Punjab

*ਭ੍ਰਿਸ਼ਟਾਚਾਰ ਅਤੇ ਮਾਫੀਆ ਖਿਲਾਫ਼ ਸਰਕਾਰ ਦੀ ਕਾਰਵਾਈ ਤੋਂ ਵਿਰੋਧੀ ਆਗੂ ਘਬਰਾ ਗਏ ਹਨ ਅਤੇ ਉਨ੍ਹਾਂ ਨੂੰ ਜੇਲ ਜਾਣ ਦਾ ਡਰ ਲੱਗ ਰਿਹਾ : ਭਗਵੰਤ ਮਾਨ*

ਇਸ ਲਈ ਸਾਰੀਆਂ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ: ਭਗਵੰਤ ਮਾਨ
-ਇੱਕ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਵੇਂ ਬਣ ਗਿਆ, ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ: ਭਗਵੰਤ ਮਾਨ
-ਮੁੱਖ ਮੰਤਰੀ ਨੇ ਸਿਮਰਨਜੀਤ ਮਾਨ ’ਤੇ ਕੀਤੀ ਟਿੱਪਣੀ, ‘ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਉਹ ਤਲਵਾਰ ਦੀ: ਭਗਵੰਤ ਮਾਨ
-ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਹਰਸਿਮਰਤ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ?
ਬਰਨਾਲਾ, 16 ਜੂਨ 2022
‘ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਬੀਬਾ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ, ਜਦੋਂ ਕਿ ਇਹ ਦੋਵੇਂ ਪਤੀ- ਪਤਨੀ ਸੰਸਦ ਮੈਂਬਰ ਹਨ? ਇਨ੍ਹਾਂ ਨੇ ਐਨੇ ਸਾਲਾਂ ਤੋਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੁਡਾਇਆ? ਸੁਖਬੀਰ ਬਾਦਲ ਦੱਸੇ ਕਿ ਬੰਦੀ ਸਿੰਘਾਂ ਨੂੰ ਛੁਡਾਉਣ ਦਾ ਮਾਮਲਾ ਸੰਸਦ ਦੇ ਕਿਸ ਨਿਯਮ ’ਚ ਲਿਖਿਆ ਹੋਇਆ ਹੈ।’ ਇਹ ਸਾਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਸ਼੍ਰ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ ਹਨ। ਮਾਨ ਨੇ ਕਿਹਾ ਕਿ ਅਸਲ ’ਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਘਰ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਬਣ ਗਿਆ।


ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਆਏ ਸਨ। ਪ੍ਰਚਾਰ ਦੌਰਾਨ ਮਾਨ ਨੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡਾਂ ਸ਼ਹਿਣਾ, ਪੱਖੋਂ ਕੈਂਚੀਆਂ, ਭਦੌੜ, ਉਗੋਕੇ, ਢਿੱਲਵਾਂ, ਤਪਾ, ਤਾਜੋਕੇ, ਪੱਖੋਂ ਕਲਾਂ, ਰੁੜੇਕੇ ਕਲਾਂ, ਧੌਲਾ ਅਤੇ ਬਰਨਾਲਾ ਹਲਕੇ ਦੇ ਪਿੰਡਾਂ ਹੰਡਿਆਇਆ, ਬਰਨਾਲਾ ਸ਼ਹਿਰ, ਕਚਿਹਰੀ ਚੌਂਕ, ਸੰਧੂ ਪੱਤੀ, ਸੰਘੇੜਾ, ਕਰਮਗੜ੍ਹ, ਨੰਗਲ, ਝਲੂਰ, ਸੇਖਾ, ਫਰਵਾਹੀ, ਰਾਜਗੜ੍ਹ, ਉਪਲੀ ਅਤੇ ਕੱਟੂ ਵਿੱਚ ‘ਰੋਡ ਸ਼ੋਅ’ ਕੀਤਾ ਅਤੇ ਲੋਕਾਂ ਨੂੰ ‘ਝਾੜੂ’ ਦੇ ਨਿਸ਼ਾਨ ’ਤੇ ਮੋਹਰਾਂ ਲਾ ਕੇ ਗੁਰਮੇਲ ਸਿੰਘ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੀ ਤਰੀਫ਼ ਕਰਦਿਆਂ ਮੁੱਖੀ ਮੰਤਰੀ ਮਾਨ ਨੇ  ਕਿਹਾ ਕਿ ਗੁਰਮੇਲ ਸਿੰਘ ਉਨ੍ਹਾਂ (ਮਾਨ) ਵਾਂਗ ਹੀ ਆਮ ਘਰ ਦਾ ਨੌਜਵਾਨ ਹੈ ਅਤੇ ਆਮ ਆਦਮੀ ਦਾ ਦੁੱਖ- ਦਰਦ ਸਮਝਦਾ ਹੈ। ਇਹ ਸਰਪੰਚ ਸੰਸਦ ਮੈਂਬਰ ਬਣ ਕੇ ਸੰਗਰੂਰ ਦੇ ਆਮ ਲੋਕਾਂ ਦੀ ਆਵਾਜ਼ ਲੋਕ ਸਭਾ ’ਚ ਚੁੱਕੇਗਾ।
ਮੁੱਖ ਮੰਤਰੀ ਮਾਨ ਨੇ ਵਿਰੋਧੀ ਪਾਰਟੀਆਂ ਵੱਲੋਂ ‘ਆਪ’ ਸਰਕਾਰ ਦੀ ਕੀਤੀ ਜਾਂਦੀ ਅਲੋਚਨਾ ਦਾ ਜਵਾਬ ਦਿੰਦਿਆਂ ਕਿਹਾ, ‘‘ਅਸੀਂ ਭ੍ਰਿਸ਼ਟਾਚਾਰ ਦੀ ਜੜ੍ਹ ’ਤੇ ਹਮਲਾ ਕਰ ਰਹੇ ਹਾਂ, ਇਸੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ ਹਨ। ਭ੍ਰਿਸ਼ਟਾਚਾਰ ਅਤੇ ਮਾਫੀਆ ਖਿਲਾਫ਼ ਸਰਕਾਰ ਦੀ ਕਾਰਵਾਈ ਤੋਂ ਵਿਰੋਧੀ ਆਗੂ ਘਬਰਾ ਗਏ ਹਨ ਅਤੇ ਉਨ੍ਹਾਂ ਨੂੰ ਜੇਲ ਜਾਣ ਦਾ ਡਰ ਲੱਗ ਰਿਹਾ ਹੈ।’’
ਮੁੱਖ ਮੰਤਰੀ ਨੇ ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਦੀ ਅਲੋਚਨਾ ਕਰਦਿਆਂ ਕਿਹਾ, ‘‘ਅਸੀਂ ਪਿਆਰ ਦੀ ਗੱਲ ਕਰਦੇ ਹਾਂ। ਪੰਜਾਬ ਦੀ ਅਮਨ- ਸ਼ਾਂਤੀ ਅਤੇ ਭਾਈਚਾਰੇ ਦੀ ਗੱਲ ਕਰਦੇ ਹਾਂ। ਪੰਜਾਬ ਦਾ ਪਾਣੀ ਅਤੇ ਕਿਸਾਨੀ ਬਚਾਉਣ ਦੀ ਗੱਲ ਕਰਦੇ ਹਾਂ। ਨੌਜਵਾਨਾਂ ਲਈ ਰੋਜ਼ਗਾਰ ਦੀ ਗੱਲ ਕਰਦੇ ਹਾਂ, ਜਦੋਂ ਉਹ (ਸਿਮਰਨਜਤੀ ਮਾਨ) ਗੋਲੀ, ਬੰਦੂਕ ਅਤੇ ਤਲਵਾਰ ਦੀਆਂ ਗੱਲਾਂ ਕਰਦੇ ਹਨ। ਬੰਦੂਕ ਅਤੇ ਤਲਵਾਰ ਨਾਲ ਕਿਸੇ ਵੀ ਸਮਾਜ ਦਾ ਭਲਾ ਨਹੀਂ ਹੁੰਦਾ। ਸਮਾਜ ਦਾ ਭਲਾ ਹੁੰਦਾ ਹੈ ਸਹੀ ਸੋਚ ਅਤੇ ਸਹੀ ਯਤਨਾਂ ਨਾਲ। ’’
ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਬਣੇ ਨੂੰ ਕੇਵਲ ਤਿੰਨ ਮਹੀਨੇ ਹੋਏ ਹਨ। ਪਰ ਐਨੇ ਘੱਟ ਸਮੇਂ ’ਚ ਸਰਕਾਰ ਨੇ ਬਹੁਤ ਸਾਰੇ ਇਤਿਹਾਸਕ ਫ਼ੈਸਲੇ ਕੀਤੇ ਹਨ, ਜਿਹੜੇ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪਿਛਲੇ 75 ਸਾਲਾਂ ’ਚ ਨਹੀਂ ਕੀਤੇ ਸਨ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਅਤੇ ਭ੍ਰਿਸ਼ਟਾਚਾਰ ਮੁੱਕਤ ਪ੍ਰਸ਼ਾਸਨ ਦੇਣਾ ਹੈ। ਇਸ ਦਿਸ਼ਾ ’ਚ ਉਹ ਤੇਜ਼ੀ ਨਾਲ ਕੰਮ ਕਰ ਰਹੇ ਹਨ। ਕਈ ਭ੍ਰਿਸ਼ਟਾਚਾਰੀ ਆਗੂਆਂ ਅਤੇ ਮੰਤਰੀਆਂ ’ਤੇ ਕਾਰਵਾਈ ਕੀਤੀ ਗਈ ਹੈ ਅਤੇ ਕਈ ਵੱਡੇ- ਵੱਡੇ ਆਗੂਆਂ ਦੇ ਕਾਰਨਾਮਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਲਦੀ ਹੀ ਉਨ੍ਹਾਂ ’ਤੇ ਵੀ ਕਾਰਵਾਈ ਹੋਵੇਗੀ।
ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਲੋਕਾਂ ਦਾ ਇੱਕ- ਇੱਕ ਪੈਸਾ ਹੁਣ ਲੋਕਾਂ ’ਤੇ ਖਰਚ ਹੋ ਰਿਹਾ ਹੈ। ਮਾਫੀਆਂ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਰਿਹਾ ਹੈ। ਪਿਛਲੀਆਂ ਸਰਕਾਰਾਂ ’ਚ ਜਿਹੜਾ ਸਿਆਸੀ ਆਗੂਆਂ ਦਾ ਮਾਫੀਆ ਨਾਲ ਗਠਜੋੜ ਸੀ, ਉਹ ਗਠਜੋੜ ਹੁਣ ਟੁੱਟ ਚੁੱਕਾ ਹੈ। ਇਸ ਲਈ ਭ੍ਰਿਸ਼ਟਾਚਾਰੀ ਆਗੂ ਅਤੇ ਮਾਫੀਆ ‘ਆਪ’ ਸਰਕਾਰ ਖ਼ਿਲਾਫ਼ ਹੋ ਗਿਆ ਹੈ ਅਤੇ ਸਰਕਾਰ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਪਰ ਇਨ੍ਹਾਂ ਨੂੰ ਹਰਾ ਕੇ ਆਪਾਂ ਸਭ ਨੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ, ਸੰਪਨ ਅਤੇ ਵਿਕਸਤ ਬਣਾਉਣਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!