January 17, 2021

ਜੇ ਕੇਂਦਰ ਕਾਲੇ ਕਾਨੂੰਨਾਂ ਨੂੰ ਗ਼ਲਤ ਮੰਨਨ ਲੱਗਾ ਹੈ ਤਾਂ ਫਿਰ ਬਿਨਾਂ ਦੇਰੀ ਕਾਨੂੰਨ ਰੱਦ ਕਰੇ : ਸੁਨੀਲ ਜਾਖੜ

ਜੇ ਕੇਂਦਰ ਕਾਲੇ ਕਾਨੂੰਨਾਂ ਨੂੰ ਗ਼ਲਤ ਮੰਨਨ ਲੱਗਾ ਹੈ ਤਾਂ ਫਿਰ ਬਿਨਾਂ ਦੇਰੀ ਕਾਨੂੰਨ ਰੱਦ ਕਰੇ : ਸੁਨੀਲ ਜਾਖੜ

-ਖੇਤੀ ਰਾਜਾਂ ਦਾ ਵਿਸ਼ਾ ਤੇ ਇਸ ਸਬੰਧੀ ਰਾਜ ਸਰਕਾਰਾਂ ਨੂੰ ਲੋਕਾਂ ਦੀ ਇੱਛਾ ਅਨੁਸਾਰ ਫੈਸਲੇ ਕਰਨ ਦੇਵੇ ਕੇਂਦਰ
-ਪੰਜਾਬ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੀ ਹੈ ਕੇਂਦਰ ਦੀ ਭਾਜਪਾ ਸਰਕਾਰ
-ਕਿਸਾਨੀ ਸੰਘਰਸ਼ ਦੇ ਹੱਕ ਵਿਚ ਕਾਂਗਰਸ ਵੱਲੋਂ ਸ਼ੰਭੂ ਬਾਰਡਰ ‘ਤੇ ਰੋਸ ਧਰਨਾ
ਸ਼ੰਭੂ, 14 ਦਸੰਬਰ:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਸੰਭੂ ਬਾਰਡਰ ‘ਤੇ ਜੀ.ਟੀ. ਰੋਡ ‘ਤੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਦਿੱਤੇ ਵੱਡੇ ਰੋਸ਼ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਜਦ ਕੇਂਦਰ ਸਰਕਾਰ ਮੰਨ ਰਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਚ ਖਾਮੀਆਂ ਹਨ ਅਤੇ ਕੇਂਦਰ ਰਾਜ ਸਰਕਾਰਾਂ ਨੂੰ ਤਰਮੀਮ ਕਰਨ ਦੀ ਛੋਟ ਦੇਣ ਨੂੰ ਤਿਆਰ ਹੈ ਤਾਂ ਫਿਰ ਕੇਂਦਰ ਬਿਨਾਂ ਦੇਰੀ ਇਹ ਕਾਨੂੰਨ ਰੱਦ ਕਰੇ ਅਤੇ ਪਹਿਲਾਂ ਦੀ ਸਥਿਤੀ ਬਹਾਲ ਕੀਤੀ ਜਾਵੇ।  
ਸੂੁੁਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਨੂੰ ਮੁੜ ਬਹਾਲ ਕਰੇ ਅਤੇ ਸੰਵਿਧਾਨ ਅਨੁਸਾਰ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿਸ਼ਿਆਂ ਤੇ ਰਾਜ ਸਰਕਾਰਾਂ ਨੂੰ ਕਾਨੂੰਨ ਬਣਾਉਣ ਦੀ ਆਗਿਆ ਦੇਵੇ। ਉਨਾਂ ਨੇ ਕਿਹਾ ਕਿ ਦੇਸ਼ ਦੇ ਸੰਘੀ ਸਵਰੂਪ ਨੂੰ ਬਣਾਈ ਰੱਖਣ ਲਈ ਲਾਜਮੀ ਹੈ ਕਿ ਸੰਵਿਧਾਨ ਦੀ ਮੂਲ ਭਾਵਨਾ ਨਾਲ ਛੇੜਛਾੜ ਨਾ ਹੋਵੇ।
