੂਬੇ ਦੀਆਂ ਪਹਿਲੀ ਵਾਰ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ : ਗਜੇਂਦਰ ਸਿੰਘ ਸ਼ੇਖਾਵਤ
ਵਿਰੋਧੀ ਧਿਰ ਭ੍ਰਿਸ਼ਟਾਚਾਰ ਤੇ ਮਾਫੀਆ ਦਾ ਸਰਪ੍ਰਸਤ, ਜਨਤਾ ਨਾਲ ਕਰ ਰਿਹਾ ਹਵਾਈ ਵਾਅਦੇ, ਲੋਕਾਂ ਨੂੰ ਹੁਣ ਇਹਨਾਂ ਕੋਲੋਂ ਕੁਝ ਨਹੀਂ ਮਿਲੇਗਾ : ਗਜੇਂਦਰ ਸਿੰਘ ਸ਼ੇਖਾਵਤ
ਕੇਂਦਰੀ ਮੰਤਰੀ ਸ਼ੇਖਾਵਤ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਬੂਥ ਪੱਧਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਜਥੇਬੰਦਕ ਮੀਟਿੰਗਾਂ ਦੇ ਦੂਜੇ ਦਿਨ ਵਰਕਰਾਂ ਦਾ ਕੀਤਾ ਮਾਰਗਦਰਸ਼ਨ।
ਚੰਡੀਗੜ੍ਹ, 23 ਨਵੰਬਰ ( ), ਕੇਂਦਰੀ ਜਲ-ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਜੋ ਕਿ ਭਾਜਪਾ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਜਥੇਬੰਦੀ ਦੀ ਨਬਜ਼ ਜਾਣਨ ਅਤੇ ਵਰਕਰਾਂ ਦਾ ਮਾਰਗਦਰਸ਼ਨ ਕਰਨ ਲਈ ਪੁੱਜੇ, ਉਹਨਾਂ ਜਥੇਬੰਦੀ ਦੀ ਮਜ਼ਬੂਤੀ ਲਈ ਵਰਕਰਾਂ ਦਾ ਮਾਰਗਦਰਸ਼ਨ ਕੀਤਾ।
ਗਜੇਂਦਰ ਸਿੰਘ ਸ਼ੇਖਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਸੂਬੇ ਦੀਆਂ 23 ਸੀਟਾਂ ‘ਤੋਂ ਵੱਧ ਕੇ ਪਹਿਲੀ ਵਾਰ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜ ਰਹੀ ਹੈ ਅਤੇ ਇਸ ਲਈ ਉਹ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੂਬੇ ‘ਚ ਵਰਕਰ ਇਸ ਲਈ ਚੋਂਣ ਮੈਦਾਨ ‘ਚ ਉਤਰ ਚੁੱਕੇ ਹਨ। ਇਸੇ ਕੜੀ ਵਿੱਚ ਭਾਜਪਾ ਦੀਆਂ ਜਥੇਬੰਦਕ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਵਿਰੋਧੀ ਧਿਰਾਂ ਜਨਤਾ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਮੁਫਤ ਜਾਂ ਹੋਰ ਤਰ੍ਹਾਂ ਦੇ ਲੁਭਾਉਣੇ ਵਾਦੇ ਕਰ ਰਹੀਆਂ ਹਨ, ਕਿਉਂਕਿ ਉਹ ਸਭ ਜਾਣਦੇ ਹਨ ਕਿ ਜਨਤਾ ਹੁਣ ਇਨ੍ਹਾਂ ਸਾਰਿਆਂ ਨੂੰ ਘਾਹ ਨਹੀਂ ਪਾਵੇਗੀ, ਕਿਉਂਕਿ ਇਹ ਸਭ ਭ੍ਰਿਸ਼ਟਾਚਾਰ ਅਤੇ ਮਾਫੀਆ ਦੇ ਸਰਪ੍ਰਸਤ ਹਨ ਅਤੇ ਜਨਤਾ ਨੂੰ ਹੁਣ ਇਨ੍ਹਾਂ ਕੋਲੋਂ ਕੁਝ ਨਹੀਂ ਮਿਲੇਗਾ। ਪੰਜਾਬ ਸਰਕਾਰ ਦੇ ਰਾਜ ‘ਚ ਜਿਸ ਤਰ੍ਹਾਂ ਨਾਲ ਹਰ ਵਰਗ ਦੁਖੀ ਤੇ ਜ਼ੁਲਮ ਦਾ ਸ਼ਿਕਾਰ ਹੈ, ਹਰ ਉਦਯੋਗ ਬਰਬਾਦੀ ਦੇ ਪੱਧਰ ‘ਤੇ ਹੈ, ਨੌਜਵਾਨ ਨਸ਼ਿਆਂ ਦੀ ਮਾਰ ਹੇਠ ਹਨ, ਬੇਰੁਜ਼ਗਾਰੀ ਆਪਣੇ ਚਰਮ ‘ਤੇ ਹੈ, ਹਰ ਵਰਗ ਪਿਛਲੀਆਂ ਚੋਣਾਂ ‘ਚ ਕੀਤੇ ਵਾਅਦਿਆਂ ਤੋਂ ਦੁਖੀ ਹੈ ਅਤੇ ਕੁਰਲਾ ਰਿਹਾ ਹੈ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸੰਸਦ ਵਿੱਚ ਤਿੰਨੋਂ ਸੋਧੇ ਹੋਏ ਖੇਤੀ ਕਾਨੂੰਨ ਪਾਸ ਕਰਵਾਏ ਸਨ, ਪਰ ਕਿਸਾਨ ਜਥੇਬੰਦੀਆਂ ਨੇ ਵਿਰੋਧੀ ਪਾਰਟੀਆਂ ਦੇ ਪ੍ਰਭਾਵ ਵਿੱਚ ਆ ਕੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਲਿਆ। ਲੋਕਤਾਂਤਰਿਕ ਰਵਈਆ ਅਪਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਇੱਕ ਵਰਗ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਦੇ ਲਾਭਾਂ ਬਾਰੇ ਸਮਝਾਉਣ ‘ਚ ਨਾਕਾਮ ਰਸ਼ੇ, ਇਸ ਲਈ ਅਸੀਂ ਜਮਹੂਰੀ ਸੀਮਾਵਾਂ ਵਿੱਚ ਵਿਸ਼ਵਾਸ ਕਰਦੇ ਹੋਏ ਇਨ੍ਹਾਂ ਨੂੰ ਵਾਪਸ ਲੈ ਰਹੇ ਹਾਂ। ਪੰਜਾਬ ਭਾਜਪਾ ਵਫਦ ਨੇ ਸਮਸਤ ਨਾਨਕ ਨਾਮ ਲੇਵਾ ਸੰਗਤ ਦੀ ਅਵਾਜ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਇਆ ਅਤੇ ਪ੍ਰਧਾਨ ਮੰਤਰੀ ਦੇ ਪੰਜਾਬ ਪ੍ਰਤੀ ਪਿਆਰ ਕਾਰਨ ਗੁਰਪੁਰਬ ਤੋਂ ਪਹਿਲਾਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਪ੍ਰਧਾਨ ਮੰਤਰੀ ਨੇ ਸੰਗਤ ਨੂੰ ਵਿਛੜੇ ਗੁਰੂ-ਧਾਮਾਂ ਦੇ ਦਰਸ਼ਨ ਦੀਦਾਰੇ ਦੋਬਾਰਾ ਕਰਨ ਦੀ ਅਨਮੋਲ ਦਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨਾ ਲਗਭਗ ਤੈਅ ਹੈ, ਕਿਉਂਕਿ ਪੰਜਾਬ ਦੇ ਲੋਕ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਜਵਾਬ ਦੇਣ ਦਾ ਮਨ ਬਣਾ ਚੁੱਕੇ ਹਨ।