ਡਾ. ਸੁਰਿੰਦਰ ਕੁਮਾਰ ਦਵੇਸ਼ਵਰ
ਪੂਰਵ ਪ੍ਰੋਫ਼ੇਸਰ ਅੇਮੈਰਿਟਸ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
ਸਮਕਾਲੀ ਪੰਜਾਬੀ ਕਥਾ ਸਾਹਿਤ ਵਿਚ ਕੁਝ ਨਵੇਂ ਕਹਾਣੀਕਾਰਾਂ ਦਾ ਪ੍ਰਵੇਸ਼ ਇਸ ਗੱਲ ਲਈ ਸ਼ੁਭ-ਸਗਨ ਹੈ ਕਿ ਉਨ੍ਹਾਂ ਨੇ ਸਮਕਾਲੀ ਯਥਾਰਥ ਦੇ ਅਤਿ ਜਟਿਲ ਆਪਾ-ਵਿਰੋਧੀ ਅੰਤਰ-ਵਿਰੋਧੀ ਅਤੇ ਅੰਤਰ-ਪ੍ਰਭਾਵੀ ਸੁਭਾਅ ਦੇ ਵਿਭਿੰਨ੍ਹ ਪੱਖਾਂ ਰੂਪਾਂ ਨਜਰੀਆਂ ਅਹਿਸਾਸਾਂ ਅਕਾਂਕਸ਼ਾਵਾਂ ਸੁਪਨਿਆਂ ਸੰਬੰਧਾਂ ਅਤੇ ਤਨਾਵਾਂ ਆਦਿ ਦੀ ਚੇਤਨਾ ਤੇ ਸੰਵੇਦਨਾ ਨੂੰ ਆਪਣੇ ਰਚਨਾਈ ਉਸਾਰ ਦੇ ਤੋਰ-ਤਰੀਕਿਆਂ ਅਤੇ ਦਿ੍ਰਸ਼ਟੀ ਵਿਚ ਜ਼ਿਆਦਾ ਭਰਵੇਂ ਸੰਘਣੇ ਸੰਬਦੀ ਕਟਾਖਸ਼ੀ ਅਤੇ ਵਿਡੰਬਣਾਮਈ ਰੂਪ ਵਿਚ ਪ੍ਰਤਿਬਿੰਬਤ ਕੀਤਾ ਹੈ।
ਨਵੇਂ ਕਹਾਣੀਕਾਰਾਂ ਵਿਚ ਸੰਦੀਪ ਸਮਰਾਲਾ ਅਜਿਹਾ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਜਦੋਂ ਪੰਜਾਬੀ ਦੇ ਪ੍ਰਮੁੱਖ ਮੈਗਜ਼ੀਨਾਂ ਵਿਚ ਛੱਪੀਆਂ ਤਾਂ ਉਨ੍ਹਾਂ ਕਹਾਣੀਆਂ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ਸੁਪਨੇ ਦਾ ਗਵਾਹ ਨਹੀਂ ਹੁੰਦਾ (2025) ਛੱਪਿਆ ਹੈ ਜਿਸ ਵਿਚ ਉਸ ਦੀਆਂ ਅੱਠ ਕਹਾਣੀਆਂ ਸ਼ਾਮਲ ਹਨ। ਇਨ੍ਹਾਂ ਕਹਾਣੀਆਂ ਰਾਹੀਂ ਉਸ ਦੀ ਜੋ ਰਚਨਾਈ ਪ੍ਰੋਢਤਾ ਅਤੇ ਸੂਖਮ-ਦਰਸ਼ੀ ਦਿ੍ਰਸ਼ਟੀ ਪ੍ਰਗਟ ਹੁੰਦੀ ਹੈ ਉਹ ਉਸ ਦੇ ਭਵਿਖ ਵਿਚ ਇਕ ਸਮਰਥਾਵਾਨ ਤੇ ਨਿਵੇਕਲਾ ਕਹਾਣੀਕਾਰ ਹੋਣ ਦੀ ਪੇਸ਼ਨਗੋਈ ਕਰਦੀ ਹੈ।
ਵਿਸ਼ਵੀ ਆਰਥਿਕਤਾਵਾਦ ਕਿਉਂਕਿ ਆਪਣੀ ਪ੍ਰਕਿਰਿਆ ਪ੍ਰਯੋਜਨ ਅਤੇ ਵਿਚਰਾਧਾਰਾ ਵਿਚ ਆਰਥਿਕਤਾ ਦੀ ਅਜਿਹੀ ਵਿਵਸਥਾ ਹੈ ਜਿਹੜੀ ਰਾਜਨੀਤਕ ਤੇ ਆਰਥਿਕ ਸਮਝੋਤਿਆਂ ਰਾਹੀਂ ਖੁੱਲ੍ਹੀ-ਮੰਡੀ ਦਾ ਪਸਾਰ ਦੁਨੀਆਂ ਭਰ ਵਿਚ ਕਰ ਰਹੀ ਹੈ। ਇਸ ਦਾ ਪ੍ਰਭਾਵ ਬਹੁ-ਪਸਾਰੀ ਹੈ। ਇਸ ਦੀ ਉਦਯੋਗਿਕ ਸੰਸਕਿ੍ਰਤੀ ਆਪਣੀ ਮੰਡੀ ਦੀ ਲੋੜ ਲਈ ਨਵੇਂ ਤਰ੍ਹਾਂ ਦੇ ਸੰਸਕਿ੍ਰਤਕ-ਉਦਯੋਗ ਨੂੰ ਵੀ ਉਸਾਰ ਰਹੀ ਹੈ। ਵਿਕਸਤ ਦੇਸ਼ਾਂ ਨੇ ਆਪਣੀ ਧਨ ਤਕਨਾਲੌਜੀ ਅਤੇ ਸੈਨਾਂ-ਸ਼ਕਤੀ ਰਾਹੀਂ ਦੁਨੀਆਂ ਭਰ ਦੇ ਅਰਧ-ਵਿਕਸਤ ਅਤੇ ਪੱਛੜੀ ਆਰਥਿਕਤਾ ਵਾਲੀਆਂ ਕੌਮਾਂ ਦੇ ਪ੍ਰਾਕਿ੍ਰਤਕ ਅਤੇ ਮਾਨਵੀ ਸਰੋਤਾਂ ਉਤੇ ਆਪਣੀ ਸਰਦਾਰੀ ਬਣਾਈ ਹੈ। ਕਾਰਪੋਰੇਟ ਸੈਕਟਰ ਰਾਹੀਂ ਇਨ੍ਹਾਂ ਦੇਸ਼ਾਂ ਦੇ ਆਰਥਿਕ ਸਰੋਤਾਂ ਦੇ ਅੰਨ੍ਹੇ ਤੇ ਬੇਕਿਰਕ ਸ਼ੋਸ਼ਿਣ ਨੇ ਇਨ੍ਹਾਂ ਦੇਸਾਂ ਵਿਚ ਵੱਧ ਮੰਦਹਾਲੀ ਗਰੀਬੀ ਬੇਰੁਜ਼ਗਾਰੀ ਪਰਿਆਵਰਨ ਦੀਆਂ ਸਮੱਸਿਆਵਾਂ ਅਤੇ ਹੋਰ ਕਈ ਤਰ੍ਹਾਂ ਦੇ ਗ਼ੈਰ-ਮਨੁੱਖੀ ਤੇ ਗ਼ੈਰ-ਕਾਨੂੰਨੀ ਸੰਕਟ ਪੈਦਾ ਕੀਤੇ ਹਨ।
ਸੰਦੀਪ ਸਮਰਾਲਾ ਕਿਉਂਕਿ ਇਕ ਸਜਗ ਤੇ ਸੂਝਵਾਨ ਕਹਾਣੀਕਾਰ ਹੈ। ਉਸ ਦੀ ਕਥਾ-ਚੇਤਨਾ ਨੇ ਇਸ ਵਰਤਾਰੇ ਦੇ ਪ੍ਰਭਾਵ ਨੂੰ ਆਪਣੀਆਂ ਕਈ ਕਹਾਣੀਆਂ ਵਿਚ ਕਲਾਤਮਕ ਬਿੰਬਾਂ ਦੀ ਭਾਸ਼ਾ ਰਾਹੀਂ ਸਿਰਜਿਆ ਹੈ। ‘ਸਮਾਰਟ ਵਰਕ’ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ਅਤੇ ‘ਸਰਕਸ’ ਵਰਗੀਆਂ ਉਸ ਦੀਆਂ ਅਜਿਹੀਆਂ ਕਹਾਣੀਆਂ ਹਨ ਜਿਹੜੀਆਂ ਵਿਸ਼ਵੀਕਰਨ ਦੇ ਨਿਜ-ਕੇਂਦਰਿਤ ਏਜੰਡੇ ਦੇ ਦੁਸ਼-ਪ੍ਰਭਾਵੀ ਅਤੇ ਭ੍ਰਮਿਕ ਪੱਖਾਂ ਨੂੰ ਸਾਰਥਕ ਸਜੀਵ ਅਤੇ ਸੁਹਜਮਈ ਬਿੰਬਾਂ ਰਾਹੀਂ ਮੂਰਤੀਮਾਨ ਕਰਦੀਆਂ ਹਨ।
‘ਸਮਾਰਟ ਵਰਕ’ ਇਸ ਕਹਾਣੀ-ਸੰਗ੍ਰਹਿ ਦੀ ਪਹਿਲੀ ਕਹਾਣੀ ਹੈ ਜਿਹੜੀ ਆਪਣੇ ਥੀਮ ਪਾਤਰਾਂ ਅਤੇ ਪ੍ਰਸੰਗਾਂ ਵਿਚ ਇਕ-ਦੂਜੇ ਨਾਲ ਪਰਸਪਰ ਸੰਬੰਧਿਤ ਹੋ ਕੇ ਭਾਸ਼ਾਈ ਸੰਕੇਤਕਤਾ ਸੰਜਮਤਾ ਅਤੇ ਭਾਵ-ਅਨੁਕੂਲਤਾ ਵਿਚ ਆਪਣਾ ਰਚਨਾਈ ਉਚਾਰ ਕਰਦੀ ਹੈ। ਕਹਾਣੀ ਦਾ ਸਿਰਲੇਖ ‘ਸਮਾਰਟ ਵਰਕ’ ਅਤੇ ਇਸ ਦੇ ਪਾਤਰ ਵਿਕਾਸ ਤੇ ਸੂਰਜ ਵਾਸਤਵ ਵਿਚ ਅਜਿਹੇ ਚਿਹਨੀ ਸੰਕੇਤ ਹਨ ਜਿਹੜੇ ਆਪਣੇ ਅਰਥ-ਸੰਚਾਰ ਵਿਚ ਨਿਜ-ਕੇਂਦਰਿਤ ਨਵ-ਆਰਥਿਕਤਾਵਾਦ ਦੇ ਆਧਾਰ ’ਤੇ ਉਸਰੇ ਪ੍ਰਾਈਵੇਟ ਸੈਕਟਰ ਤੋਂ ਲੈ ਕੇ ਵਿਅਕਤੀ ਵਿਕਾਸ ਤਕ ਦੇ ਭ੍ਰਮਿਕ ਸੁਪਨਿਆਂ ਦੇ ਭੰਜਨ ਨੂੰ ਵਿਅੰਗ ਦੀ ਦਿ੍ਰਸ਼ਟੀ ਤੋਂ ਪੇਸ਼ ਕਰਦੇ ਹਨ। ਕਹਾਣੀ ਦੇ ਆਰੰਭ ਵਿਚ ਸੂਰਜ ਚੇਤਨਾ ਤੇ ਲੋਕ-ਸਿਆਣਪਾਂ ਦੇ ਪ੍ਰਤੀਕ ਵਜੋਂ ਸਾਹਮਣੇ ਤਾਂ ਆਉਂਦਾ ਹੈ; ਨਵ-ਆਰਥਿਕਤਾਵਾਦ ਦੇ ਮਕਸੂਬਿਆਂ ਨੂੰ ਸਮਝਦਾ ਵੀ ਹੈ ਪਰੰਤੂ ਉਹ ਇਸ ਦਾ ਇਸਤੇਮਾਲ ਆਪਣੇ ਨਿਜ-ਕੇਂਦਰਿਤ ਹਿੱਤ ਲਈ ਕਰਦਾ ਹੈ। ਵਿਆਪਕ ਰੂਪ ਵਿਚ ਇਹ ਸੰਕੇਤ ਸਾਡੀ ਸੂਝਵਾਨ ਜਮਾਤ ਦੇ ਉਸ ਸੁਭਾਅ ਨੂੰ ਦਰਸਾਉਂਦਾ ਹੈ ਜਿਹੜਾ ਵਕਤੀ ਹਿੱਤ ਦੀ ਪੂਰਤੀ ਲਈ ਆਪਣੀ ਸੂਝ-ਚੇਤਨਾ ਦੀ ਵਰਤੋਂ ਤਿਗੜਮਬਾਜ਼ੀ ਵਜੋਂ ਤਾਂ ਕਰਦਾ ਹੈ ਪਰੰਤੂ ਉਹ ਇਸ ਨੂੰ ਕਿਸੇ ਵਿਆਪਕ ਤੇ ਲੋਕ-ਪੱਖੀ ਚੇਤਨਾ ਜਗਾਉਣ ਲਈ ਨਹੀਂ ਕਰਦਾ।
ਕਹਾਣੀਆਂ ਵਿਚ ਛੋਟੇ ਛੋਟੇ ਵਾਕ ਉਕਤੀਆਂ ਤੇ ਲੋਕ-ਸਿਆਣਪਾਂ ਪ੍ਰਾਪਤ ਅਤੇ ਵਿਆਪਕ ਯਥਾਰਥ ਵਿਚਲੇ ਅੰਤਰ-ਵਿਰੋਧਾਂ ਨੂੰ ਸੰਘਣੀ ਬਿਰਤਾਂਤਕਾਰੀ ਵਿਚ ਬੁਣਦੀਆਂ ਹਨ।
‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ਇਸ ਕਹਾਣੀ-ਸੰਗ੍ਰਹਿ ਦੀ ਇਕ ਹੋਰ ਕਹਾਣੀ ਹੈ ਜਿਹੜੀ ਨਵ-ਆਰਥਿਕਤਾਵਾਦ ਦੇ ਪਹਿਲੇ ਪ੍ਰਭਾਵ ਦਾ ਹੋਰ ਪਸਾਰ ਹੈ। ਇਸ ਕਹਾਣੀ ਦੇ ਕੇਂਦਰ ਵਿਚ ਪ੍ਰਾਈਵੇਟ ਸੈਕਟਰ ਦਾ ਉਹ ਕੌੜਾ ਸੱਚ ਹੈ ਜਿਹੜਾ ਆਪਣੇ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫ਼ਤ ਦੌਰਾਨ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਦਾ। ਕਰੋਨਾ ਦੇ ਸਮੇਂ ਜਿਹੜੇ ਲੋਕ ਪਬਲਿਕ ਸੈਕਟਰ ਜਾਂ ਸਰਕਾਰੀ ਨੌਕਰੀਆਂ ’ਤੇ ਕੰਮ ਕਰਦੇ ਸਨ ਉਨ੍ਹਾਂ ਨੂੰ ਲਾਕਡਾਊਨ ਦੇ ਬਾਵਜੂਦ ਪੂਰੀਆਂ ਤਨਖਾਹਾਂ ਮਿਲਦੀਆਂ ਰਹੀਆਂ ਪਰੰਤੂ ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕਰਦੇ ਕੁਝ ਮੁਲਾਜ਼ਮਾਂ ਦੀਆਂ ਜਾਂ ਤਾਂ ਤਨਖਾਹਾਂ ਘਟਾ ਕੇ ਉਨ੍ਹਾਂ ਨੂੰ ਪੂਰਾ ਕੰਮ ਘਰੋਂ ਆਨਲਾਈਨ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਬਹੁਤਿਆਂ ਦੀ ਛੁੱਟੀ ਕਰ ਦਿੱਤੀ ਗਈ। ਅਜਿਹੀ ਸਥਿਤੀ ਵਿਚ ਇਨ੍ਹਾਂ ਕੰਪਨਿਆਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਕਈ ਤਰ੍ਹਾਂ ਦੀ ਮਾਰ ਪਈ। ਪਹਿਲੀ ਕਿ ਉਨ੍ਹਾਂ ਦੇ ਆਰਥਿਕ ਵਸੀਲੇ ਘੱਟ ਗਏ; ਦੂਜਾ ਕਰੋਨਾ ਦੇ ਕਹਿਰ ਨੇ ਉਨ੍ਹਾਂ ਦਾ ਮੈਡੀਕਲ ਖਰਚ ਵਧਾ ਦਿਤਾ; ਤੀਜਾ ਪ੍ਰਾਈਵੇਟ ਸਕੂਲਾਂ ਨੇ ਆਨ-ਲਾਈਨ ਟੀਚਿੰਗ ਕਰਵਾ ਕੇ ਉਨ੍ਹਾਂ ਦੇ ਬੱਚਿਆਂ ਦੀ ਪੂਰੀ ਫੀਸ ਵਸੂਲ ਕੀਤੀ; ਚੌਥੇ ਘਰਾਂ ਦੇ ਖਰਚੇ ਬੀਮਾਰੀ ਕਰਕੇ ਵੱਧ ਗਏ। ਅਜਿਹੀ ਸੰਕਟ ਗ੍ਰਹਿਸਤ ਸਥਿਤੀ ਵਿਚ ਜੋ ਪਰਿਵਾਰਾਂ ਨੂੰ ਕਸ਼ਟ ਸਹਿਣਾ ਪਿਆ ਉਸ ਦਾ ਭਰਵਾਂ ਬਿੰਬ ਇਸ ਕਹਾਣੀ ਵਿਚ ਪੇਸ਼ ਹੋਇਆ ਹੈ। ਸਪਸ਼ਟ ਹੈ ਕਿ ਨਵ-ਆਰਥਿਕਤਾਵਾਦ ਦੇ ਨਿਜੀਕਰਨ ਦਾ ਖ਼ਾਸਾ ਬੁਨਿਆਦੀ ਰੂਪ ਵਿਚ ਅਤਿ-ਸ਼ੋਸ਼ਣਕਾਰੀ ਬੇਰਹਿਮ ਅਤੇ ਮਨੁੱਖ ਵਿਰੋਧੀ ਹੈ।
‘ਸਰਕਸ’ ਕਹਾਣੀ ਦੀ ਕੇਂਦਰੀ ਥੀਮ ਮਾਲਕ-ਮਜ਼ਦੂਰ ਵਿਚਲੇ ਪਰਸਪਰ ਅੰਤਰ-ਵਿਰੋਧੀ ਸੰਬੰਧਾਂ ਨੂੰ ਪੇਸ਼ ਕਰਦੀ ਹੋਈ ਮਾਲਕ ਸ਼੍ਰੇਣੀ ਦੇ ਸ਼ੋਸਿਨੀ ਅਤੇ ਉਸ ਦੀ ਪੈਸੇ ਦੀ ਤਾਕਤ ਵਾਲੇ ਕਿਰਦਾਰ ਨੂੰ ਨੰਗਾ ਕਰਦੀ ਹੈ। ਇਸ ਕਹਾਣੀ ਦੀ ਕੇਂਦਰੀ ਥੀਮ ਦਾ ਇਕ ਪਸਾਰ ਮਜ਼ਦੂਰ ਵਰਗ ਦੀ ਆਰਥਿਕ ਤੰਗੀ ਦੇ ਪ੍ਰਸੰਗ ਵਿਚ ਉਸ ਦੀ ਪਰਿਵਾਰਕ ਜ਼ਿੰਦਗੀ ਵਿਚਲੇ ਉਸ ਤਨਾਉ ਨੂੰ ਵੀ ਰੂਪਮਾਨ ਕਰਨ ਨਾਲ ਜੁੜਿਆ ਹੈਜਿਹੜਾ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਲੋੜਾਂ ਦੀ ਅਪੂਰਤੀ ਕਾਰਣ ਪੈਦਾ ਹੁੰਦਾ ਹੈ। ਇਸ ਦਾ ਦੂਜਾ ਪਸਾਰ ਸਥਾਨਕ ਤੇ ਪ੍ਰਵਾਸੀ ਮਜ਼ਦੂਰਾਂ ਵਿਚਲੀ ਆਪਸੀ ਸਾਂਝ ਅਤੇ ਵਿਰੋਧ ਵਾਲੇ ਰਿਸ਼ਤੇ ਨੂੰ ਪ੍ਰਤਿਬਿੰਬਤ ਕਰਦਾ ਹੈ। ਕਥਾ ਦੇ ਇਹ ਦੋਵੇਂ ਪਸਾਰ ਕੇਂਦਰੀ ਥੀਮ ਵਿਚਲੇ ਅਰਥ ਨੂੰ ਹੋਰ ਇਕਾਗਰ ਤੇ ਤੀਬਰ ਬਣਾਉਂਦੇ ਹਨ। ਕਥਾ ਦੀ ਰੂਪ-ਵਿਧਾਈ ਵਿਸ਼ੇਸ਼ਤਾ ਹੈ ਕਿ ਇਹ ਆਪਣੇ ਸਰੂਪ ਵਿਚ ਬਹੁ-ਪੱਖੀ ਨਹੀਂ ਹੁੰਦੀ ਸਗੋਂ ਬਹੁ-ਪਸਾਰੀ ਹੁੰਦੀ ਹੈ। ਇਸ ਦਾ ਅਰਥ ਹੈ ਕਿ ਆਪਣੇ ਬਹੁ-ਪਸਾਰੀ ਵਿਸਥਾਰ ਤੇ ਉਸਾਰ ਵਿਚ ਇਹ ਆਪਣੇ ਕੇਂਦਰੀ ਅਰਥ ਤੋਂ ਨਾ ਤਾਂ ਟੁੱਟੇ ਹੁੰਦੇ ਹਨ ਅਤੇ ਨਾ ਹੀ ਕੇਂਦਰੀ ਅਰਥ ਦੀ ਇਕਾਗਰਤਾ ਨੂੰ ਭੰਗ ਕਰਦੇ ਹਨ ਸਗੋਂ ਕੇਂਦਰੀ ਥੀਮ ਦੀ ਅਰਥਤਾ ਨੂੰ ਵੱਧ ਤੀਬਰ ਤੇਜ਼ ਤੇ ਸੰਘਣਾ ਬਣਾਉਂਦੇ ਹਨ। ‘ਸਰਕਸ’ ਕਹਾਣੀ ਆਪਣੇ ਪਸਾਰ ਅਤੇ ਉਸਾਰ ਵਿਚ ਕਥਾ-ਸੰਰਚਨਾ ਦੀ ਇਸ ਵਿਲੱਖਣਤਾ ਨੂੰ ਦਰਸਾਉਂਦੀ ਹੈ ਜਿਹੜੀ ਸੰਦੀਪ ਦੀ ਕਥਾ-ਚੇਤਨਾ ਵਿਚਲੀ ਪ੍ਰੋਢਤਾ ਨੂੰ ਪ੍ਰਮਾਣਿਤ ਕਰਦੀ ਹੈ।
‘ਸੰਸਕਿ੍ਰਤੀ ਦੀ ਠੱਕ-ਠੱਕ’ ਇਸ ਕਹਾਣੀ-ਸੰਗ੍ਰਹਿ ਦੀ ਅਜਿਹੀ ਕਹਾਣੀ ਹੈ ਜਿਹੜੀ ਪੀੜ੍ਹੀ ਦਰ ਪੀੜ੍ਹੀ ਆ ਰਹੇ ਸੰਸਕਿ੍ਰਤਕ ਬਦਲਾਅ ਨੂੰ ਆਪਣੇ ਕੇਂਦਰ ਵਿਚ ਲਿਆਉਂਦੀ ਹੈ। ਨਵੇਂ ਪਦਾਰਥਕ ਵਿਕਾਸ ਦੇ ਪ੍ਰਸੰਗ ਵਿਚ ਜਿਹੜੀ ਨਵੀਂ ਸੰਸਕਿ੍ਰਤੀ ਸਾਹਮਣੇ ਆ ਰਹੀ ਹੈ ਇਸ ਵਿਚ ਕੁਝ ਵੀ ਸਥਿਰ ਨਹੀਂ- ਨਾ ਨੈਤਿਕਤਾ ਨਾ ਰਿਸ਼ਤੇ ਅਤੇ ਨਾ ਹੀ ਪ੍ਰਤਿਬੱਧਤਾ/ਬਚਨਬੱਧਤਾ। ਪਲ-ਪਲ ਬਦਲਦੇ ਸਮੇਂ ਦਾ ਨਵਾਂ ਨਿਜ-ਕੇਂਦਰਿਤ ਕਿਰਦਾਰੀ ਵਿਹਾਰ ਸਾਹਮਣੇ ਆ ਰਿਹਾ ਹੈ ਜਿਸ ਵਿਚ ਅਦਬ ਫਰਜ਼ ਅਤੇ ਰਿਸ਼ਤਿਆਂ ਦੀ ਗਰਿਮਾ ਗਾਇਬ ਹੈ। ਸਥਿਤੀ ਦਾ ਸਭ ਤੋਂ ਵੱਡਾ ਵਿਅੰਗ ਅਤੇ ਵਿਡੰਬਣਾ ਇਹ ਹੈ ਕਿ ਨਵੀਂ ਪਸਰ ਰਹੀ ਸੰਸਕਿ੍ਰਤੀ ਦਾ ਕੋਈ ਨੈਤਿਕ ਵਿਧਾਨ ਨਹੀਂ ਹੈ।ਇਹ ਮਨੁੱਖੀ ਵਿਕਾਸ ਦੇ ਖੋਖਲੇ ਦਾਹਵਿਆਂ ਦਾ ਪਾਜ ਉਘੇੜਦਾ ਹੈ।
