Punjab

ਕੈਪਟਨ ਅਮਰਿੰਦਰ ਨੇ ਕੀਤਾ ਸਪਸ਼ਟ, ਕਿਹਾ ਕਾਂਗਰਸ ਛੱਡ ਰਿਹਾ ਹਾਂ ਪਰ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਿਹਾ

ਸੀਨੀਅਰ ਆਗੂਆਂ ਨੂੰ ਹਾਸ਼ੀਏ ਤੇ ਕਰਨ ਦੇ ਚਲਦਿਆਂ ਕਾਂਗਰਸ ਦਿਨ ਬ ਦਿਨ ਹੇਠਾਂ ਜਾ ਰਹੀ ਹੈ

ਪਾਰਟੀ ਵਰਕਰਾਂ ਦੁਆਰਾ ਕਪਿਲ ਸਿੱਬਲ ਦੇ ਘਰ ‘ਤੇ ਹਮਲੇ ਦੀ ਕੀਤੀ ਨਿੰਦਾ,  ਪਾਕਿਸਤਾਨ ਦੇ ਖ਼ਤਰੇ ਨੂੰ ਘੱਟ ਸਮਝਣ ਵਾਲਿਆਂ ਨੂੰ ਲਿਆ ਆੜੇ ਹੱਥੀਂ

ਚੰਡੀਗੜ੍ਹ/ਨਵੀਂ ਦਿੱਲੀ, 30 ਸਤੰਬਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਪਸ਼ਟ ਕੀਤਾ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਕਾਂਗਰਸ ਵਿੱਚ ਵੀ ਬਣੇ ਰਹਿਣ ਦਾ ਕੋਈ ਇਰਾਦਾ ਨਹੀਂ ਹੈ, ਜੋ ਕਿ ਸੀਨੀਅਰ ਆਗੂਆਂ ਨੂੰ ਅਣਦੇਖਿਆ ਕਰਨ ਅਤੇ ਉਨ੍ਹਾਂ ਦੀ ਆਵਾਜ਼ ਅਣਸੁਣੀ ਕਰਨ ਦੇ ਚਲਦਿਆਂ ਲਗਾਤਾਰ ਹੇਠਾਂ ਵੱਲ ਜਾ ਰਹੀ ਹੈ।

ਭਾਜਪਾ ਵਿੱਚ ਸ਼ਾਮਲ ਹੋਣ ਵਰਗੇ ਕਿਸੇ ਵੀ ਕਦਮ ਤੋਂ ਇਨਕਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਸ ਕਾਂਗਰਸ ਪਾਰਟੀ ਨੂੰ ਛੱਡ ਦੇਣਗੇ ਜਿੱਥੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਸੀ ਅਤੇ ਉਨ੍ਹਾਂ ‘ਤੇ ਭਰੋਸਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਅਸਤੀਫ਼ਾ ਦੇ ਦਿਆਂਗਾ ਅਤੇ ਪਾਰਟੀ ਵਿੱਚ ਨਹੀਂ ਰਹਾਂਗਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੰਜਾਬ ਦੇ ਹਿੱਤ ਵਿੱਚ, ਜਿਸਦੀ ਸੁਰੱਖਿਆ ਉਨ੍ਹਾਂ ਲਈ ਅਜੇ ਵੀ ਮੁੱਖ ਤਰਜੀਹ ਹੈ, ਨੂੰ ਲੈ ਕੇ ਆਪਣੇ ਵਿਕਲਪਾਂ ਬਾਰੇ ਵਿਚਾਰ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਅਪਮਾਨਜਨਕ ਰਵੱਈਆ ਬਰਦਾਸ਼ਤ ਨਹੀਂ ਕਰਨਗੇ ਅਤੇ ਨਾ ਹੀ ਉਹ ਇਸ ਬੇਇਜਤੀ ਨੂੰ ਸਹਿਣਗੇ।  ਉਨ੍ਹਾਂ ਦੇ ਸਿਧਾਂਤ ਹੁਣ ਉਨ੍ਹਾਂ ਨੂੰ ਕਾਂਗਰਸ ਵਿੱਚ ਰਹਿਣ ਦੀ ਆਗਿਆ ਨਹੀਂ ਦਿੰਦੇ।

