ਮਨਿਸਟਰਜ਼ ਕਮੇਟੀ ਮੀਟਿੰਗ : 3 ਅਗਸਤ ਨੂੰ ਹੋਣ ਵਾਲੀ ਮੀਟਿੰਗ ਵਿੱਚ ਮੁਲਾਜ਼ਮਾਂ ਲਈ ਵੱਡੇ ਐਲਾਨ ਹੋਣ ਦੀ ਉਮੀਦ
ਮੁਲਾਜ਼ਮਾਂ ਦੀ ਪਟਿਆਲਾ ਰੈਲੀ ਨਾਲ ਘਬਰਾਈ ਸਰਕਾਰ
ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨਾਲ ਪੰਜਾਬ ਭਵਨ ਵਿਖੇ ਹੋਈ ਮੀਟਿੰਗ
ਚੰਡੀਗੜ੍ਹ, 30 ਜੁਲਾਈ 2021 ( ) ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਨਾਹ ਪੱਖੀ ਰਵੱਈਏ ਵਿਰੁੱਧ ਮੁਲਾਜ਼ਮਾਂ ਵੱਲੋਂ 29 ਜੁਲਾਈ 2021 ਨੂੰ ਲੱਖਾਂ ਦੀ ਗਿਣਤੀ ਵਿੱਚ ਪਟਿਆਲਾ ਵਿਖੇ ਪਹੁੰਚਕੇ ਸਰਕਾਰੇ ਦਰਬਾਰੇ ਹਲਚੱਲ ਮਚਾ ਦਿੱਤੀ ਹੈ ਜਿਸ ਕਰਕੇ ਰੈਲੀ ਵਾਲੇ ਦਿਨ ਹੀ ਸਰਕਾਰ ਵੱਲੋਂ ਮੁਲਾਜ਼ਮ ਜੱਥੇਬੰਦੀਆਂ ਨਾਲ 30 ਜੁਲਾਈ 2021 ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਰੱਖ ਦਿੱਤੀ ਗਈ ਸੀ। ਇਸ ਮੀਟਿੰਗ ਵਿੱਚ ਮਨਿਸਟਰਜ਼ ਕਮੇਟੀ ਵਿੱਚ ਸ਼ਾਮਿਲ ਮੰਤਰੀ ਬ੍ਰਹਮ ਮਹਿੰਦਰਾ ਬਤੌਰ ਚੇਅਰਮੈਨ, ਓ.ਪੀ. ਸੋਨੀ ਬਤੌਰ ਮੈਂਬਰ, ਬਲਬੀਰ ਸਿੰਘ ਸਿੱਧੂ ਬਤੌਰ ਮੈਂਬਰ ਅਤੇ ਸ਼੍ਰੀ ਸਾਧੂ ਸਿੰਘ ਧਰਮਸੋਤ ਬਤੌਰ ਮੈਂਬਰ ਸ਼ਾਮਿਲ ਹੋਏ। ਆਫਿਸਰਜ਼ ਕਮੇਟੀ ਵੱਲੋਂ ਪ੍ਰਮੁੱਖ ਸਕੱਤਰ, ਵਿੱਤ ਵਿਭਾਗ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਪ੍ਰਸੋਨਲ ਵਿਭਾਗ ਸ਼੍ਰੀ ਵਿਵੇਕ ਪ੍ਰਤਾਪ ਅਤੇ ਵਧੀਕ ਸਕੱਤਰ ਪ੍ਰਸੋਨਲ ਵਨੀਤ ਕੁਮਾਰ ਸ਼ਾਮਿਲ ਹੋਏ।
ਮੀਟਿੰਗ ਦੀ ਸ਼ੁਰੂਆਤ ਵਿੱਚ ਹੀ ਮੁਲਾਜ਼ਮ ਆਗੂ ਸਰਕਾਰ ਤੇ ਭਾਰੂ ਨਜ਼ਰ ਆਏ ਜਦੋਂ ਮੁਲਾਜ਼ਮ ਆਗੂ ਸਤੀਸ਼ ਰਾਣਾ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਵੱਲੋਂ 15 ਸਾਲਾਂ ਬਾਅਦ ਮੁਲਾਜ਼ਮਾਂ ਨੂੰ 6ਵਾਂ ਤਨਖਾਹ ਦੀ ਰਿਪੋਰਟ ਦੇਣੀ ਸੀ ਜੋ ਕਿ ਬਿਲਕੁਲ ਹੀ ਨਕਾਰਾਤਮਕ ਹੈ ਅਤੇ ਮੁਲਾਜ਼ਮ ਵਰਗ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਦਾ ਹੈ। ਮੁਲਾਜ਼ਮ ਆਗੂਆਂ ਨੇ ਸਰਕਾਰ ਦੇ ਖਜਾਨੇ ਤੇ ਭਾਰ ਦੇ ਤਰਕ ਤੇ ਵੀ ਜੋਰਦਾਰ ਬਹਿਸ ਕਰਦਿਆਂ ਕਿਹਾ ਕਿ ਸਰਕਾਰ ਦਾ ਖਜਾਨਾ ਭਰਨਾ ਮੁਲਾਜ਼ਮਾਂ ਦਾ ਕੰਮ ਨਹੀਂ। ਮੁਲਾਜ਼ਮ ਆਮਦਨ ਕਰ ਅਤੇ ਵਿਕਾਸ ਟੈਕਸ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਕਸ ਦੀ ਅਦਾਇਗੀ ਕਰਦੇ ਹਨ। ਪ੍ਰੰਤੂ, ਜਦੋਂ ਵੀ ਮੁਲਾਜ਼ਮ ਵਰਗ ਨੂੰ ਕੁਝ ਦੇਣ ਦਾ ਸਮਾਂ ਹੁੰਦਾ ਹੈ ਤਾਂ ਖਾਲੀ ਖਜਾਨੇ ਦੀ ਦੁਹਾਈ ਪਾਈ ਜਾਂਦੀ ਹੈ। ਫਰੰਟ ਵੱਲੋਂ ਇਸ ਮੀਟਿੰਗ ਵਿੱਚ ਵਿੱਤ ਮੰਤਰੀ ਦੇ ਗੈਰ ਹਾਜ਼ਿਰ ਰਹਿਣ ਤੇ ਵੀ ਨਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਇਸ ਮੀਟਿੰਗ ਨੂੰ ਅਟੈਂਡ ਕਰਨ ਲਈ ਸੁਨੇਹਾ ਵੀ ਭੇਜਿਆ ਗਿਆ ਸੀ ਪ੍ਰੰਤੂ ਇੰਝ ਜਾਪਦਾ ਹੈ ਕਿ ਵਿੱਤ ਮੰਤਰੀ ਮੁਲਾਜ਼ਮਾਂ ਦੇ ਮੁੱਦਿਆਂ ਤੋਂ ਭੱਜ ਰਹੇ ਹਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਜੀ ਦੇ ਹੁਕਮਾਂ ਦੀ ਵੀ ਕੋਈ ਪਰਵਾਹ ਨਹੀਂ। ਤਨਖਾਹ ਕਮਿਸ਼ਨ ਸਬੰਧੀ ਕਮੇਟੀਆਂ ਵੱਲੋਂ ਮੁਲਾਜ਼ਮ ਜੱਥੇਬੰਦੀਆਂ ਨਾਲ ਲੰਮੇ ਸਮੇਂ ਤੱਕ ਵਿਚਾਰ ਵਟਾਂਦਰਾ ਕੀਤਾ ਗਿਆ ।
ਫਰੰਟ ਵੱਲੋਂ ਮੁਲਾਜ਼ਮਾਂ ਦੇ 2.25 ਦੇ ਗੁਣਾਂਕ ਨੂੰ ਮੁੱਢ ਤੋਂ ਹੀ ਨਕਾਰਦਿਆਂ ਕਿਹਾ ਹੈ ਕਿ ਸਰਕਾਰ ਮੁਲਾਜ਼ਮਾਂ ਵਿੱਚ ਪਾੜਾ ਵਧਾਉਣ ਵਾਲਾ ਕੰਮ ਕਰ ਰਹੀ ਹੈ ਕਿਊਜੋ ਦਰਜਾ-4, ਦਰਜ-3 ਅਤੇ ਦਰਜਾ-2 ਮੁਲਾਜ਼ਮਾਂ ਨੂੰ 2.25 ਦਾ ਤਨਖਾਹ ਗੁਣਾਂਕ ਦਿੱਤਾ ਜਾ ਰਿਹਾ ਹੈ ਜਦਕਿ ਉੱਚ ਅਧਿਕਰੀਆਂ ਨੂੰ 2.72 ਤਾ ਤਨਖਾਹ ਗੁਣਾਂਕ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ। ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਵੀ ਜੋਰਦਾਰ ਬਹਿਸ ਕੀਤੀ ਗਈ ਅਤੇ ਦੋਵੇ ਕਮੇਟੀਆਂ ਵੱਲੋਂ ਐਨ.ਪੀ.