
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ 2027 ਵਿਚ ਸੱਤਾ ਵਿਚ ਆਉਣ ’ਤੇ ਹੜ੍ਹ ਮਾਰੇ ਇਲਾਕਿਆਂ ਵਿਚ ਬੰਨਾਂ ਅਤੇ ਦਰਿਆਈ ਕੰਢਿਆਂ ’ਤੇ ਪੱਕੇ ਬੰਨ ਬਣਾਵੇਗੀ
ਚੰਡੀਗੜ੍ਹ/ਫਿਲੌਰ, 21 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ 2027 ਵਿਚ ਸੱਤਾ ਵਿਚ ਆਉਣ ’ਤੇ ਹੜ੍ਹ ਮਾਰੇ ਇਲਾਕਿਆਂ ਵਿਚ ਬੰਨਾਂ ਅਤੇ ਦਰਿਆਈ ਕੰਢਿਆਂ ’ਤੇ ਪੱਕੇ ਬੰਨ ਬਣਾਵੇਗੀ ਤਾਂ ਜੋ ਪੰਜਾਬ ਵਿਚੋਂ ਹੜ੍ਹਾਂ ਦਾ ਹਮੇਸ਼ਾ ਹਮੇਸ਼ਾ ਲਈ ਖ਼ਾਤਮਾ ਹੋ ਸਕੇ।
ਇਥੇ ਇਸ ਹਲਕੇ ਵਿਚ ਧੁੱਸੀ ਬੰਨ ’ਤੇ ਇਕੱਤਰ ਹੋਏ ਪਿੰਡਾਂ ਵਾਲਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੇ ਤੁਹਾਨੂੰ ਫੇਲ੍ਹ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਕੰਮ ਵਿਚ ਵੀ ਅਸਫਲਤਾ ਵਿਖਾਈ ਹੈ ਜਿਸ ਕਾਰਨ ਪੰਜਾਬ ਵਿਚ ਹੜ੍ਹ ਕਈ ਗੁਣਾ ਵੱਧ ਗਏ ਹਨ।
ਉਹਨਾਂ ਕਿਹਾ ਕਿ ਮੈਂ ਇਸ ਸਾਰੇ ਮਸਲੇ ਦਾ ਪੱਕਾ ਹੱਲ ਲੱਭਣ ਲਈ ਦ੍ਰਿੜ੍ਹ ਸੰਕਲਪ ਹਾਂ। ਉਹਨਾਂ ਕਿਹਾ ਕਿ ਉਹ ਨਾ ਸਿਰਫ ਅਹਿਮ ਬੰਨਾਂ ਅਤੇ ਦਰਿਆਈ ਕੰਢਿਆਂ ਨੂੰ ਪੱਕਿਆਂ ਕਰਨਗੇ ਬਲਕਿ ਉਹ ਘੱਗਰ ਦਰਿਆ ਦੀ ਮਾਰ ਤੋਂ ਬਚਾਉਣ ਵਾਸਤੇ ਵੀ ਪੱਕੇ ਬੰਨ ਦਾ ਪ੍ਰਬੰਧ ਕਰਨਗੇ।
ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 2023 ਵਿਚ ਆਏ ਪਿਛਲੇ ਹੜ੍ਹਾਂ ਦੇ ਵੇਲੇ ਤੋਂ ਮਾਰ ਝੱਲ ਰਹੇ ਹਨ। ਉਹਨਾਂ ਦੱਸਿਆ ਕਿ 2023 ਦੇ ਹੜ੍ਹਾਂ ਵਿਚ ਸੜਕਾਂ ਬਰਬਾਦ ਹੋ ਗਈਆਂ ਸਨ ਜਿਹਨਾਂ ਦੀ ਅੱਜ ਤੱਕ ਕੋਈ ਮੁਰੰਮਤ ਨਹੀਂ ਹੋ ਸਕੀ ਅਤੇ ਧੁੱਸੀ ਬੰਨਾਂ ਨੂੰ ਮਜ਼ਬੂਤ ਕਰਨ ਵਾਸਤੇ ਤਾਂ ਕੋਈ ਯਤਨ ਹੀ ਨਹੀਂ ਕੀਤੇ ਗਏ। ਵੁਹਨਾਂ ਕਿਹਾ ਕਿ ਆਪ ਸਰਕਾਰਨੇ ਸਾਨੂੰ ਪਹਿਲਾਂ ਵੀ ਇਕੱਲਿਆਂ ਛੱਡ ਦਿੱਤਾ ਸੀ ਤੇ ਹੁਣ ਵੀ ਅਣਡਿੱਠ ਕੀਤਾ ਹੈ।
