‘ਮੇਰਾ ਤਜਰਬਾ ਮੇਰੀ ਸਭ ਤੋਂ ਵੱਡੀ ਤਾਕਤ’, ਕੈਪਟਨ ਅਮਰਿੰਦਰ ਸਿੰਘ ਨੇ 2022 ਵਿੱਚ ਪੰਜਾਬ ਕਾਂਗਰਸ ਦੀ ਅਗਵਾਈ ਕਰਨ ਲਈ ਆਪਣੀ ਯੋਗਤਾ ਬਾਰੇ ਪੁੱਛੇ ਜਾਣ ‘ਤੇ ਕੀਤੀ ਟਿੱਪਣੀ
ਸੀ-ਵੋਟਰਜ਼ ਸਰਵੇਖਣ ਨੂੰ ਕੇਜਰੀਵਾਲ ਦੀ ਭਾੜੇ ਦੀ ਸ਼ੋਸ਼ੇਬਾਜ਼ੀ ਦੱਸਦਿਆਂ ਰੱਦ ਕੀਤਾ, ਅਕਾਲੀਆਂ ਵਿੱਚ ਪਾਟੋ-ਧਾੜ ਅਤੇ ਭਾਜਪਾ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ
ਚੰਡੀਗੜ੍ਹ, 24 ਮਾਰਚ
ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਰ ਪ੍ਰਮੁੱਖ ਸਿਆਸੀ ਪਾਰਟੀ ਤੋਂ ਕਿਸੇ ਕਿਸਮ ਦੇ ਖਤਰੇ ਨੂੰ ਮੂਲੋਂ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਹ ਵਿਸ਼ਵਾਸ ਰੱਖਦੇ ਹਨ ਕਿ ਉਨ੍ਹਾਂ ਦਾ ਸੂਬੇ ਨੂੰ ਚਲਾਉਣ ਅਤੇ ਸੈਨਾ ਵਿੱਚ ਰਹਿਣ ਦਾ ਤਜਰਬਾ ਉਨ੍ਹਾਂ ਨੂੰ 2022 ਤੋਂ ਅੱਗੇ ਸੂਬੇ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗਾ।
ਇਕ ਮੀਡੀਆ ਸਮਾਗਮ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਸੀ-ਵੋਟਰ ਸਰਵੇਖਣ ਜਿਸ ਨੇ 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮ ਪਾਰਟੀ ਨੂੰ ਅੱਗੇ ਹੋਣ ਦੀ ਗੱਲ ਕਹੀ ਸੀ, ਨੂੰ ਰੱਦ ਕਰਦਿਆਂ ਕਿਹਾ ਕਿ ਇਹ ਕੇਜਰੀਵਾਲ ਦੀ ਭਾੜੇ ਦੀ ਸ਼ੋਸ਼ੇਬਾਜ਼ੀ ਹੈ। ਉਨ੍ਹਾਂ ਕਿਹਾ ਕਿ ਆਪ ਆਗੂ ਕੋਲ ਮੀਡੀਆ ਦਾ ਬਹੁਤ ਵੱਡਾ ਬਜਟ ਹੈ ਜਿਸ ਦੀ ਵਰਤੋਂ ਉਹ ਅਜਿਹੇ ਸਰਵੇਖਣ ਖਰੀਦ ਕਰਨ ਲਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਪੰਜਾਬ ਵਿੱਚ ਕਾਂਗਰਸ ਲਈ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ, ”ਇਸੇ ਕੰਪਨੀ ਨੇ 2016/17 ਵਿੱਚ ਆਪ ਨੂੰ 100 ਸੀਟਾਂ ਆਉਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਹਰੇਕ ਜਾਣਦਾ ਹੈ ਕਿ ਆਖਰਕਾਰ ਉਨ੍ਹਾਂ ਨੂੰ ਕਿੰਨੀਆਂ ਸੀਟਾਂ ਹਾਸਲ ਹੋਈਆਂ।” ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਪਾਰਟੀ ਦਾ ਹਾਲ 2022 ਵਿੱਚ ਵੀ ਇਹੋ ਹੋਵੇਗਾ।
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਦਿੱਲੀ ਦੇ ਮੁੱਖ ਮੰਤਰੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਆਪਣੇ ਵਾਅਦਿਆਂ ਵਿੱਚੋਂ ਸਿਰਫ 30 ਫੀਸਦੀ ਹੀ ਪੂਰੇ ਕਰਨ ਵਿੱਚ ਅਸਫਲ ਰਹੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਵਿੱਚ ਬੇਹੁਦਾ ਗੱਲਾਂ ਕਰਨ ਦੀ ਬਜਾਏ ਆਪਣੇ ਸੂਬੇ ਵੱਲ ਧਿਆਨ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ, ”ਉਹ ਪੰਜਾਬ ਵਿੱਚ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ ਜਦੋਂ ਕਿ ਉਸ ਦਾ ਦਿੱਲੀ ਵਿੱਚ ਆਪਣਾ ਰਿਕਾਰਡ ਬਹੁਤ ਤਰਸਯੋਗ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਵਿੱਚੋਂ ਪਾਟੋ-ਧਾੜ ਹੈ ਅਤੇ ਕੋਈ ਵੀ ਉਨ੍ਹਾਂ ਨੂੰ ਇਕੱਠਿਆ ਨਹੀਂ ਰੱਖ ਸਕਦਾ। ਵੱਡੇ ਬਾਦਲ ਆਪਣੀ ਉਮਰ ਕਾਰਨ ਹੁਣ ਪਾਰਟੀ ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਭਾਜਪਾ ਦੀ ਪੰਜਾਬ ਵਿੱਚ ਸੰਭਾਵਨਾ ਬਾਰੇ ਉਨ੍ਹਾਂ ਕਿਹਾ, ”ਕਿਹੜੀ ਭਾਜਪਾ?” ਪਾਰਟੀ ਦਾ ਸੂਬੇ ਵਿੱਚ ਕੋਈ ਵਜੂਦ ਨਹੀਂ ਹੈ ਜਿੱਥੇ ਲੋਕ ਉਨ੍ਹਾਂ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਭਾਜਪਾ ਬੁਖਲਾਹਟ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਵਾਪਸ ਭਾਈਵਾਲੀ ਸਥਾਪਤ ਕਰ ਸਕਦੀ ਹੈ।
ਅਗਾਮੀ ਵਿਧਾਨ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਲਈ ਉਨ੍ਹਾਂ ਦੀ ਯੋਗਤਾ ਬਾਰੇ ਪੁੱਛੇ ਜਾਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਹਰ ਕੋਈ ਇਕੱਲਾ ਹੀ ਸਮਰੱਥਵਾਨ ਨਹੀਂ ਹੁੰਦਾ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਪੰਜਾਬ ਦੀ ਮਦਦ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਖਾਸ ਕਰਕੇ ਖੇਤੀਬਾੜੀ ਖੇਤਰ ਸਬੰਧੀ ਮਸਲਿਆਂ ਨਾਲ ਨਿਪਟਣ ਦਾ ਤਜਰਬਾ ਹੈ ਕਿਉਂ ਜੋ 1985 ਤੋਂ ਜਦੋਂ ਵੀ ਉਨ੍ਹਾਂ ਨੂੰ ਅਹੁਦੇ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ ਤਾਂ ਉਹ ਖੇਤੀਬਾੜੀ ਦੇ ਵਿਕਾਸ ਲਈ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਦਯੋਗ ਦਾ ਵਿਕਾਸ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਲੀਡਰਸ਼ਿਪ ਵਿੱਚ ਜਤਾਉਣਾ ਹੀ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਤੱਥ ਇਹ ਹੈ ਕਿ ਉਨ੍ਹਾਂ ਨੇ ਵਿਸ਼ਵਾਸ ਜ਼ਾਹਰ ਕਰਦਿਆਂ ਸਾਲ 2017 ਵਿੱਚ ਉਨ੍ਹਾਂ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਜ਼ਮੀਨੀ ਪੱਧਰ ‘ਤੇ 73000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਕਰੜੇ ਹੱਥੀਂ ਨਿਪਟਣ ਦੀ ਲੋੜ ਹੈ ਅਤੇ ਉਨ੍ਹਾਂ ਦੀ ਫੌਜ ਵਿੱਚ ਟ੍ਰੇਨਿੰਗ ਇਸ ਚੁਣੌਤੀ ਨਾਲ ਨਜਿੱਠਣ ਲਈ ਉਨ੍ਹਾਂ ਵਾਸਤੇ ਸਹਾਈ ਸਿੱਧ ਹੋ ਸਕਦੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸੱਤਾ ਵਿੱਚ ਉਨ੍ਹਾਂ ਦੀ ਪਾਰਟੀ ਨੇ 84.6 ਫੀਸਦੀ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ ਜਿਸ ਨਾਲ ਮੁਲਕ ਵਿੱਚ ਪੰਜਾਬ ਨੇ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਇਕ ਸਾਲ ਦੌਰਾਨ ਪਏ ਘਾਟੇ ਦੇ ਬਾਵਜੂਦ ਪੰਜਾਬ ਨੇ ਇਹ ਰਿਕਾਰਡ ਹਾਸਲ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੇ ਅੰਤ ਤੱਕ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ। ਸੂਬੇ ਅਤੇ ਲੋਕਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਪੰਜਾਬ ਮੇਰੇ ਦਿਲ ਵਿੱਚ ਵਸਦਾ ਹੈ।”