ਸੀਨੀਅਰ ਕਾਂਗਰਸੀ ਆਗੂਆਂ ਨੂੰ ਪਾਰਟੀ ਦੇ ਭਵਿੱਖ ਲਈ ਬੇਹੱਦ ਜਰੂਰੀ ਦੱਸਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਨੇਤਾ ਯੋਜਨਾਵਾਂ ਉਲੀਕਣ ਲਈ ਪੂਰੀ ਤਰ੍ਹਾਂ ਯੋਗ ਹਨ ਅਤੇ ਨੌਜਵਾਨ ਲੀਡਰਸ਼ਿਪ ਨੂੰ ਉਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।ਪ੍ਰੰਤੂ ਅਫਸੋਸ ਪਾਰਟੀ ਵਿੱਚ ਸੀਨੀਅਰ ਨੇਤਾਵਾਂ ਨੂੰ ਸਾਈਡਲਾਈਨ ਕੀਤਾ ਜਾ ਰਿਹਾ ਹੈ ਅਤੇ ਇਹ ਪਾਰਟੀ ਲਈ ਚੰਗੀ ਗੱਲ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਪਿਲ ਸਿੱਬਲ ਦੇ ਘਰ ਤੇ ਪਾਰਟੀ ਵਰਕਰਾਂ ਦੁਆਰਾ ਕੀਤੇ ਗਏ ਹਮਲੇ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਕਪਿਲ ਸਿੱਬਲ ਦੇ ਵਿਚਾਰ ਪਾਰਟੀ ਲੀਡਰਸ਼ਿਪ ਨੂੰ ਪਸੰਦ ਨਹੀਂ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਦੇ ਲੋਕ ਪੰਜਾਬ ਦੇ ਭਵਿੱਖ ਲਈ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਤਜ਼ਰਬੇ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦੇ ਲੋਕ ਕਿਸੇ ਵੀ ਇੱਕ ਪਾਰਟੀ/ਤਾਕਤ ਨੂੰ ਵੋਟ ਪਾਉਣ ਦੀ ਇੱਛਾ ਰੱਖਦੇ ਹਨ, ਚਾਹੇ ਮੈਦਾਨ ਵਿੱਚ ਕਿੰਨੇ ਵੀ ਪਾਰਟੀਆਂ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਸ਼ਾਸਨ ਪਾਕਿਸਤਾਨ ਨੂੰ ਸੂਬੇ ਅਤੇ ਦੇਸ਼ ਵਿੱਚ ਮੁਸੀਬਤਾਂ ਪੈਦਾ ਕਰਨ ਦਾ ਮੌਕਾ ਦੇਵੇਗਾ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਐਨਐਸਏ ਅਜੀਤ ਡੋਵਾਲ ਨਾਲ ਉਨ੍ਹਾਂ ਦੀ ਮੀਟਿੰਗ ਇਸੇ ਮੁੱਦੇ ‘ਤੇ ਕੇਂਦਰਤ ਸੀ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਨੇ ਬੀਤੇ ਕੱਲ੍ਹ ਆਪਣੀ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਿਸਾਨਾਂ ਦੇ ਮੁੱਦੇ ਦੇ ਨਾਲ ਨਾਲ ਸੁਰੱਖਿਆ ਬਾਰੇ ਵੀ ਆਪਣੀ ਚਿੰਤਾਵਾਂ ਜਾਹਿਰ ਕੀਤੀਆਂ ਸਨ।

ਪੰਜਾਬ ਵਿੱਚ ਵੱਧ ਰਹੇ ਪਾਕਿਸਤਾਨੀ ਖਤਰੇ ਨੂੰ ਕਮਜ਼ੋਰ ਆਂਕਣ ਵਾਲਿਆਂ ‘ਤੇ ਵਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪਾਕਿਸਤਾਨ ਦੇ ਖ਼ਤਰੇ ਨੂੰ ਅਣਦੇਖਿਆ ਕਰਕੇ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਕੈਪਟਨ ਨੇ ਕਿਹਾ ਕਿ ਉਹ (ਪਾਕਿ ਸਮਰਥਿਤ ਤੱਤ) ਹਰ ਰੋਜ਼ ਸਾਡੇ ਸੈਨਿਕਾਂ ਦੀ ਹੱਤਿਆ ਕਰ ਰਹੇ ਹਨ, ਉਹ ਡਰੋਨ ਰਾਹੀਂ ਰਾਜ ਵਿੱਚ ਹਥਿਆਰ ਭੇਜ ਰਹੇ ਹਨ। ਅਸੀਂ ਇਨ੍ਹਾਂ ਖਤਰਿਆਂ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਾਂ।

ਨਵਜੋਤ ਸਿੰਘ ਸਿੱਧੂ ਬਾਰੇ ਆਪਣੀ ਰਾਏ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਨੇ ਉਸਨੂੰ ਸਿਰਫ ਇੱਕ ਭੀੜ ਇਕੱਠੀ ਕਰਨ ਵਾਲਾ ਦੱਸਿਆ ਜੋ ਕਿ ਇਹ ਨਹੀਂ ਜਾਣਦਾ ਕਿ ਆਪਣੀ ਟੀਮ ਨੂੰ ਨਾਲ ਲੈ ਕੇ ਅੱਗੇ ਕਿਵੇਂ ਚੱਲਣਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਉਨ੍ਹਾਂ ਆਪਣੇ ਆਪ ਤੋਂ ਇਲਾਵਾ ਨਿੱਜੀ ਤੌਰ ਤੇ ਕਈ ਪੀਪੀਸੀਸੀ ਮੁਖੀਆਂ ਨਾਲ ਕੰਮ ਕੀਤਾ ਹੈ ਅਤੇ ਉਹ ਸਿੱਧੂ ਵਾਂਗ ਡਰਾਮੇਬਾਜ਼ੀ ਵਿੱਚ ਸ਼ਾਮਲ ਹੋਏ ਬਗੈਰ, ਆਪਣੇ ਮਸਲੇ ਸੁਲਝਾਉਂਦੇ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!