ਸਰਦਾਰ ਬਾਦਲ ਨੇ ਪਿੰਡਾਂ ਦੀਆਂ ਕਮੇਟੀਆਂ ਨੂੰ ਭਰੋਸਾ ਦੁਆਇਆ ਕਿ ਉਹ ਬੰਨ ਨੂੰ ਮਜ਼ਬੂਤ ਕਰਨ ਵਾਸਤੇ 4 ਹਜ਼ਾਰ ਲੀਟਰ ਡੀਜ਼ਲ ਪ੍ਰਦਾਨ ਕਰਨਗੇ ਅਤੇ ਨਾਲ ਹੀ ਕਿਸਾਨਾਂ ਦੇ ਖੇਤਰਾਂ ਵਿਚੋਂ ਰੇਤਾਂ ਕੱਢਣ ਤੇ ਸੜਕਾਂ ਦੀ ਮੁਰੰਮਤ ਵਾਸਤੇ ਵੀ ਮਦਦ ਕਰਨਗੇ। ਉਹਨਾਂ ਨੇ ਇਹ ਵੀ ਭਰੋਸਾ ਦੁਆਇਆ ਕਿ ਉਹ ਇਸ ਵਾਸਤੇ ਟਰੈਕਟਰ ਤੇ ਜੇ ਸੀ ਬੀ ਮਸ਼ੀਨਾਂ ਵੀ ਭੇਜਣਗੇ ਤੇ ਉਹਨਾਂ ਪਿੰਡ ਦੀ ਕਮੇਟੀ ਨੂੰ ਵੀ ਮੌਕੇ ’ਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਖਹਿਰਾ ਵੀ ਸਨ, ਨੇ ਇਹ ਵੀ ਦੱਸਿਆ ਕਿ ਪਾਰਟੀ ਸਾਰੇ ਹੜ੍ਹ ਪ੍ਰਭਾਵਤ ਕਿਸਾਨਾਂ ਕੋਲ ਪਸ਼ੂਆਂ ਵਾਸਤੇ ਮੱਕੀ ਦਾ ਅਚਾਰ ਭੇਜ ਰਹੀ ਹੈ ਅਤੇ ਉਹਨਾਂ ਪਿੰਡਾਂ ਦੀਆਂ ਕਮੇਟੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਲੋੜਾਂ ਤੋਂ ਸ੍ਰੀ ਬਲਦੇਵ ਖਹਿਰਾ ਨੂੰ ਜਾਣੂ ਕਰਵਾਉਣ।ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਇਕ ਵਿਆਪਕ ਪ੍ਰੋਗਰਾਮ ਉਲੀਕਿਆ ਹੈ ਜਿਸ ਤਹਿਤ ਅਸੀਂ ਇਕ ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਪ੍ਰਦਾਨ ਕਰਾਂਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਕ ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਪ੍ਰਦਾਨ ਕਰੇਗੀ।
ਉਹਨਾਂ ਨੇ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿਚ ਫੇਰ ਨਾ ਕਰੇ। ਉਹਨਾਂ ਕਿਹਾ ਕਿ ਮੁਆਵਜ਼ਾ ਦੇਣ ਦਾ ਸਮਾਂ ਹੁਣ ਹੈ ਜਦੋਂ ਸਿਕਾਨਾਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਉਹਨਾਂ ਦੇ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ।ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਬਾਕੀ ਰਹਿੰਦੇ 2 ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਦੇ ਨਾਲ-ਨਾਲ ਡੀ ਏ ਪੀ ਖਾਦ ਵੀ ਕਿਸਾਨਾਂ ਨੂੰ ਪ੍ਰਦਾਨ ਕਰਨੀ ਚਾਹੀਦੀ ਹੈ।