ਪਰਗਟ ਸਿੰਘ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਭਰਤੀ ਪ੍ਰਕਿਰਿਆ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਤੇ ਮੰਗਾਂ ਦੇ ਹਰ ਸੰਭਵ ਬਿਹਤਰ ਹੱਲ ਦੇ ਨਿਰਦੇਸ਼
*ਪਰਗਟ ਸਿੰਘ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਭਰਤੀ ਪ੍ਰਕਿਰਿਆ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਤੇ ਮੰਗਾਂ ਦੇ ਹਰ ਸੰਭਵ ਬਿਹਤਰ ਹੱਲ ਦੇ ਨਿਰਦੇਸ਼*
· *ਕੁਝ ਮਾਮਲਿਆਂ ਦੇ ਹੱਲ ਲਈ ਐਡਵੋਕੇਟ ਜਨਰਲ, ਮੁੱਖ ਸਕੱਤਰ ਅਤੇ ਵਿੱਤ ਤੇ ਪਰਸੋਨਲ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਆਖਿਆ*
· *ਸਿੱਖਿਆ ਮੰਤਰੀ ਵੱਲੋਂ ਵੱਖ-ਵੱਖ ਕਾਡਰ ਦੇ ਮੁਲਾਜ਼ਮਾਂ, ਚੱਲ ਰਹੀਆਂ ਭਰਤੀ ਨਾਲ ਸਬੰਧਤ ਉਮੀਦਵਾਰਾਂ ਅਤੇ ਬੇਰੁਜ਼ਗਾਰਾਂ ਨਾਲ ਸਬੰਧਤ 40 ਦੇ ਕਰੀਬ ਯੂਨੀਅਨਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ*
ਚੰਡੀਗੜ੍ਹ, 12 ਅਕਤੂਬਰ
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਕੂਲ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਭਰਤੀ ਪ੍ਰਕਿਰਿਆ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਤੇ ਮੰਗਾਂ ਦੇ ਫ਼ੌਰੀ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਦੀ ਸਮੀਖਿਆ ਕਰਕੇ ਜੋ ਸੰਭਵ ਤੇ ਬਿਹਤਰ ਹੱਲ ਹੋਵੇ, ਉਹ ਤੁਰੰਤ ਕੀਤਾ ਜਾਵੇ ਅਤੇ ਜਿਹੜੇ ਮਾਮਲੇ ਮਾਣਯੋਗ ਅਦਾਲਤਾਂ ਵਿੱਚ ਕੋਰਟ ਕੇਸ ਅਤੇ ਪਰਸੋਨਲ ਤੇ ਵਿੱਤ ਵਿਭਾਗ ਨਾਲ ਸਬੰਧਤ ਹੋਣ ਕਾਰਨ ਪੈਂਡਿੰਗ ਪਏ ਹਨ, ਉਨ੍ਹਾਂ ਦੇ ਹੱਲ ਲਈ ਐਡਵੋਕੇਟ ਜਨਰਲ, ਮੁੱਖ ਸਕੱਤਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਦਾ ਸਾਰਥਿਕ ਨਤੀਜਾ ਕੱਢਿਆ ਜਾਵੇ।
ਪਰਗਟ ਸਿੰਘ ਨੇ ਇਹ ਗੱਲ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਨਾਲ ਸੰਬੰਧਤ ਵੱਖ-ਵੱਖ ਕਾਡਰ ਦੇ ਮੁਲਾਜ਼ਮਾਂ, ਚੱਲ ਰਹੀਆਂ ਭਰਤੀ ਨਾਲ ਸਬੰਧਤ ਉਮੀਦਵਾਰਾਂ ਅਤੇ ਬੇਰੁਜ਼ਗਾਰਾਂ ਨਾਲ ਸਬੰਧਤ 40 ਦੇ ਕਰੀਬ ਯੂਨੀਅਨਾਂ ਨਾਲ ਚੱਲੀਆਂ ਮੀਟਿੰਗ ਦੌਰਾਨ ਕਹੀ। ਉਨ੍ਹਾਂ ਕੁਝ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਮੰਗਾਂ ਉਤੇ ਵਿਸਥਾਰ ਨਾਲ ਚਰਚਾ ਕਰਨ ਲਈ ਮੌਕੇ ਉਤੇ ਹੀ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਨਿੱਜੀ ਤੌਰ ਉਤੇ ਸਮਾਂ ਤੈਅ ਕੀਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਯੂਨੀਅਨ/ਮੁਲਾਜ਼ਮਾਂ ਦੀ ਮੰਗ ਨੂੰ ਸਕਰਾਤਮਕ ਤਰੀਕੇ ਨਾਲ ਹੁੰਦੀ ਹੋਈ ਇਸ ਦੇ ਤੁਰੰਤ ਹੱਲ ਦੀ ਪਹੁੰਚ ਰੱਖਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਬਿਹਤਰ ਹੱਲ ਨਿਕਲ ਸਕਦਾ ਹੈ, ਉਸ ਨੂੰ ਕੱਢਣ ਲਈ ਤੁਰੰਤ ਚਾਰਾਜੋਈ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕੋਰਟ ਕੇਸਾਂ ਕਾਰਨ ਰੁਕੀ ਹੋਈ ਭਰਤੀ ਅਤੇ ਹੋਰ ਕੰਮਾਂ ਨੂੰ ਜਲਦੀ ਹੱਲ ਕਰਨ ਲਈ ਐਡਵੋਕੇਟ ਜਨਰਲ ਨਾਲ ਮੀਟਿੰਗ ਕਰਕੇ ਵਿਚਾਰੇ ਜਾਣ ਵਾਲੇ ਮਾਮਲਿਆਂ ਦੀ ਸੂਚੀ ਬਣਾਈ ਜਾਵੇ।ਇਸੇ ਤਰ੍ਹਾਂ ਅੰਤਰ ਵਿਭਾਗੀ ਮਾਮਲਿਆਂ ਦੇ ਹੱਲ ਲਈ ਵਿੱਤ ਤੇ ਪਰਸੋਨਲ ਵਿਭਾਗ ਨਾਲ ਤੁਰੰਤ ਮੀਟਿੰਗ ਰੱਖਣ ਲਈ ਕਿਹਾ।ਇਸੇ ਤਰ੍ਹਾਂ ਸਿੱਖਿਆ ਮੰਤਰੀ ਨੇ ਪ੍ਰਮੋਸ਼ਨ, ਸਟਾਫ਼ ਦੀ ਰੈਸ਼ਨੇਲਾਈਜੇਸ਼ਨ ਅਤੇ ਜਿਲਾ ਤੇ ਸਟੇਟ ਕਾਡਰ ਦੀ ਤਬਦੀਲੀ ਸਮੇਤ ਮਾਮਲਿਆਂ ਨੂੰ ਵੀ ਪਹਿਲ ਦੇ ਆਧਾਰ ਉਤੇ ਹੱਲ ਲਈ ਵੀ ਮੌਕੇ ਉਤੇ ਕਿਹਾ।
ਸ. ਪਰਗਟ ਸਿੰਘ ਨੇ ਬੇਰੁਜ਼ਗਾਰ ਯੂਨੀਅਨਾਂ ਨੂੰ ਦੱਸਿਆ ਕਿ ਵਿਭਾਗ ਵੱਲੋਂ 18,900 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜੇ ਫੇਰ ਵੀ ਕੋਈ ਲੋੜ ਹੋਈ ਤਾਂ ਹੋਰ ਭਰਤੀ ਵੀ ਕੀਤੀ ਜਾਵੇਗੀ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਮਿਆਰੀ ਸਿੱਖਿਆ ਨੂੰ ਪਹਿਲ ਦਿੰਦੇ ਹੋਏ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਧਾਉਣ ਲਈ ਉਪਰਾਲੇ ਕੀਤੇ ਜਾਣ।
ਮੀਟਿੰਗ ਵਿੱਚ ਸਿੱਖਿਆ ਸਕੱਤਰ ਅਜੋਏ ਸ਼ਰਮਾ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਡਾ ਜਰਨੈਲ ਸਿੰਘ, ਏ.ਐਸ.ਪੀ.ਡੀ. ਮਨੋਜ ਕੁਮਾਰ, ਭਰਤੀ ਸੈਲ ਦੇ ਸਹਾਇਕ ਡਾਇਰੈਕਟਰ ਹਰਪ੍ਰੀਤ ਸਿੰਘ ਤੇ ਸਹਾਇਕ ਡਾਇਰੈਕਟਰ (ਐਲੀਮੈਂਟਰੀ ਸਿੱਖਿਆ) ਬਿੰਦੂ ਗੁਲਾਟੀ ਵੀ ਹਾਜ਼ਰ ਹਨ।