May 12, 2021

ਕਾਰਪੋਰੇਟਾਂ ਸਹਾਰੇ ਨਾ ਤਾਂ ਭੋਜਨ ਸੁਰੱਖਿਆ ਛੱਡੀ ਜਾ ਸਕਦੀ ਹੈ ਤੇ ਨਾ ਹੀ ਰਾਸ਼ਟਰੀ ਸੁਰੱਖਿਆ : ਸੁਨੀਲ ਜਾਖੜ

ਕਾਰਪੋਰੇਟਾਂ ਸਹਾਰੇ ਨਾ ਤਾਂ ਭੋਜਨ ਸੁਰੱਖਿਆ ਛੱਡੀ ਜਾ ਸਕਦੀ ਹੈ ਤੇ ਨਾ ਹੀ ਰਾਸ਼ਟਰੀ ਸੁਰੱਖਿਆ : ਸੁਨੀਲ ਜਾਖੜ

ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਭਾਰਤ ਬੰਦ ਦੀ ਹਮਾਇਤ ਦਾ ਐਲਾਣ
ਜ਼ਿਲਾ ਪੱਧਰ ਤੇ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ
ਚੰਡੀਗੜ, 7 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ  ਸੁਨੀਲ ਜਾਖੜ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਯਾਦ ਕਰਵਾਇਆ ਹੈ ਕਿ ਨਾ ਤਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦਾ ਕੰਮ ਕਿਸੇ ਕਾਰਪੋਰੇਟ ਨੂੰ ਦਿੱਤਾ ਜਾ ਸਕਦਾ ਹੈ ਅਤੇ ਨਾ ਹੀ 135 ਕਰੋੜ ਭਾਰਤੀਆਂ ਦੀ ਭੋਜਨ ਸੁਰੱਖਿਆ ਦਾ ਜਿੰਮਾ ਵੱਡੀਆਂ ਕੰਪਨੀਆਂ ਨੂੰ ਸੌਂਪਿਆ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਸਲ ਵਿਚ ਦੇਸ਼ ਦੀ ਭੋਜਨ ਸੁਰੱਖਿਆ ਨਾਲ ਜੁੜੀ ਹੋਈ ਹੈ।
ਇਸੇ ਲਈ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ 8 ਦਸੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਇਸ ਤੋਂ ਬਿਨਾਂ 8 ਦਸੰਬਰ ਨੂੰ ਪਾਰਟੀ ਵੱਲੋਂ ਜ਼ਿਲਾ ਪੱਧਰ ਤੇ ਕੇਂਦਰ ਸਰਕਾਰ ਖਿਲਾਫ ਰੋਸ਼ ਮੁਜਾਹਿਰੇ ਵੀ ਕੀਤੇ ਜਾਣਗੇ।
ਜਾਖੜ ਨੇ ਕਿਹਾ ਕਿ ਅੱਜ ਸਾਡਾ ਕਿਸਾਨ ਦੇਸ਼ ਦੀ ਭੋਜਨ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਦਰਵਾਜੇ ਤੇ ਬੈਠਾ ਹੈ ਜਦ ਕਿ ਉਸਦੇ ਬੇਟੇ ਦੇਸ਼ ਦੀਆਂ ਕੌਮੀ ਸਰਹੱਦਾਂ ਦੀ ਰਾਖੀ ਲਈ ਬਾਰਡਰਾਂ ਦੇ ਪਹਿਰਾ ਦੇ ਰਹੇ ਹਨ। ਉਨਾਂ ਨੇ ਕਿਹਾ ਕਿ ਇਹ ਮੁਲਕ ਦੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਇੰਨਾਂ ਹਲਾਤਾਂ ਵਿਚ ਵੀ ਦੇਸ਼ ਦੀ ਸਰਕਾਰ ਕਾਲੇ ਕਾਨੂੰਨ ਵਾਪਿਸ ਲੈਣ ਨੂੰ ਤਿਆਰ ਨਹੀਂ ਹੋ ਰਹੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਲੌਬਿੰਗ ਕਰਨ ਵਰਗੇ ਅਨੈਤਿਕ ਕਾਰਜ ਵਿਚ ਲਿਪਤ ਹੋਈ ਪਈ ਹੈ ਜਦ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਬਿਨਾ ਦੇਰੀ ਕਿਸਾਨਾਂ ਦੀ ਗੱਲ ਮੰਨ ਕੇ ਕਾਲੇ ਕਾਨੂੰਨ ਰੱਦ ਕਰੇ। ਉਨਾਂ ਨੇ ਕਿਹਾ ਕਿ ਖੇਤੀ ਦਾ ਵਪਾਰੀਕਰਨ ਸਹਿਨ ਨਹੀਂ ਕੀਤਾ ਜਾ ਸਕਦਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਸਦ ਭਵਨ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਦੀ ਕਾਹਲੀ ਵਿਚ ਹਨ ਪਰ ਜਦ ਕੇਂਦਰ ਸਰਕਾਰ ਸੰਸਦ ਵਿਚ ਕੋਈ ਚਰਚਾ ਹੀ ਕਰਨ ਨੂੰ ਤਿਆਰ ਨਹੀਂ ਹੈ ਤਾਂ ਫਿਰ ਮੰਦੀ ਦੇ ਇਸ ਦੌਰ ਵਿਚ ਨਵਾਂ ਭਵਨ ਉਸਾਰਨ ਦਾ ਕੀ ਮਹੱਤਵ ਰਹਿ ਜਾਂਦਾ ਹੈ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਰਕਾਰ ਲੋਕਾਂ ਨਾਲ ਜੁੜੇ ਮੁੱਦਿਆਂ ਦੀ ਸੰਸਦ ਵਿਚ ਚਰਚਾ ਕਰਨ ਲਈ ਅੱਗੇ ਆਵੇ ਨਾ ਕੇ ਆਪਣੇ ਏਂਜਡੇ ਲੋਕਾਂ ਤੇ ਥੋਪ ਕੇ ਲੋਕਤੰਤਰਿਕ ਪ੍ਰੰਪਰਾਵਾਂ ਦਾ ਘਾਣ ਕਰੇ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਨ ਦੀ ਗੱਲ ਕਰਨ ਦੀ ਬਜਾਏ ਲੋਕਾਂ ਦੇ ਮਨ ਦੀ ਗੱਲ ਸੁਣਨ।
ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਘੋਲ ਦੇ ਨਾਲ ਖੜੀ ਹੈ ਅਤੇ ਸ਼ੁਰੂ ਤੋਂ ਹੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ। ਇਸ ਲਈ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕਿਸਾਨਾਂ ਦੇ ਹਿੱਤ ਲਈ ਲੜੀ ਜਾ ਰਹੀ ਲੜਾਈ ਵਿਚ ਪਾਰਟੀ ਆਪਣਾ ਨਿਮਾਣਾ ਯੋਗਦਾਨ ਪਾਉਂਦਿਆਂ ਭਾਰਤ ਬੰਦ ਦੇ ਫੈਸਲੇ ਦਾ ਪੂਰਨ ਸਮਰੱਥਨ ਕਰਦੀ ਹੈ। ਉਨਾਂ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਚੂਰ ਕੇਂਦਰ ਸਰਕਾਰ ਦੇ ਬਹਿਰੇ ਕੰਨਾਂ ਤੱਕ ਦੇਸ਼ ਦੇ ਕਿਸਾਨਾਂ ਦੀ ਅਵਾਜ ਪਹੁੰਚਾਉਣ ਲਈ ਜਰੂਰੀ ਹੈ ਕਿ ਹਰ ਇਕ ਦੇਸ਼ ਵਾਸੀ ਕਿਸਾਨ ਅੰਦੋਲਣ ਦਾ ਸਾਥ ਦੇਵੇ। ਉਨਾਂ ਨੇ ਕਿਹਾ ਕਿ ਬੇਸੱਕ ਸਿੱਧੇ ਤੌਰ ਤੇ ਇਹ ਕਿਸਾਨ ਅੰਦੋਲਣ ਹੈ ਪਰ ਜੇਕਰ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਛੋਟਾ ਵਪਾਰੀ, ਦੁਕਾਨਦਾਰ, ਮਜਦੂਰ, ਟਰਾਂਸਪੋਰਟਰ, ਆੜਤੀਏ ਆਦਿ ਸਭ ਤੇ ਇੰਨਾਂ ਦੇ ਗੰਭੀਰ ਮਾੜੇ ਅਸਰ ਪੈਣਗੇ।
ਸੂਬਾ ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਪਾਰਟੀ ਵੱਲੋਂ 8 ਦਸੰਬਰ 2020 ਨੂੰ ਜ਼ਿਲਾ ਪੱਧਰ ਤੇ ਕੇਂਦਰ ਸਰਕਾਰ ਖਿਲਾਫ ਧਰਨੇ ਲਗਾਉਣ ਦਾ ਵੀ ਨਿਰਣਾ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਇਸ ਸਬੰਧੀ ਸਮੂਹ ਜ਼ਿਲਾ ਇਕਾਈਆਂ ਨੂੰ ਕਿਹਾ ਗਿਆ ਹੈ ਕਿ ਆਪੋ ਆਪਣੇ ਜ਼ਿਲਾ ਸਦਰ ਮੁਕਾਮ ਤੇ ਪਾਰਟੀ ਵੱਲੋਂ ਕੇਂਦਰ ਸਰਕਾਰ ਖਿਲਾਫ ਧਰਨੇ ਲਗਾ ਕੇ ਕਿਸਾਨਾਂ ਦੀ ਅਵਾਜ ਬੁਲੰਦ ਕੀਤੀ ਜਾਵੇ।
ਪਰ ਨਾਲ ਹੀ ਜਾਖੜ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਭਾਰਤ ਬੰਦ ਦੌਰਾਨ ਹਰ ਹੀਲੇ ਸਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਿਆ ਜਾਵੇ ਅਤੇ ਸਾਂਤਮਈ ਅਤੇ ਲੋਕਤਾਂਤਰਿਕ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਵਾਇਆ ਜਾਵੇ।