May 12, 2021

ਨਵਜੋਤ ਸਿੱਧੂ ਖਿਲਾਫ ਧਰਮਸੌਤ ਨੇ ਖੋਲ੍ਹਿਆ ਮੋਰਚਾ ਸਿੱਧੂ ਨੂੰ ਬੇਅਦਬੀ ਮਾਮਲਿਆਂ ਨਾਲ ਨਹੀਂ ਕੋਈ ਸਰੋਕਾਰ, ਕੇਵਲ ਮੁੱਖ ਮੰਤਰੀ ਦੀ ਕੁਰਸੀ ਦਾ ਭੁੱਖਾ : ਧਰਮਸੋਤ

ਨਵਜੋਤ ਸਿੱਧੂ ਖਿਲਾਫ ਧਰਮਸੌਤ ਨੇ ਖੋਲ੍ਹਿਆ ਮੋਰਚਾ ਸਿੱਧੂ ਨੂੰ ਬੇਅਦਬੀ ਮਾਮਲਿਆਂ ਨਾਲ ਨਹੀਂ ਕੋਈ ਸਰੋਕਾਰ, ਕੇਵਲ ਮੁੱਖ ਮੰਤਰੀ ਦੀ ਕੁਰਸੀ ਦਾ ਭੁੱਖਾ : ਧਰਮਸੋਤ

-ਜਿਸ ਪਾਰਟੀ ’ਚ ਗਏ ਉਸ ਨਾਲ ਕੀਤਾ ਵਿਸ਼ਵਾਸਘਾਤ
ਚੰਡੀਗੜ੍ਹ, 29 ਅਪ੍ਰੈਲ () : ਅਕਾਲੀ ਭਾਜਪਾ ਸਰਕਾਰ ਮੌਕੇ ਵਾਪਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਨਵਜੋਤ ਸਿੰਘ ਸਿੱਧੂ ਦਾ ਕੋਈ ਸਰੋਕਾਰ ਨਹੀਂ ਹੈ, ਸਿੱਧੂ ਕੇਵਲ ਮੁੱਖ ਮੰਤਰੀ ਦੀ ਕੁਰਸੀ ਦਾ ਭੁੱਖਾ ਹੈ। ਜਿਸ ਕਰਕੇ ਉਹ ਸ਼ੁਰੂ ਤੋਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਹਿੱਤਾਂ ਵਿਚ ਕੀਤੇ ਜਾ ਰਹੇ ਕੰਮਾਂ ਦੀ ਨੁਕਤਾਚੀਨੀ ਕਰਦੇ ਆ ਰਹੇ ਹਨ ਤੇ ਆਪ ਖੁੱਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂੁ ਸਿੰਘ ਧਰਮਸੌਤ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਦਾ ਰਾਜਨੀਤਿਕ ਕੱਦ ਪੰਜਾਬ ਹੀ ਨਹੀਂ ਬਲਕਿ ਪੂਰੇ ਸੰਸਾਰ ਵਿਚ ਬਹੁਤ ਉੱਚਾ ਹੈ, ਫਿਰ ਪਤਾ ਨਹੀਂ ਕਿੳਂੁ ਸਿੱਧੂ ਉਨ੍ਹਾਂ ਦੀ ਕਾਰਜਪ੍ਰਣਾਲੀ ਦੀ ਅਲੋਚਨਾ ਕਰ ਰਹੇ ਹਨ। ਜਦੋਂ ਕਿ ਸਿੱਧੂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੁੰਦੇ ਸਾਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਬਣਾ ਕੇ ਵੱਡਾ ਵਿਭਾਗ ਵੀ ਦਿੱਤਾ ਗਿਆ ਸੀ ਪਰ ਸਿੱਧੂ ਨੂੰ ਇਹ ਹਜਮ ਨਹੀਂ ਹੋਇਆ। ਸਿੱਧੂ ਨੂੰ ਜਿਸ ਵੀ ਪਾਰਟੀ ਨੇ ਸਨਮਾਨ ਦਿੱਤਾ ਹੈ ਉਸ ਨਾਲ ਹੀ ਉਸਨੇ ਵਿਸ਼ਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਰਟੀ ਦੀ ਮਰਿਆਦਾ ਵਿਚ ਹੀ ਰਹਿਣਾ ਚਾਹੀਦਾ ਹੈ ਤੇ ਮੁੱਖ ਮੰਤਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਬੇਬਾਕੀ ਨਾਲ ਬੋਲਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਗੇ ਕਿਹਾ ਕਿ ਜਦੋਂ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਉਸ ਵਕਤ ਨਵਜੋਤ ਸਿੰਘ ਸਿੱਧੂ ਮੈਂਬਰ ਪਾਰਲੀਮੈਂਟ ਸਨ ਅਤੇ ਉਨ੍ਹਾਂ ਦੀ ਧਰਮਪਤਨੀ ਬਾਦਲ ਸਰਕਾਰ ਵਿੱਚ ਵਜ਼ੀਰ ਸਨ ।ਪਰ ਉਸ ਸਮੇਂ ਸਿੱਧੂ ਨੇ ਇਨ੍ਹਾਂ ਘਟਨਾਵਾਂ ਪ੍ਰਤੀ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ ਤੇ ਹੁਣ ਅੱਜ ਕਿਸ ਮੂੰਹ ਨਾਲ ਗੱਲਾਂ ਕਰ ਰਿਹਾ ਹੈ, ਸਮਝ ਤੋਂ ਬਾਹਰ ਹੈ । ਧਰਮਸੋਤ ਨੇ ਸਿੱਧੂ ਬਾਰੇ ਬੋਲਦੇ ਹੋਏ ਵਿਅੰਗਮਈ ਅੰਦਾਜ਼ ਵਿਚ ਆਖਿਆ ਕਿ ਵਕਤੋਂ ਖੁੰਝੀ ਡੂੰਮਣੀ ਗਾਵੇ ਊਟ ਪਟੰਗ ।
ਧਰਮਸੌਤ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਪੰਥ ਅਤੇ ਪੰਜਾਬੀਅਤ ਪ੍ਰਤੀ ਡਟ ਕੇ ਲੜਾਈ ਲੜੀ ਇੱਥੋਂ ਤਕ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਕੁਰਸੀ ਤੱਕ ਦੀ ਵੀ ਪ੍ਰਵਾਹ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚ ਹੀ ਰਹਿ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਪਾਰਟੀ ਦੀ ਕਮਜ਼ੋਰੀ ਲਈ । ਉਨ੍ਹਾਂ ਕਿਹਾ ਕਿ ਸਿੱਧੂ ਨੂੰ ਬਿਜਲੀ ਮਹਿਕਮਾ ਸੰਭਾਲ ਕੇ ਆਪਣੀ ਕਾਬਲੀਅਤ ਦਿਖਾਉਣੀ ਚਾਹੀਦੀ ਸੀ ਕਿਉਂਕਿ ਮਹਿਕਮਾ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ । ਧਰਮਸੌਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਹਰ ਹਾਲ ਵਿੱਚ ਸਜ਼ਾ ਦਿਵਾਈ ਜਾਵੇਗੀ ।