ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦੋ ਸਾਲਾਂ ਲਈ ਗੱਤਕਾ ਐਵਾਰਡਾਂ ਲਈ ਨਾਵਾਂ ਦਾ ਐਲਾਨ
ਚੰਡੀਗੜ 7 ਅਗਸਤ ( ) ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਅਤੇ ਗੱਤਕਾ ਦੀ ਸਭ ਤੋਂ ਪੁਰਾਣੀ ਰਜ਼ਿਸਟਰਡ ਖੇਡ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ ਵੱਲੋਂ ਸਥਾਪਿਤ ਕੀਤੇ ਗਏ ਤਿੰਨ ਚੋਟੀ ਦੇ ਗੱਤਕਾ ਐਵਾਰਡਾਂ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ ਗੁਰੂ ਹਰਸਹਾਏ, ਜ਼ਿਲਾ ਫ਼ਿਰੋਜ਼ਪੁਰ ਵਿਖੇ 9 ਅਗਸਤ ਨੂੰ ਨੌਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪ੍ਰਦਾਨ ਕੀਤੇ ਜਾਣਗੇ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਚੇਅਰਮੈਨ ਰਾਮ ਸਿੰਘ ਰਾਠੌਰ ਅਤੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ 7ਵੇਂ ਅੰਤਰਰਾਸ਼ਟਰੀ ਗੱਤਕਾ ਦਿਵਸ ਨੂੰ ਸਮਰਪਿਤ ਇਹ ਐਵਾਰਡ ਸਾਲ 2020 ਅਤੇ ਸਾਲ 2021 ਲਈ, ਭਾਵ ਦੋ ਸਾਲਾਂ ਲਈ, ਛੇ ਸ਼ਖਸ਼ੀਅਤਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ। ਇੰਨਾਂ ਐਵਾਰਡਾਂ ਸਬੰਧੀ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਗੱਤਕਾ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਸ. ਬਲਦੇਵ ਸਿੰਘ ਬੋਪਾਰਾਏ ਗੁਰਦਾਸਪੁਰ ਅਤੇ ਸ. ਅਵਤਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਰਵਉੱਚ ‘ਗੱਤਕਾ ਗੌਰਵ ਐਵਾਰਡ’ ਲਈ ਚੋਣ ਕੀਤੀ ਗਈ ਹੈ। ਇਸੇ ਤਰਾਂ ਗੱਤਕਾ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰਨ ਬਦਲੇ ਗੱਤਕੇਬਾਜ਼ ਸਿਮਰਨਜੀਤ ਸਿੰਘ ਚੰਡੀਗੜ ਅਤੇ ਅਕਵਿੰਦਰ ਕੌਰ ਕਪੂਰਥਲਾ ਨੂੰ ‘ਐਨ.ਜੀ.ਏ.ਆਈ. ਗੱਤਕਾ ਐਵਾਰਡ’ ਪ੍ਰਦਾਨ ਕੀਤਾ ਜਾਵੇਗਾ ਜਦਕਿ ਗੱਤਕੇ ਦੇ ਪ੍ਰਚਾਰ-ਪਸਾਰ ਵਿੱਚ ਵਡਮੁੱਲੀਆਂ ਸੇਵਾਵਾਂ ਦੇਣ ਬਦਲੇ ਸੁਖਚੈਨ ਸਿੰਘ ਸ਼ਾਹਬਾਦ ਹਰਿਆਣਾ ਅਤੇ ਗੁਰਵਿੰਦਰ ਕੌਰ ਸੀਚੇਵਾਲ, ਸੁਲਤਾਨਪੁਰ ਲੋਧੀ ਨੂੰ ‘ਪ੍ਰੈਜੀਡੈਂਟਜ਼ ਗੱਤਕਾ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ ਜਿਸ ਵਿਚ ਇਕ ਯਾਦਗਾਰੀ ਤਸ਼ਤਰੀ, ਸ਼ਾਲ ਅਤੇ ਰੋਲ ਆਫ਼ ਆਨਰ ਪ੍ਰਦਾਨ ਕੀਤਾ ਜਾਵੇਗਾ।
ਗੱਤਕਾ ਪ੍ਰੋਮੋਟਰ ਸ. ਗਰੇਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੂਨ ਮਹੀਨੇ ਆਯੋਜਿਤ 7ਵੇਂ ਅੰਤਰਰਾਸ਼ਟਰੀ ਗੱਤਕਾ ਦਿਵਸ ਮੌਕੇ ਕਰਵਾਏ ਆਨਲਾਈਨ ਗੱਤਕਾ ਮੁਕਾਬਲਿਆਂ ਦੇ ਜੇਤੂ ਗੱਤਕੇਬਾਜ਼ਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਇੰਨਾਂ ਐਵਾਰਡਾਂ ਤੋਂ ਇਲਾਵਾ ਉਕਤ ਨੈਸਨਲ ਚੈਂਪੀਅਨਸ਼ਿਪ ਦੌਰਾਨ ਮੱਲਾਂ ਮਾਰਨ ਵਾਲੇ ਦੋ ਸਰਵੋਤਮ ਗੱਤਕੇਬਾਜਾਂ ਨੂੰ ‘ਮੈਨ/ਵਿਮੈਨ ਆਫ ਦਾ ਮੈਚ’ ਵਜੋਂ ‘ਸ਼ਸ਼ਤਰੇਸ਼ਰ ਪੁਰਸ਼’ ਅਤੇ ‘ਸ਼ਸ਼ਤਰੇਸ਼ਰ ਮਹਿਲਾ’ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ।