ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕਰਨ ਵਾਲਿਆਂ ਨਾਲ ਹੋਰ ਕੈਬਨਿਟ ਮੰਤਰੀਆਂ ਨੇ ਸੁਰ ਮਿਲਾਈ
ਸਾਜਿਸ਼ ਦਾ ਦੋਸ਼ ਲੈਂਦਿਆ ਮੰਤਰੀਆਂ ਨੇ ਕਿਹਾ, ਮੁੱਖ ਮੰਤਰੀ ਵਿਰੋਧੀ ਹਮਲਿਆਂ ਨਾਲ ਸਿੱਧੂ ਦੀ ਆਪ ਅਤੇ ਭਾਜਪਾ ਨਾਲ ਲੁਕਵੀਂ ਸਾਂਝ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ
ਚੰਡੀਗੜ੍ਹ, 12 ਮਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੇਲੋੜਾ ਟਕਰਾਅ ਪੈਦਾ ਕਰਨ ਵਾਲੇ ਪਾਰਟੀ ਦੇ ਹੀ ਵਿਧਾਇਕ ਖਿਲਾਫ ਸਖਤ ਰੁਖ ਅਪਣਾਉਂਦਿਆਂ ਬੁੱਧਵਾਰ ਨੂੰ ਪੰਜਾਬ ਦੇ ਹੋਰ ਕੈਬਨਿਟ ਮੰਤਰੀਆਂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਇਕਸੁਰ ਮਿਲਾਈ ਅਤੇ ਪਾਰਟੀ ਹਾਈ ਕਮਾਂਡ ਕੋਲ ਨਵਜੋਤ ਸਿੱਧੂ ਖਿਲਾਫ ਸਖਤ ਅਨੁਸ਼ਾਸਣੀ ਕਾਰਵਾਈ ਕਰਨ ਦੀ ਮੰਗ ਰੱਖੀ।
ਸਿੱਧੂ ਵੱਲੋਂ ਉਤੇਜਕ ਹੋ ਕੇ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਉਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲਿਆਂ ਨੂੰ ਕਾਂਗਰਸ ਲਈ ਤਬਾਹੀ ਦਾ ਸੱਦਾ ਦੱਸਦਿਆਂ ਬਲਬੀਰ ਸਿੱਧੂ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸਿੱਧੂ ਅਤੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਵਿਚਾਲੇ ਆਪਸੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਉਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲੇ ਸੂਬੇ ਵਿੱਚ ਆਪਣੇ ਚੋਣਾਵੀ ਏਜੰਡੇ ਨੂੰ ਅੱਗੇ ਵਧਾਉਣ ਲਈ ਪੰਜਾਬ ਕਾਂਗਰਸ ਵਿੱਚ ਸਮੱਸਿਆ ਪੈਦਾ ਕਰਨ ਲਈ ਆਪ ਜਾਂ ਭਾਜਪਾ ਆਗੂਆਂ ਵੱਲੋਂ ਉਕਸਾਅ ਕੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ, ”ਜਿਸ ਤਰੀਕੇ ਨਾਲ ਸਿੱਧੂ ਵੱਲੋਂ ਸੂਬਾ ਸਰਕਾਰ ਖਾਸ ਕਰਕੇ ਕੈਪਟਨ ਅਮਰਿੰਦਰ ਖਿਲਾਫ ਹਮਲਾਵਰ ਢੰਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਤੋਂ ਤਾਂ ਮੁੱਖ ਮੰਤਰੀ ਖਿਲਾਫ ਸਾਜਿਸ਼ ਦਾ ਹੀ ਅਨੁਮਾਨ ਲੱਗਦਾ ਹੈ।”
ਤਿੰਨ ਕੈਬਨਿਟ ਸਾਥੀਆਂ ਵੱਲੋਂ ਸਿੱਧੂ ਖਿਲਾਫ਼ ਜਵਾਬੀ ਕਾਰਵਾਈ ਸ਼ੁਰੂ ਕਰਨ ਦੇ ਦੋ ਦਿਨਾਂ ਬਾਅਦ ਇਕ ਸਾਂਝੇ ਬਿਆਨ ਵਿੱਚ ਅੱਜ ਚਾਰ ਮੰਤਰੀਆਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਦੇ ਬੇਅਦਬੀ ਅਤੇ ਹੋਰ ਮੁੱਦਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਜ਼ੁਬਾਨੀ ਹਮਲੇ ਪਾਰਟੀ ਦੇ ਖਿਲਾਫ ਸ਼ਰ੍ਹੇਆਮ ਬਗਾਵਤ ਹੈ। ਸਿੱਧੂ ਦੀ ਹੁਕਮ ਅਦੂਲੀ ਨੂੰ ਪੂਰੀ ਤਰ੍ਹਾਂ ਅਨੁਸ਼ਾਸਨਹੀਣ ਕਰਾਰ ਦਿੰਦਿਆਂ ਮੰਤਰੀਆਂ ਨੇ ਕਿਹਾ ਕਿ ਅਜਿਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਰਾਜਨੀਤਿਕ ਪਾਰਟੀ ਦੁਆਰਾ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਉਹ ਵੀ ਉਸ ਸਮੇਂ ਜਦੋਂ ਸੂਬੇ ਵਿੱਚ ਚੋਣਾਂ ਹੋਣ ਵਾਲੀਆਂ ਹੋਣ। ਉਨ੍ਹਾਂ ਕਿਹਾ, ”ਉਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ, ਜੇਕਰ ਉਹ ਕੱਢਿਆ ਨਹੀਂ ਗਿਆ ਤਾਂ ਪੰਜਾਬ ਕਾਂਗਰਸ ਵਿਚ ਉਸ ਦੀ ਲਗਾਤਾਰ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿਚ ਗੜ੍ਹਬੜ ਪੈਦਾ ਕਰ ਰਹੀ ਹੈ ਅਤੇ ਚੋਣਾਂ ਦੀ ਤਿਆਰੀ ਦੇ ਮਹੱਤਵਪੂਰਨ ਕੰਮ ਤੋਂ ਧਿਆਨ ਭਟਕਾ ਰਹੀ ਹੈ।”
ਸਿੱਧੂ ਦੇ ਵਿਵਾਦਪੂਰਨ ਬਿਆਨਾਂ ਦੇ ਰਿਕਾਰਡ ਵੱਲ ਇਸ਼ਾਰਾ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਸਪੱਸ਼ਟ ਤੌਰ ‘ਤੇ ਆਪਣੇ ਲਈ ਬੱਲੇਬਾਜ਼ੀ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਅਤੇ ਉਸ ਵਿੱਚ ਟੀਮ ਭਾਵਨਾ ਦੀ ਘਾਟ ਹੈ। ਇਹ ਉਹ ਗੁਣ ਹੈ ਜਿਸ ਨੂੰ ਉਨ੍ਹਾਂ ਨੇ ਰਾਜਨੀਤਿਕ ਖੇਤਰ ਵਿਚ ਇਕ ਤੋਂ ਵੱਧ ਵਾਰ ਉਜਾਗਰ ਕੀਤਾ। ਵਿਧਾਇਕ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਜਿਸ ਥਾਲੀ ਵਿੱਚ ਖਾਣਾ, ਉਸੇ ਵਿੱਚ ਛੇਕ ਕਰਨ ਦੀ ਉਸ ਦੀ ਆਦਤ ਕਾਰਨ ਉਸ ਨੇ ਆਪਣੀ ਸਾਬਕਾ ਪਾਰਟੀ ਵਿਚ ਆਪਣੀ ਅਹਿਮੀਅਤ ਗੁਆ ਲਈ ਹੈ।
ਪਾਰਟੀ ਵੱਲੋਂ ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਚ ਰੁੱਝੇ ਹੋਣ ਅਤੇ ਸੂਬਾ ਸਰਕਾਰ ਖਤਰਨਾਕ ਕੋਵਿਡ ਸੰਕਟ ਨਾਲ ਜੂਝਣ ਸਮੇਂ ਕਾਂਗਰਸ ਪਾਰਟੀ ਵਿੱਚ ਉਸ ਦੀ ਥਾਂ ਬਣਾਈ ਰੱਖਣ ਪਿੱਛੇ ਦਲੀਲ ‘ਤੇ ਸਵਾਲ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਉਹ ਇਕ ਮੁਸੀਬਤ ਤੋਂ ਇਲਾਵਾ ਕੁਝ ਨਹੀਂ ਹੈ ਜੋ ਇੰਨੇ ਸਾਲਾਂ ਦੌਰਾਨ ਪੰਜਾਬ ਵਿਚ ਕਾਂਗਰਸ ਅਤੇ ਸੂਬਾ ਸਰਕਾਰ ਲਈ ਯੋਗਦਾਨ ਪਾਉਣ ਵਿੱਚ ਅਸਫ਼ਲ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਉਹਨਾਂ ਦੇ ਖਿਲਾਫ਼ ਜਨਤਕ ਤੌਰ ‘ਤੇ ਭੜਾਸ ਕੱਢਣ ਦੀ ਬਜਾਏ ਸਿੱਧੂ ਖਿਲਾਫ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ ਦਾ ਹਵਾਲਾ ਦਿੰਦੇ ਹੋਏ ਮੰਤਰੀਆਂ ਨੇ ਕਿਹਾ ਕਿ ਵਿਧਾਇਕ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਛੱਡ ਦੇਵੇ ਅਤੇ ਮੁੱਖ ਮੰਤਰੀ ਦੇ ਵਿਰੁੱਧ ਅਖਾੜੇ ਵਿੱਚ ਆਵੇ ਜੇਕਰ ਉਸ ਨੂੰ ਸੱਚਮੁੱਚ ਆਪਣੀ ਸਿਆਸੀ ਸ਼ਕਤੀ ‘ਤੇ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਵਿਰੁੱਧ ਸ਼ਬਦੀ ਹਮਲੇ ਕਰਨਾ ਉਨ੍ਹਾਂ ਦਾ ਰਾਜਨੀਤਿਕ ਰਸੂਖ ਜਾਂ ਪ੍ਰਸਿੱਧੀ ਹੀ ਹੋ ਸਕਦਾ।