‘ਨੁਕਸ’ ਕਹਾਣੀ ‘ਸੰਸਕਿ੍ਰਤੀ ਦੀ ਠੱਕ ਠੱਕ’ ਕਹਾਣੀ ਦਾ ਹੀ ਅਗਲਾ ਵਿਸਥਾਰ ਹੈ। ਇਸ ਦੇ ਪਾਤਰ ਵਿਚ ਵੀ ‘ਸੰਸਕਿ੍ਰਤੀ ਦੀ ਠੱਕ ਠੱਕ’ ਵਾਲੇ ਹੀ ਹਨ। ਨਕੁਲ ਪਹਿਲਾਂ ਸੰਸਕਿ੍ਰਤੀ ਨਾਲ ਪਿੰਡ ਆਇਆ ਸੀ ਪਰੰਤੂ ਵਿਆਹ ਉਸ ਨੇ ਮਿਦੁਲਾ ਨਾਲ ਕੀਤਾ। ਸਾਲ ਕੁ ਬਾਅਦ ਉਸ ਨੇ ਆਪਣਾ ਤੀਸਰਾ ਵਿਆਹ ਗਾਇਤਰੀ ਨਾਲ ਕੀਤੇ ਜਾਣ ਦੀ ਖ਼ਬਰ ਦਿੱਤੀ। ਕਿਸ਼ਨ ਨੂੰ ਇਹ ਸਭ ਕੁਝ ਹਾਜ਼ਮ ਨਹੀਂ ਹੋਇਆ ਅਤੇ ਉਹ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ। ਕਹਾਣੀ ਛੋਟੇ-ਛੋਟੇ ਵੇਰਵਿਆਂ ਤੇ ਪ੍ਰਸੰਸਾਂ ਰਾਹੀਂ ਕਿਸ਼ਨ ਤੇ ਉਸ ਦੀ ਪਤਨੀ ਕਾਤਾਂ ਦੇ ਮਾਨਸਿਕ ਤਣਾਉ ਨੂੰ ਰੂਪਮਾਨ ਕਰਦੀ ਹੈ ਜਿਹੜੇ ਇਸ ਬਦਲਾਅ ਦੇ ਵਿਵਸਥਾਈ ਨੁਕਸ ਨੂੰਸਮਝਣ ਤੋਂ ਅਸਮਰਥ ਹਨ। ਇਉਂ ਕਹਾਣੀ ਤ੍ਰਾਸਦ ਰੂਪ ਵਿਚ ਆਪਣਾ ਅੰਤ ਨਵੀ ਸਥਿਤੀ ਦੇ ਅਜਿਹੇ ਪ੍ਰਚਲਨ ਉਤੇ ਵਿਅੰਗ ਰਾਹੀਂ ਕਰਦੀ ਹੈ।
ਇਸ ਕਹਾਣੀ-ਸੰਗ੍ਰਹਿ ਵਿਚ ਤਿੰਨ ਕਹਾਣੀਆਂ ‘ਬੱਸ ਇਤਨੀ ਸੀ ਬਾਤ’ ‘ਗਤੀ’ ਅਤੇ ‘ਘੜੇ ਜਿੱਡਾ ਮੋਤੀ’ ਹਨ। ‘ਬਸ ਇਤਨੀ ਸੀ ਬਾਤ’ ਇਕ ਮਨੋਵਿਗਿਆਨਕ ਕਹਾਣੀ ਹੈ ਜਿਹੜੀ ਇਸ ਦੇ ਕੇਂਦਰੀ ਪਾਤਰ ਚੇਤਨ ਦੀ ਉਸ ਮਨੋ-ਗੁੰਝਲ ਨੂੰ ਪੇਸ਼ ਕਰਦੀ ਹੈ ਜਿਹੜੀ ਇਕ ਛੋਟੀ ਜਿਹੀ ਲੜਾਈ ਵਿਚ ਵਿਰੋਧੀ ਵਲੋਂ ਉਸ ਨੂੰ ਗਾਲ ਕੱਢਣ ਕਾਰਣ ਪੈਦਾ ਹੋਈ। ਘਰ-ਪਰਿਵਾਰ ਵਾਲੇ ਇਸ ਦਾ ਇਲਾਜ ਸਿਆਣਿਆ ਥਾਂ ਜਾਂ ਦੂਜੇ ਢੰਗਾਂ ਨਾਲ ਕਰਦੇ ਹਨ। ਇਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ। ਅੰਤ ਜਦੋਂ ਉਸ ਨੂੰ ਡਾਕਟਰ ਕੋਲ ਸਿਜਾਇਆ ਜਾਂਦਾ ਹੈ ਤਾਂ ਉਹ ਉਸ ਦੀ ‘ਕੌਂਸਲਿੰਗ’ ਕਰਕੇ ਉਸ ਦੀ ਬੀਮਾਰੀ ਦੀ ਜੜ੍ਹ ਨੂੰ ਫੜ ਲੈਂਦਾ ਹੈ ਅਤੇ ਚੇਤਨ ਠੀਕ ਹੋ ਜਾਂਦਾ ਹੈ। ‘ਗਤੀ’ ਕਹਾਣੀ ਸਾਡੇ ਸਮਾਜ ਵਿਚ ਫੈਲੇ ਭਿ੍ਰਸ਼ਟਾਚਾਰ ਨੂੰ ਨੰਗਾ ਕਰਦੀ ਹੈ। ਵੱਡਾ ਵਿਅੰਗ ਇਹ ਹੈ ਕਿ ਅਜਿਹੀ ਘਿਣੌਨੀ ਸਥਿਤੀ ਵਿਚ ਕੋਈ ਸਾਹਮਣੇ ਨਹੀਂ ਆਉਂਦਾ। ਜਨਤਾ ਕੁੰਭਕਰਨੀ ਨੀਂਦ ’ਚ ਹੈ। ਸੱਤਾ ਤੇ ਪ੍ਰਸ਼ਾਸ਼ਨ ਦਾ ਦਮਨ ਚੱਕਰ ਜਾਰੀ ਹੈ। ਦਿਖਾਵੇ ਦੀ ਵਿਚਾਰਧਾਰਾ ਤੇ ਦਿਖਾਵੇ ਦੇ ਲਿਬਾਸਾਂ ਅੰਦਰ ਭਿ੍ਰਸ਼ਟਾਚਾਰ ਤੇ ਲਾਲਚ ਛੁੱਪਿਆ ਹੈ। ਵਿਵਸਥਾ ਦਾ ਅਜਿਹਾ ਵਿਅੰਗ ਚਿਤਰ ਇਸ ਕਹਾਣੀ ਦੀ ਪ੍ਰਾਪਤੀ ਹੈ।
‘ਘੜੇ ਜਿੱਡਾ ਮੋਤੀ’ ਸੰਦੀਪ ਦੀ ਇਕ ਬਹੁਤ ਹੀ ਅਰਥ-ਭਰਪੂਰ ਕਹਾਣੀ ਹੈ। ਬਚਪਨ ਦੀ ਦੋਸਤੀ ਜਾਤ-ਜਮਾਤ ਨਹੀਂ ਵੇਖਦੀ। ਇਸ ਵਿਚ ਸੁਹਿਰਦਤਾ ਤੇ ਸਾਂਝ ਹੁੰਦੀ ਹੈ। ਫੈਬੁਲਾ ਦੀ ਪੱਧਰ ’ਤੇ ਤਾਂ ਇਹ ਕਹਾਣੀ ਐਨੀ ਹੀ ਹੈ ਕਿ ਅੰਦੀਪ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਕੇਨੈਡਾ ਜਾਂਦਾ ਹੈ ਪਰੰਤੂ ਹੀਰਾ ਆਰਥਿਕ ਤੋਟਾਂ ਕਰਕੇ ਨਾ ਪੜ੍ਹ ਸਕਦਾ ਹੈ ਅਤੇ ਨਾ ਹੀ ਆਰਥਿਕ ਪੱਖੋਂ ਸਾਧਨ ਸਪੰਨ ਹੋ ਸਕਦਾ ਹੈ। ਉਹ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਵਿਆਹ ਹੋ ਜਾਂਦਾ ਹੈ। ਤਿੰਨ ਬੱਚੇ ਹਨ। ਅੰਦੀਪ ਦੇ ਮਾਂ-ਬਾਪ ਵੀ ਬਹੁਤ ਉਦਾਰ ਹਨ। ਉਹ ਹੀਰੇ ਦੇ ਪਰਿਵਾਰ ਦੀ ਹਮੇਸ਼ਾ ਮਦਦ ਕਰਦੇ ਹਨ। ਅੰਦੀਪ ਇਕ ਵਾਰ ਪਿੰਡ ਆਉਂਦਾ ਹੈ। ਇਥੇ ਹੀਰੇ ਦੇ ਬੱਚਿਆਂ ਨੂੰ ਮਿਲਦਾ ਹੈ ਅਤੇ ਵਾਪਸ ਜਾ ਕੇ ਉਹ ਹੀਰੇ ਦੀ ਆਰਥਿਕ ਮਦਦ ਕਰਨ ਬਾਰੇ ਸੋਚਦਾ ਹੈ। ਅੰਦੀਪ ਦੀ ਪਤਨੀ ਉਸ ਨੂੰ ਸਲਾਹ ਦਿੰਦੀ ਹੈ ਕਿ ਇਕ ਵਾਰ ਦੀ ਮਦਦ ਨਾਲ ਹੀਰੇ ਦਾ ਕੁਝ ਨਹੀਂ ਬਣਨਾ। ਚੰਗਾ ਹੈ ਕਿ ਅਸੀਂ ਉਸ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਉਸ ਨੂੰ ਹਰ ਮਹੀਨੇ ਭੇਜੀਏ। ਇਸ ਤਰ੍ਹਾਂ ਉਸ ਦੇ ਬੱਚਿਆਂ ਦੇ ਭਵਿਖ ਨਾਲ ਹੀਰੇ ਦਾ ਭਵਿਖ ਵੀ ਸੁਧਰ ਜਾਵੇਗਾ। ਇਉਂ ਇਹ ਕਹਾਣੀ ਜਿਥੇ ਬਚਪਨ ਦੀ ਦੋਸਤੀ ਦੀ ਭਾਵ-ਸੰਵੇਦਨਾ ਨੂੰ ਦਰਸਾਉਂਦੀ ਹੈ ਉਥੇ ਬਾਹਰ ਬੈਠੇ ਸਾਡੇ ਪਰਵਾਸੀਆਂ ਲਈ ਇਕ ਸੰਦੇਸ਼ ਵੀ ਦਿੰਦੀ ਹੈ ਕਿ ਉਨ੍ਹਾਂ ਨੂੰ ਇਥੇ ਰਹਿੰਦੇ ਲੋੜਵੰਦ-ਪਰਿਵਾਰਾਂ ਦੀ ਆਰਥਿਕ ਮਦਦ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਵੱਲੋਂ ਦਿੱਤਾ ਛੋਟਾ-ਛੋਟਾ ਸਹਿਯੋਗ ਇਥੇ ਕਈਆਂ ਦੀ ਜ਼ਿੰਦਗੀ ਸੁਧਾਰ ਸਕਦਾ ਹੈ। ਕਹਾਣੀ ਦੀ ਪ੍ਰਾਪਤੀ ਇਸ ਗੱਲ ਵਿਚ ਹੈ ਕਿ ਇਸ ਦਾ ਕੇਂਦਰੀ ਥੀਮ ਸਾਡੀ ਪੇਂਡੂ ਰਹਿਤਲ ਦੇ ਪ੍ਰਸੰਗ ਵਿਚ ਆਪਣਾ ਊਸਾਰ ਕਰਦਾ ਹੈ। ਇਹੀ ਇਸ ਕਹਾਣੀ ਦੀ ਪ੍ਰਾਪਤੀ ਹੈ।
ਸਮੁੱਚੇ ਰੂਪ ਵਿਚ ਸੰਦੀਪ ਦੀ ਕਹਾਣੀ-ਚੇਤਨਾ ਦੀ ਵੱਡੀ ਪ੍ਰਾਪਤੀ ਇਸ ਗੱਲ ਵਿਚ ਹੈ ਕਿ ਇਹ ਆਪਣੀਆਂ ਕਹਾਣੀਆਂ ਦੇ ਥੀਮ ਨੂੰ ਯਥਾਰਥ ਦੀ ਬਰੀਕ ਬੁਣਤੀ ਰਾਹੀਂ ਉਸਾਰਦਾ ਹੈ। ਇਸ ਬਰੀਕ ਤੇ ਸੰਘਣੀ ਬਿਰਤਾਂਤਕਾਰੀ ਵਿਚ ਸਾਡੇ ਸਮਾਜਿਕ ਯਥਾਰਥ ਦੇ ਕਈ ਪੱਖ ਦਿ੍ਰਸ਼ਮਾਨ ਹੁੰਦੇ ਹਨ। ਪ੍ਰੋਢ ਅਨੁਭਵ ਵਿਅਕਤੀ ਤੇ ਵਿਵਸਥਾ ਦੇ ਅੰਤਰ-ਵਿਰੋਧਾਂ ਦੀ ਡੂੰਘੀ ਸਮਝ ਢੁੱਕਵੀ ਸ਼ਬਦਾਵਲੀ ਅਖਾਣਾਂ-ਮੁਹਾਵਰਿਆਂ ਦੀ ਪ੍ਰਸੰਗਿਕ ਵਰਤੋਂ ਅਤੇ ਛੋਟੇ-ਛੋਟੇ ਪ੍ਰਸੰਗਾਂ ਰਾਹੀਂ ਵਿਆਪਕ ਯਥਾਰਥ ਦਾ ਆਭਾਸ ਕਰਵਾਉਂਣ ਦੀ ਕਲਾ ਆਦਿ ਕੁਝ ਅਜਿਹੇ ਗੁਣ ਹਨ ਜਿਹੜੇ ਸੰਦੀਪ ਦੀਆਂ ਕਹਾਣੀਆਂ ਨੂੰ ਅਰਥਤਾ ਪ੍ਰਦਾਨ ਕਰਦੇ ਹਨ। ਕਹਾਣੀ ਦੇ ਆਦਿ-ਅੰਤ ਬਾਰੇ ਉਸ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ। ਭਵਿਖ ਵਿਚ ਉਸ ਪਾਸੋਂ ਹੋਰ ਚੰਗੀਆਂ ਕਹਾਣੀਆਂ ਦੀ ਉਮੀਦ ਹੈ।