ਐਸ. ਅਧੀਨ ਫੈਮਿਲੀ ਪੈਨਸ਼ਨ ਦੇਣ ਸਬੰਧੀ ਸਹਿਮਤੀ ਪ੍ਰਗਟਾਈ ਹੈ ਜਿਸ ਸਬੰਧੀ ਨੇੜਲੇ ਭਵਿੱਖ ਵਿੱਚ ਲੋੜੀਂਦਾ ਪੱਤਰ ਵੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਸੇ ਤਰ੍ਹਾਂ ਦਸੰਬਰ 2011 ਵਿੱਚ ਕੈਬਿਨਟ ਸਬ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਕੁੱਝ ਕੈਟਾਗਰਿਆਂ ਦੀ ਤਨਖਾਹ ਰੀਵਾਈਜ਼ ਨਹੀਂ ਕੀਤੀ ਗਈ ਸੀ। ਅਜਿਹੇ ਕੇਸਾਂ ਵਿੱਚ ਸਰਕਾਰ ਵੱਲੋਂ ਅਨਾਮਲੀ ਕਮੇਟੀ ਦੇ ਗਠਨ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। । ਦੱਸ ਦੇਈਏ ਕਿ ਮਾਰਚ 2017 ਤੋਂ ਕਾਂਗਰਸ ਸਰਕਾਰ ਮੁਲਾਜ਼ਮਾਂ ਨਾਲ ਵੱਡੇ ਵਾਅਦੇ ਅਤੇ ਦਾਅਵੇ ਕਰਦੀ ਆ ਰਹੀ ਹੈ। ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਮੁਲਾਜ਼ਮਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਇਸ ਦੌਰਾਨ ਵੱਖ ਵੱਖ ਕਮੇਟੀਆਂ ਦਾ ਕੇਵਲ ਗਠਨ ਕੀਤਾ ਗਿਆ ਪ੍ਰੰਤੂ ਅੱਜ ਤੱਕ ਇਨ੍ਹਾਂ ਕਮੇਟੀਆਂ ਵੱਲੋਂ ਨਾ ਤਾਂ ਕੋਈ ਮੀਟਿੰਗ ਹੀ ਕੀਤੀ ਗਈ ਅਤੇ ਨਾ ਕਿਸੇ ਤਰ੍ਹਾਂ ਦੀ ਰਿਪੋਰਟ ਹੀ ਦਿੱਤੀ ਹੈ। ਮੁਲਾਜ਼ਮ ਆਗੂਆਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਪੱਤਰ ਜਾਰੀ ਨਹੀਂ ਕਰਦੀ, ਓੰਨੀ ਦੇਰ ਸੰਘਰਸ਼ ਜਾਰੀ ਰਹੇਗਾ ਅਤੇ ਆਉਣ 06 ਅਗਸਤ 2021 ਤੋਂ 14 ਅਗਸਤ 2021 ਤੱਕ ਮੁਕੰਮਲ ਤੌਰ ਤੇ ਪੈਨਡਾਊਨ, ਟੂਲ ਡਾਊਨ,ਚੱਕਾ ਜਾਮ ਹੜਤਾਲ ਕੀਤੀ ਜਾਵੇਗੀ। ਮੁਲਾਜ਼ਮ ਫਰੰਟ ਨਾਲ ਵਿਚਾਰ ਉਪਰੰਤ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ 3 ਅਗਸਤ 2021 ਨੂੰ ਆਪਣੇ ਫੈਸਲਾ ਦੇਣ ਲਈ ਆਖਿਆ ਹੈ ਸਾਂਝੇ ਫਰੰਟ ਇਸ ਮੌਕੇ ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ, ਜਗਦੀਸ਼ ਸਿੰਘ ਚਾਹਲ, ਸਤੀਸ਼ ਰਾਣਾ, ਮੇਘ ਸਿੰਘ ਸਿੱਧੂ, ਕਰਮ ਸਿੰਘ ਧਨੋਆ ਜਰਮਨਜੀਤ ਸਿੰਘ, ਬਖ਼ਸ਼ੀਸ਼ ਸਿੰਘ, ਵਾਸਵੀਰ ਸਿੰਘ ਭੁੱਲਰ ਆਦਿ ਸ਼ਾਮਿਲ ਹੋਏ।