Punjab
ਮਗਨਰੇਗਾ ਮੁਲਾਜ਼ਮਾਂ ਵੱਲੋਂ ਰੈਗੂਲਰ ਦੀ ਮੰਗ ਨੂੰ ਲੈ ਕੇ ਅੱਜ ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆ ਅੱਗੇ ਲਗਾਇਆ ਮੋਰਚਾ
ਕਾਦੀਆਂ ,11 ਦਸੰਬਰ () : ਅੱਜ ਇੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਅੱਗੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਦੋ ਦਿਨਾਂ ਦਾ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ,ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ,ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਜੋਸ਼ਨ, ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ, ਸੰਦੀਪ ਸਿੰਘ ਨੇ ਤੇ ਜਲ ਸਪਲਾਈ ਤੋਂ ਹਰਦੀਪ ਸਿੰਘ ,ਅਜਮੇਰ ਸਿੰਘ , ਜਗਤਾਰ ਸਿੰਘ ਸੰਧੂ ,ਰਣਜੋਧ ਸਿੰਘ,ਐਸਐਸਏ ਰਮਸਾ ਪਲਵਿੰਦਰ ਸਿੰਘ ਕਿਹਾ ਕਿ ਪੰਜਾਬ ਸਰਕਾਰ ਪਿਛਲੀਆਂ ਚੋਣਾਂ ਸਮੇਂ ਵੀ ਘਰ-ਘਰ ਰੁਜ਼ਗਾਰ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਬੇਰੁਜ਼ਗਾਰੀ ਭੱਤਾ ਦੇਣ ਅਤੇ ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੀਆਂ ਭਰਤੀਆਂ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ।ਪੰਜ ਸਾਲ ਨੌਜਵਾਨਾਂ ਨੂੰ ਨਵਾਂ ਕਾਨੂੰਨ ਬਣਾ ਕੇ ਪੱਕੇ ਕਰਨ ਦਾ ਲਾਰਾ ਲਾਉਂਦੀ ਰਹੀ। ਅੱਜ ਸਰਕਾਰ ਨੇ ਕਾਨੂੰਨ ਵੀ ਬਣਾ ਦਿੱਤਾ। ਕਰੋੜਾਂ ਰੁਪਏ ਖਰਚ ਕਰਕੇ 36000 ਕੱਚੇ ਮੁਲਾਜ਼ਮ ਪੱਕੇ ਕਰਨ ਦੇ ਵਿਗਿਆਪਨ ਲਾ ਲਾ ਕੇ ਬੱਸ ਅੱਡਿਆਂ ਦੇ ਗੇਟ ਵੀ ਬੰਦ ਕਰ ਦਿੱਤੇ ਪਰ ਇੱਕ ਵੀ ਮੁਲਾਜ਼ਮ ਇਸ ਕਾਨੂੰਨ ਤਹਿਤ ਰੈਗੂਲਰ ਨਹੀਂ ਕੀਤਾ ਗਿਆ। ਅੱਜ ਤੱਕ ਕਿਸੇ ਵੀ ਵਿਭਾਗ ਦੇ ਕੱਚੇ ਮੁਲਾਜ਼ਮ ਪੱਕੇ ਕਰਨ ਲਈ ਨਾ ਹੀ ਕੋਈ ਕਾਰਵਾਈ ਵਿੱਢੀ ਗਈ ਹੈ। ਆਊਟਸੋ਼ਰਸਿੰਗ ਮੁਲਾਜ਼ਮ,ਇਨਲਿਸਟਮੈਂਟ, ਠੇਕੇਦਾਰਾਂ ਰਾਹੀਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਕਾਨੂੰਨ ਤੋਂ ਬਾਹਰ ਰੱਖ ਕੇ,ਤਿੰਨ ਸਾਲ ਦੇ ਸੇਵਾ ਕਾਲ ਨੂੰ ਵਧਾ ਕੇ ਦਸ ਸਾਲ ਕਰਨਾ ਅਤੇ ਕਾਨੂੰਨ ਦੇ ਦਾਇਰੇ ਵਿੱਚ ਆਉਂਦੇ ਮੁਲਾਜ਼ਮਾਂ ਨੂੰ ਵੀ ਰੈਗੂਲਰ ਨਾ ਕਰਨਾ ਸਰਕਾਰ ਦੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਨੰਗਾ ਕਰਦਾ ਹੈ। ਅਸਲ ਵਿੱਚ ਸਰਕਾਰ ਦਾ ਮਕਸਦ ਕਾਨੂੰਨ ਰਾਹੀਂ ਨੌਜਵਾਨਾਂ ਦੀ ਕਾਰਪੋਰੇਟ ਘਰਾਣਿਆਂ ਹੱਥੋਂ ਜਿਸਮਾਨੀ ਅਤੇ ਆਰਥਿਕ ਲੁੱਟ ਕਰਵਾਉਣਾ ਹੈ। ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੀਆਂ ਮੁਨਾਫ਼ੇ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਰੇਗਾ ਮੁਲਾਜ਼ਮ ਕਾਨੂੰਨ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ। ਨਰੇਗਾ ਮੁਲਾਜ਼ਮਾਂ ਦੀ ਤਨਖ਼ਾਹ ਦਾ ਪੂਰਾ ਪੈਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਇਸ ਲਈ ਸੂਬਾ ਸਰਕਾਰ ਦੇ ਖਜ਼ਾਨੇ ਤੇ ਇੱਕ ਵੀ ਪੈਸਾ ਬੋਝ ਨਹੀਂ ਪੈਂਦਾ। ਜੇਕਰ ਸਰਕਾਰ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਦੀ ਹੈ ਤਾਂ ਕਰੋੜਾਂ ਰੁਪਏ ਸੂਬਾ ਸਰਕਾਰ ਨੂੰ ਅਗਲੇ ਤਿੰਨ ਸਾਲਾਂ ਲਈ ਬੱਚਤ ਹੁੰਦੀ ਹੈ ਪਰ ਫਿਰ ਵੀ ਪੰਚਾਇਤ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀ ਵਾਰ-ਵਾਰ ਮੀਟਿੰਗਾਂ ਦੇ ਕੇ ਗੱਲਬਾਤ ਤੋਂ ਭੱਜ ਰਹੇ ਹਨ। ਉਹਨਾਂ ਕਿਹਾ ਕਿ ਵਿਭਾਗ ਦੇ ਮੰਤਰੀ ਦੇ ਗੈਰ-ਜੁੰਮੇਵਾਰਾਨਾ ਰੋਲ਼ ਕਰਕੇ ਹੀ ਨਰੇਗਾ ਮੁਲਾਜ਼ਮ ਨੌਕਰੀ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਮੁੱਖ ਮੰਤਰੀ ਪੰਜਾਬ ਐਲਾਨ ਤੇ ਐਲਾਨ ਤਾਂ ਕਰ ਰਹੇ ਹਨ ਪਰ ਇੱਕ ਵੀ ਮੁਲਾਜ਼ਮ ਦਾ ਮਸਲਾ ਹੱਲ ਕਰਨ ਦੀ ਬਜਾਏ ਗੁੰਡਾਗਰਦੀ ਤੇ ਉੱਤਰ ਆਏ ਹਨ।ਕਦੇ ਨਾਅਰੇਬਾਜ਼ੀ ਰੋਕਣ ਲਈ ਡੀਜੇ ਲਾ ਕੇ ਗੁਰਬਾਣੀ ਲਾਉਣ ਦਾ ਤੁਗਲੁਕੀ ਫੁਰਮਾਨ ਜਾਰੀ ਕਰਦੇ ਹਨ।ਕੱਲ੍ਹ ਮੁੱਖ ਮੰਤਰੀ ਸਕਿਊਰਿਟੀ ਦੇ ਅਫਸਰ ਵੱਲੋਂ ਜੋ ਮਾਨਸਾ ਵਿੱਚ ਅਣਮਨੁੱਖੀ ਤਸ਼ੱਦਦ ਬੇਰੁਜ਼ਗਾਰਾਂ ਉੱਪਰ ਕੀਤਾ ਗਿਆ ਉਹ ਮੁੱਖ ਮੰਤਰੀ ਦਾ ਅਸਲ ਚਿਹਰਾ ਨੰਗਾ ਕਰਦਾ ਹੈ। ਇਸ ਸਮੇਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਉਕਤ ਦੋਸ਼ੀ ਅਫ਼ਸਰ ਅਤੇ ਪੰਜਾਬ ਸਰਕਾਰ ਦੀ ਅਰਥੀ ਵੀ ਸਾੜੀ ਗਈ।ਇਸ ਗੁਰਵਿੰਦਰ ਸਿੰਘ,ਹਰਦੀਪਪਾਲ ਸਿੰਘ,ਵਿਕਰਮ,ਸੁਖਵਿੰਦਰ ਕੌਰ, ਰਵਨੀਤ ਕੌਰ,ਨੇ ਵੀ ਸੰਬੋਧਨ ਕੀਤਾ*