ਉਨਾਂ ਨੇ ਕਿਹਾ ਕਿ ਅਸਲ ਵਿਚ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਹੀ ਇਹ ਕਾਨੂੰਨ ਲਾਗੂ ਕਰਨ ਤੇ ਅੜੀ ਹੋਈ ਹੈ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਰਕਾਰੀ ਆਮਦਨ ਸ਼ੋ੍ਰਤਾਂ ਤੇ ਜੀਐਸਟੀ ਰਾਹੀਂ ਕੀਤੇ ਏਕਾਧਿਕਾਰ ਕਾਰਨ ਰਾਜਾਂ ਦੇ ਅਧਿਕਾਰ ਬਹੁਤ ਸੀਮਤ ਕਰ ਦਿੱਤੇ ਹਨ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਐਮ.ਐਸ.ਪੀ. ਦੀ ਹਾਮੀ ਭਰੇ ਅਤੇ ਬਾਕੀ ਖੇਤੀ ਸਬੰਧੀ ਫੈਸਲੇ ਲੈਣ ਦਾ ਅਧਿਕਾਰ ਰਾਜਾਂ ਨੂੰ ਦੇਵੇ ਤਾਂ ਇਸ ਸਮੱਸਿਆ ਦਾ ਸਥਾਈ ਹੱਲ ਹੋ ਸਕਦਾ ਹੈ।
ਆਪਣੇ ਸੰਬੋਧਨ ਵਿਚ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਫ਼ਖ਼ਰ ਹੈ ਕਿ ਇੰਨਾਂ ਕਾਲੇ ਕਾਨੂੰਨਾਂ ਖ਼ਿਲਾਫ਼ ਉਸਨੇ ਸਭ ਤੋਂ ਪਹਿਲਾਂ ਅਵਾਜ ਬੁਲੰਦ ਕੀਤੀ। ਉਨਾਂ ਨੇ ਕੇਂਦਰ ਸਰਕਾਰ ਦੇ ਇੰਨਾਂ ਇਲਜਾਮਾਂ ਦੀ ਜੋਰਦਾਰ ਨਿੰਦਾ ਕੀਤੀ ਕਿ ਇਹ ਸੰਘਰਸ਼ ਕਰ ਰਹੇ ਲੋਕ ਟੁਕੜੇ ਟੁਕੜੇ ਗੈਂਗ ਦੇ ਲੋਕ ਹਨ। ਉਨਾਂ ਨੇ ਅਜਿਹੇ ਭੜਕਾਊ ਬਿਆਨ ਦੇਣ ਵਾਲਿਆਂ ਨੂੰ ਯਾਦ ਕਰਵਾਇਆ ਕਿ ਅਸੀਂ ਉਸ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਾਰਿਸ ਹਾਂ ਜਿੰਨਾਂ ਨੇ ਦੇਸ਼ ਅਤੇ ਧਰਮ ਦੀ ਰੱਖਿਆ ਲਈ ਦਿੱਲੀ ਵਿਚ ਜਾ ਕੇ ਆਪਣਾ ਸ਼ੀਸ ਵਾਰਿਆ ਸੀ। ਉਨਾਂ ਨੇ ਕਿਹਾ ਕਿ ਪੰਜਾਬੀ ਤਾਂ ਪੂਰੇ ਮੁਲਕ ਦੇ ਕਿਸਾਨਾਂ ਅਤੇ ਗਰੀਬਾਂ ਦੀ ਲੜਾਈ ਲੜ ਰਹੇ ਹਨ।
  ਜਾਖੜ ਨੇ ਕਿਹਾ ਕਿ ਅਸਲ ਵਿਚ ਭਾਜਪਾ ਦੇ ਮਨ ਵਿਚ ਪੰਜਾਬ ਪ੍ਰਤੀ ਨਫ਼ਰਤ ਭਰੀ ਹੋਈ ਹੈ। ਇਸੇ ਲਈ ਜਾਣ ਬੁਝ ਕੇ ਪੰਜਾਬ ਨੂੰ ਨਿਸ਼ਾਣਾ ਬਣਾਇਆ ਜਾ ਰਿਹਾ ਹੈ ਅਤੇ ਇਹ ਕਾਲੇ ਕਾਨੂੰਨ ਲਾਗੂ ਕਰਨ ਪਿੱਛੇ ਵੀ ਇਹੀ ਸੋਚ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਮਿਲਣੀ ਐਮਐਸਪੀ ਬੰਦ ਕਰਕੇ ਇੱਥੋਂ ਦੇ ਲੋਕਾਂ ਨੂੰ ਆਰਥਿਕ ਮੰਦਹਾਲੀ ਵਿਚ ਸੁੱਟ ਦਿੱਤਾ ਜਾਵੇ।
ਜਾਖੜ ਨੇ ਕਿਹਾ ਕਿ ਕੋਈ ਸਿਰਫ ਫੌਜੀ ਵਰਦੀ ਪਾ ਲੈਣ ਨਾਲ ਜਵਾਨ ਨਹੀਂ ਬਣ ਜਾਂਦਾ ਅਤੇ ਚੋਣਾਂ ਤੋਂ ਪਹਿਲਾਂ ਹੈਲੀਕਾਪਟਰ ਤੇ ਹਾੜੀ ਵੱਢਣ ਦੀ ਫੋਟੋ ਖਿਚਵਾ ਕਿਸਾਨ ਨਹੀਂ ਬਣ ਜਾਂਦਾ ਹੈ। ਉਨਾਂ ਨੇ ਕਿਹਾ ਕਿ ਕਿਸਾਨ ਦਿੱਲੀ ਦੀ ਹੱਦ ਤੇ ਡਟੇ ਹੋਏ ਅਤੇ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਹਨ ਪਰ ਦੇਸ਼ ਦੀ ਸੱਤਾ ਤੇ ਕਾਬਜ ਭਾਜਪਾ ਸਰਕਾਰ ਕਾਰਪੋਰੇਟਾਂ ਕੋਲ ਦੇਸ਼ ਹੀ ਵੇਚਣ ਤੇ ਤੁਲੀ ਹੋਈ ਹੈ।
ਅਕਾਲੀ ਦਲ ਦਾ ਜਿਕਰ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅੱਜ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ ਹੈ ਪਰ ਇਸ ਦੇ ਆਗੂਆਂ ਵੱਲੋਂ ਆਪਣੇ ਲੋਕਾਂ ਨਾਲ ਕੀਤੀ ਗੱਦਾਰੀ ਕਾਰਨ ਇਹ ਲੋਕ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਜੋਗੇ ਵੀ ਨਹੀਂ ਰਹੇ ਹਨ। ਉਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ ਵਿਚ ਭਾਈਵਾਲ ਰਹਿੰਦਿਆਂ ਇਹ ਕਾਲੇ ਕਾਨੂੰਨ ਲਾਗੂ ਕਰਵਾਏ ਅਤੇ ਹੁਣ ਕੁਰਬਾਨੀ ਦਾ ਨਾਟਕ ਕਰ ਰਹੇ ਹਨ ਜਦ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਇੰਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰ ਚੁੱਕੀ ਹੈ। ਉਨਾਂ ਨੇ ਕਿਹਾ ਕਿ ਅਜਿਹੇ ਦੋਹਰੇ ਕਿਰਦਾਰ ਦੇ ਲੋਕਾਂ ਦਾ ਸੱਚ ਪੰਜਾਬ ਦੇ ਲੋਕ ਖੂਬ ਸਮਝਦੇ ਹਨ।
ਇਸ ਤੋਂ ਪਹਿਲਾਂ ਬੋਲਦਿਆਂ ਪੰਜਾਬ ਕਾਂਗਰਸ ਦੇ ਇੰਚਾਰਚ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕਿਸਾਨਾਂ ਦੀ ਅਵਾਜ ਬੁਲੰਦ ਕਰਦੀ ਰਹੇਗੀ। ਉਨਾਂ ਨੇ ਕਿਹਾ ਕਿ ਸਾਨੂੰ ਫਖ਼ਰ ਹੈ ਕਿ ਅਸੀਂ ਕਿਸਾਨ ਦੇ ਨਾਲ ਖੜੇ ਹਾਂ। ਉਨਾਂ ਨੇ ਕਿਹਾ ਕਿ ਜੋ ਕਿਸਾਨਾਂ ਦੇ ਨਾਂਅ ਤੇ ਜਿੱਤ ਕੇ ਗਏ ਸਨ ਉਨਾਂ ਨੇ ਤਾਂ ਭਾਜਪਾ ਨਾਲ ਮਿਲ ਕੇ ਇਹ ਕਾਨੂੰਨ ਲਾਗੂ ਕਰਵਾਏ। ਉਨਾਂ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਇੰਨਾਂ ਤਿੰਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ।
