ਸਰਕਾਰੀ ਸਕੂਲਾਂ ਦੀ ਮਾਪੇ-ਅਧਿਆਪਕ ਮਿਲਣੀ ਨੂੰ ਮਿਲਿਆ ਵੱਡਾ ਹੁੰਗਾਰਾ
ਸਰਕਾਰੀ ਸਕੂਲਾਂ ਦੀ ਮਾਪੇ-ਅਧਿਆਪਕ ਮਿਲਣੀ ਨੂੰ ਮਿਲਿਆ ਵੱਡਾ ਹੁੰਗਾਰਾ
*ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਸੁਚੱਜੀ ਅਗਵਾਈ ਦਿੱਤੀ*
ਜਲੰਧਰ 5 ਅਪ੍ਰੈਲ ( )
ਸਕੂਲ ਸਿੱਖਿਆ ਮੰਤਰੀ,ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨਅੀਰ ਸੈਕੰਡਰੀ ਸਕੂਲਾਂ ਵਿੱਚ ਨਾਨ-ਬੋਰਡ ਜਮਾਤਾਂ ਦੇ ਬੱਚਿਆਂ ਦੇ ਸਾਲਾਨਾ ਨਤੀਜੇ ਸਬੰਧੀ ਜਾਣਕਾਰੀ ਦੇਣ ਲਈ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ।
ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਕਰਨ ਵਾਲੇ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ, ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਨੇ ਵਧਾਈ ਦਿੱਤੀ। ਉਹਨਾਂ ਪੰਜਾਬ ਦੇ ਸਮੂਹ ਨਾਨ-ਬੋਰਡ ਜਮਾਤਾਂ ਦੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਧੀਆ ਸਿੱਖਿਆ ਪ੍ਰਾਪਤੀ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਗੁਰਭਜਨ ਸਿੰਘ ਲਾਸਾਨੀ ਵੱਲੋਂ ਮਾਪੇ-ਅਧਿਆਪਕ ਮਿਲਣੀ ਨੂੰ ਸਫ਼ਲ ਬਣਾਉਣ ਲਈ ਸਮੂਹ ਬੀਐਨਓ , ਬੀਪੀਈਓ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਸਾਹਿਬਾਨਾਂ ਨੰ ਵਧਾਈ ਦਿਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉੱਪ ਜਿਲ੍ਹਾ ਸਿੱਖਿਆ ਅਫ਼ਸਰ ( ਸੈ.ਸਿ) ਰਾਜੀਵ ਜੋਸ਼ੀ ਨੇ ਦੱਸਿਆ ਕਿ ਇਸ ਵਾਰ ਮਾਪੇ-ਅਧਿਆਪਕ ਮਿਲਣੀ ਵਿੱਚ ਵੱਧ ਤੋਂ ਵੱਧ ਮਾਪਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੱਖ-ਵੱਖ ਸਾਧਨਾਂ ਰਾਹੀਂ ਪ੍ਰਚਾਰ ਕੀਤਾ ਸੀ ਜਿਸ ਵਿੱਚ ਪਬਲਿਕ ਅਨਾਊਂਸਮੈਂਟ, ਸੋਸ਼ਲ਼ ਮੀਡੀਆ ਦੀ ਵਰਤੋਂ ਕਰਦਿਆਂ ਮਾਪਿਆਂ ਨੂੰ ਨਿਜੀ ਸੁਨੇਹੇ, ਵਾਇਸ
ਮੈਸੇਜ, ਪਤਵੰਤੇ ਸੱਜਣਾਂ ਨੂੰ ਸਕੂਲਾਂ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸੱਦਾ ਪੱਤਰ ਆਦਿ ਨਿਵੇਕਲੇ ਉਪਰਾਲੇ ਕੀਤੇ ਗਏ।
ਕਈ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਅਤੇ ਵਿੱਦਿਆਰਥੀਆਂ ਲਈ ਅੱਜ ਦਾ ਦਿਨ ਯਾਦਗਾਰੀ ਬਣਾਉਣ ਹਿੱਤ ਬਹੁਤ ਹੀ ਸੁੰਦਰ ਅਤੇ ਵਿਸ਼ੇਸ਼ ਸੇਲਫੀ ਪੁਆਇੰਟ ਤਿਆਰ ਕੀਤੇ ਗਏ ਜਿੱਥੇ ਖੜ੍ਹ ਕੇ ਬੱਚਿਆਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨਾਲ ਫੋਟੋਆਂ ਖਿਚਵਾਈਆਂ।
ਇਸਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਮਾਪਿਆਂ, ਸਰਪ੍ਰਸਤਾਂ ਅਤੇ ਪਤਵੰਤੇ ਸੱਜਣਾਂ ਨੂੰ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਬੱਚਿਆਂ ਨੂੰ ਨਵੇਂ ਸ਼ੈਸ਼ਨ ਵਿੱਚ ਵਧੀਆ ਪੜ੍ਹਾਈ ਲਈ ਸ਼ੁਭਕਾਮਨਾਵਾਂ ਦਿਤੀਆਂ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀਆਂ ਪਿਛਲ਼ੇ ਸਾਲ ਦੀਆਂ ਕਿਤਾਬਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਬਣੇ ਬੁੱਕ ਬੈਂਕ ਲਈ ਭੇਂਟ ਕੀਤਾ। ਉਹਨਾਂ ਕਿਹਾ ਕਿ ਇਸ ਨਾਲ ਨਵੇਂ ਬੱਚਿਆਂ ਨੂੰ ਕਿਤਾਬਾਂ ਬਿਨਾਂ ਦੇਰੀ ਉਪਲਬਧ ਹੋਣਗੀਆਂ। ਵੱਖ-ਵੱਖ ਸਕੂਲਾਂ ਵਿੱਚ ਸਮੁਦਾਇ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਮੁਖੀਆਂ ਨੇ ਸਕੂਲਾਂ ਦੇ ਬਿਹਤਰੀਨ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ।