Punjab

ਪੰਜਾਬ ਪੁਲੀਸ ਨੇ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਕੀਤੀ ਰੱਦ; ਜਲਦ ਕਰਵਾਈ ਜਾਵੇਗੀ ਨਵੀਂ ਪ੍ਰੀਖਿਆ

 

ਚੰਡੀਗੜ, 3 ਅਕਤੂਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ‘ਤੇ ਭਰਤੀ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਿਤਾ ਨੂੰ ਕਾਇਮ ਰੱਖਣ ਲਈ, ਪੰਜਾਬ ਪੁਲਿਸ ਨੇ ਸਬ-ਇੰਸਪੈਕਟਰਾਂ (ਐਸਆਈਜ) ਦੀਆਂ 560 ਅਸਾਮੀਆਂ ਭਰਨ ਲਈ ਲਈਆਂ ਗਈਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਪੁਲੀਸ ਦੇ ਚਾਰ ਕਾਡਰ/ਵਿੰਗਜ਼ (ਇਨਵੈਸਟੀਗੇਸ਼ਨ, ਜਿਲਾ, ਆਰਮਡ ਪੁਲਿਸ ਅਤੇ ਇੰਟੈਲੀਜੈਂਸ) ਦੀਆਂ ਅਸਾਮੀਆਂ ਲਈ ਕੰਪਿਊਟਰ ਅਧਾਰਤ ਪ੍ਰੀਖਿਆਵਾਂ 17 ਅਗਸਤ ਤੋਂ 24 ਅਗਸਤ, 2021 ਤੱਕ ਰਾਜ ਦੇ ਵੱਖ -ਵੱਖ ਕੇਂਦਰਾਂ ਵਿਖੇ ਆਯੋਜਿਤ ਕਰਵਾਈਆਂ ਗਈਆਂ ਸਨ।

ਪੰਜਾਬ ਪੁਲਿਸ ਦੇ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਐਸਆਈਜ ਦੀ ਭਰਤੀ ਲਈ ਨਵੀਆਂ ਪ੍ਰੀਖਿਆਵਾਂ ਕਰਵਾਉਣ ਦੀਆਂ ਤਾਰੀਖਾਂ ਨੂੰ ਜਲਦੀ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ।

ਸਬ-ਇੰਸਪੈਕਟਰਾਂ ਦੀ ਭਰਤੀ ਲਈ ਗਠਿਤ ਕੀਤੇ ਗਏ ਭਰਤੀ ਬੋਰਡ ਨੇ ਧੋਖਾਧੜੀ ਅਤੇ ਪ੍ਰੀਖਿਆ ਵਿੱਚ ਨਕਲ ਦੀਆਂ ਰਿਪੋਰਟਾਂ ਤੋਂ ਬਾਅਦ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਸਬੰਧ ਵਿੱਚ, ਡੀਜੀਪੀ ਦਫਤਰ ਨੂੰ 27 ਸਤੰਬਰ, 2021 ਨੂੰ ਰਿਪੋਰਟ ਪ੍ਰਾਪਤ ਹੋਈ ਅਤੇ ਡੀਜੀਪੀ ਨੇ ਸ਼ਨੀਵਾਰ (2 ਅਕਤੂਬਰ, 2021) ਨੂੰ ਭਰਤੀ ਬੋਰਡ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਧੋਖਾਧੜੀ ਅਤੇ ਨਕਲ ਸੰਬੰਧੀ ਸ਼ਿਕਾਇਤਾਂ ਦੇ ਆਧਾਰ ‘ਤੇ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਤਿੰਨ ਐਫਆਈਆਰਜ਼- ਐਸਏਐਸ ਨਗਰ, ਪਟਿਆਲਾ ਅਤੇ ਖੰਨਾ ਜ਼ਿਲੇ -ਵਿਖੇ ਦਰਜ ਕੀਤੀਆਂ ਜਾ ਚੁੱਕੀਆਂ ਹਨ।

ਬੁਲਾਰੇ ਨੇ ਕਿਹਾ ਕਿ ਦਰਜ ਮਾਮਲਿਆਂ ਦੀ ਨਿਰਪੱਖ ਅਤੇ ਤੇਜੀ ਨਾਲ ਜਾਂਚ ਕਰਨ ਦੇ ਮੱਦੇਨਜ਼ਰ ਡੀਜੀਪੀ ਵਲੋਂ 15 ਸਤੰਬਰ 2021 ਨੂੰ ਏਡੀਜੀਪੀ ਪ੍ਰਮੋਦ ਬਾਨ (ਵਿਸ਼ੇਸ਼ ਅਪਰਾਧ ਅਤੇ ਆਰਥਿਕ ਅਪਰਾਧ ਵਿੰਗ, ਪੰਜਾਬ) ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਵੀ ਕੀਤਾ ਗਿਆ । ਐਸਆਈਟੀ ਵਲੋਂ ਉਕਤ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਹੁਣ ਤੱਕ ਤਿੰਨ ਐਫਆਈਆਰਜ਼ ਤਹਿਤ 20 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।

ਇੱਥੇ ਦੱਸਣਯੋਗ ਹੈ ਕਿ ਆਈਪੀਸੀ ਦੀ ਧਾਰਾ 420, 465, 468, 471, 120-ਬੀ ਅਤੇ ਆਈਟੀ ਐਕਟ ਦੀ ਧਾਰਾ 66 ਡੀ ਅਧੀਨ ਐਫਆਈਆਰ ਨੰਬਰ 240 ਮਿਤੀ 16.09.2021 ਪਟਿਆਲਾ ਦੇ ਥਾਣਾ ਅਨਾਜ ਮੰਡੀ ਵਿਖੇ ਦਰਜ ਕੀਤੀ ਗਈ ਹੈ। ਜਦੋਂ ਕਿ ਆਈਪੀਸੀ ਦੀ ਧਾਰਾ 420 , 465, 467, 468, 471, 120-ਬੀ ਅਤੇ 66 ਡੀ ਆਈਟੀ ਐਕਟ ਦੇ ਅਧੀਨ ਇੱਕ ਹੋਰ ਐਫਆਈਆਰ ਨੰਬਰ 126 ਮਿਤੀ 13.09.2021 , ਥਾਣਾ ਮੁਹਾਲੀ ਦੇ ਫੇਜ -8 ਵਿਖੇ ਦਰਜ ਕੀਤੀ ਗਈ ਹੈ। ਤੀਜੀ ਐਫਆਈਆਰ ਨੰ: 170 ਮਿਤੀ 23.08.2021 ਆਈਪੀਸੀ ਦੀ ਧਾਰਾ 420, 467, 468, 471,120-ਬੀ ਅਤੇ ਆਈਟੀ ਐਕਟ ਦੀ ਧਾਰਾ 66 ਸੀ ਤਹਿਤ ਥਾਣਾ ਸਿਟੀ -2 ਖੰਨਾ ਵਿਖੇ ਦਰਜ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!