ਸ਼ੰਭੂ ਬਾਰਡਰ ‘ਤੇ ਕਾਂਗਰਸ ਵੱਲੋਂ ਕਿਸਾਨਾਂ ਦੇ ਨਾਲ ਇਕਮੁੱਠਤਾ ਦਿਖਾਉਣ ਲਈ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸਾਨੀ ਦਾ ਸੰਘਰਸ਼ ਹਿੰਦੁਸਤਾਨ ਦੀ ਬਦਲ ਰਹੀ ਤਕਦੀਰ ਦੀ ਤਰਜ਼ਮਾਨੀ ਕਰ ਰਿਹਾ ਹੈ। ਉਨਾਂ ਸਰ ਛੋਟੂ ਰਾਮ ਦਾ ਜਿਕਰ ਕਰਦਿਆਂ ਕਿਹਾ ਕਿ ਉਨਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ਦਾ ਕਿਸਾਨ ਸੁਖੀ ਤਾਂ ਪੰਜਾਬ ਸੁਖੀ ਅਤੇ ਜੇਕਰ ਕਿਸਾਨ ਦੁਖੀ ਤਾਂ ਪੰਜਾਬ ਦੁਖੀ, ਇਸ ਲਈ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੇ ਅੱਜ ਮੁੜ ਤੋਂ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਦੁਖੀ ਕੀਤਾ ਹੈ।
ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਤਬਾਹਕੁੰਨ ਫੈਸਲੇ ਕਰਕੇ ਦੇਸ਼ ਨੂੰ ਬਰਬਾਦੀ ਦੇ ਕੰਢੇ ਲੈ ਆਂਦਾ ਹੈ। ਉਨਾਂ ਨੇ ਮਰਹੂਮ ਬੇਅੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਨੂੰ ਦੇਣ ਦਾ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਤਿੰਨ ਵਾਰ ਪੰਜਾਬ ਨੂੰ ਕਮਜ਼ੋਰ ਕਰਨ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਇਸਦੀ ਰਾਖੀ ਕੀਤੀ।  
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੇਸ਼ ਦੀ ਕਿਸਾਨੀ ਤੇ ਖੁਸ਼ਹਾਲੀ ਦੀ ਲੜਾਈ ਲੜ ਰਹੇ ਹਨ ਪੰਜਾਬ ਦੇ ਸੂਰਮਿਆਂ ਨੂੰ ਸਲਾਮ ਕਰਦਿਆਂ ਉਮੀਦ ਜਤਾਈ ਕਿ ਇਸ ਸੰਘਰਸ਼ ਵਿੱਚ ਜਿੱਤ ਯਕੀਨੀ ਹੈ। ਲਾਮਿਸਾਲ ਧਰਨੇ ਦੌਰਾਨ ਮੰਚ ਸੰਚਾਲਨ ਕਰਦਿਆਂ ਪੰਜਾਬ ਦੇ ਜੇਲਾਂ ਤੇ ਸਹਿਕਾਰਤਾ ਮੰਤਰੀ ਨੇ ਨਰਿੰਦਰ ਮੋਦੀ ਸਮੇਤ ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਨੇ ਇਸ ਸੰਘਰਸ਼ ਦੀ ਅਗਵਾਈ ਕੀਤੀ ਹੈ ਤੇ ਮੋਦੀ ਤੇ ਖੱਟਰ ਵੱਲੋਂ ਕਿਸਾਨਾਂ ਦੇ ਰਸਤੇ ਵਿੱਚ ਪੁੱਟੇ ਟੋਇਆਂ ਵਿੱਚ ਹੁਣ ਭਾਜਪਾ ਨੂੰ ਦੱਬਕੇ ਇਨਾਂ ਦੀ ਆਕੜ ਭੰਨੀ ਜਾਵੇਗੀੇ। ਸ. ਰੰਧਾਵਾ ਨੇ ਬਾਦਲਾਂ ਨੂੰ ਆਨੰਦਪੁਰ ਦੇ ਮਤੇ ਦੇ ਭਗੌੜੇ ਕਰਾਰ ਦਿੰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੂੰ ਫ਼ਖਰ-ਏ-ਕੌਮ ਨਹੀਂ ਬਲਕੇ ਗ਼ਦਾਰ-ਏ-ਕੌਮ ਦਾ ਅਵਾਰਡ ਮਿਲਣਾ ਚਾਹੀਦਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਲਕਾ ਰਾਜਪੁਰਾ ਤੇ ਘਨੌਰ ਦੇ ਵਿਧਾਇਕਾਂ ਹਰਦਿਆਲ ਸਿੰਘ ਤੇ ਮਦਨ ਲਾਲ ਜਲਾਲਪੁਰ ਦੇ ਨਾਲ ਲਾਮਿਸਾਲ ਇਕੱਠ ਦੌਰਾਨ ਪੰਡਾਲ ਵਿੱਚ ਪੁੱਜੇ ਲੋਕਾਂ ਨਾਲ ਗੱਲਬਾਤ ਕੀਤੀ।  
ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਤਰਸੇਮ ਸਿੰਘ ਡੀਸੀ, ਪਵਨ ਆਦੀਆ, ਕੁਲਜੀਤ ਸਿੰਘ ਨਾਗਰਾ, ਹਰਮਿੰਦਰ ਸਿੰਘ ਗਿੱਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਸ ਧਰਨੇ ਲਈ ਉਨਾਂ ਦੀ ਸੇਵਾ ਲਗਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
ਧਰਨੇ ਦੌਰਾਨ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਤੇ ਮੁਹੰਮਦ ਸਦੀਕ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਸੁਰੱਖਿਆ ਮੰਤਰੀ ਭਾਰਤ ਭੂਸ਼ਨ ਆਸ਼ੂ, ਮਾਲ ਤੇ ਮੁੜ ਵਸੇਬਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਗੇਜ਼ਾ ਰਾਮ, ਅਮਰੀਕ ਸਿੰਘ ਆਲੀਵਾਲ, ਕ੍ਰਿਸ਼ਨ ਕੁਮਾਰ ਬਾਵਾ, ਜੋਗਿੰਦਰ ਸਿੰਘ ਮਾਨ ਸਮੇਤ ਪੰਜਾਬ ਦੇ ਹੋਰ ਵਿਧਾਇਕ, ਹਲਕਾ ਇੰਚਾਰਜਾਂ ਸਣੇ ਵੱਡੀ ਗਿਣਤੀ ਹੋਰ ਆਗੂ ਤੇ ਵਰਕਰ ਮੌਜੂਦ ਸਨ।