Punjab

ਕਪਾਹ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ‘ਮੇਟਿੰਗ ਡਿਸਰਪਸ਼ਨ ਤਕਨਾਲੋਜੀ’ ਦੀ ਕੀਤੀ ਜਾਵੇਗੀ ਵਰਤੋਂ : ਰਣਦੀਪ ਨਾਭਾ

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਤਕਨੀਕ ਸਬੰਧੀ ਰਿਪੋਰਟ ਜਲਦ ਤਿਆਰ ਕਰਨ ਲਈ ਕਿਹਾ
ਅਗਲੇ ਸੀਜ਼ਨ ਮਾਲਵਾ ਖੇਤਰ ਦੀ ਕਪਾਹ ਗੁਲਾਬੀ ਸੁੰਡੀ ਤੋਂ ਮੁਕਤ ਹੋਵੇਗੀ 
ਚੰਡੀਗੜ, 6 ਅਕਤੂਬਰ
ਪੰਜਾਬ ਸਰਕਾਰ ਮਾਲਵਾ ਕਪਾਹ ਪੱਟੀ ਵਿੱਚ ਗੁਲਾਬੀ ਸੁੰਡੀ ਦੀ ਸਮੱਸਿਆ ਨਾਲ ਨਜਿੱਠਣ ਲਈ ਬਹੁਤ ਗੰਭੀਰ ਹੈ। ਅਧਿਕਾਰੀਆਂ ਅਤੇ ਮਾਹਿਰਾਂ ਦੇ ਉੱਚ ਪੱਧਰੀ ਵਫਦ ਨੂੰ ਸੰਬੋਧਨ ਕਰਦਿਆਂ, ਖੇਤੀਬਾੜੀ ਮੰਤਰੀ ਪੰਜਾਬ, ਸ. ਰਣਦੀਪ ਸਿੰਘ ਨਾਭਾ ਨੇ ਅੱਜ ਕਿਹਾ ਕਿ ਕਪਾਹ ਦੀ ਫਸਲ ਲਈ ਅਗਲੇ ਸੀਜਨ ਤੋਂ ਗੁਲਾਬੀ ਸੁੰਡੀ ਨਾਲ ਨਜਿੱਠਣ ਲਈ “ਮੇਟਿੰਗ ਡਿਸਰਪਸ਼ਨ ਟੈਕਨਾਲੌਜੀ’’ ਵਰਤੀ  ਜਾਵੇਗੀ। ਮਾਲਵਾ ਖੇਤਰ ਦੀ ਬੀਜੀ11 ਕਪਾਹ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸਨੇ ਫਸਲਾਂ ਦੇ ਝਾੜ ਉੱਤੇ ਮਾੜਾ ਅਸਰ ਪਾਇਆ। ਪੰਜਾਬ ਵਿੱਚ ਕਪਾਹ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਮੌਜੂਦਾ ਸਥਿਤੀ ਗੁਲਾਬੀ ਸੁੰਡੀ ਕਾਰਨ ਬਹੁਤ ਗੰਭੀਰ ਹੈ। ਬਹੁਤੇ ਕਿਸਾਨਾਂ ਨੇ ਫਸਲ ਨਸ਼ਟ ਕਰ ਦਿੱਤੀ ਹੈ ਅਤੇ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ।
ਵਿਸ਼ੇਸ਼ ਗਿਰਦਾਵਰੀ ਬਾਰੇ ਰਿਪੋਰਟ ਛੇਤੀ ਹੀ ਆਉਣ ਦੀ ਉਮੀਦ ਹੈ ਅਤੇ ਰਿਪੋਰਟ ਤਿਆਰ ਹੋਣ ਤੋਂ ਬਾਅਦ ਸਰਕਾਰ ਕਿਸਾਨਾਂ ਨੂੰ ਮੁਆਵਜਾ ਦੇਵੇਗੀ। ਇਸ ਦੌਰਾਨ ਅਧਿਕਾਰੀ ਇੱਕ ਰਿਪੋਰਟ ਤਿਆਰ ਕਰਨਗੇ ਕਿ ਇਸ ਤਕਨੀਕ ਨੂੰ ਪੰਜਾਬ ਵਿੱਚ ਕਿਵੇਂ ਪੇਸ਼ ਕੀਤਾ ਜਾਵੇ।
ਖੇਤੀਬਾੜੀ ਮੰਤਰੀ ਨੇ ਅੱਜ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ‘ਮੇਟਿੰਗ ਡਿਸਰਪਸ਼ਨ ਤਕਨੀਕ’ ਵਰਤੀ ਜਾਵੇ , ਜੋ ਫਸਲਾਂ ਦੀ ਸੁਰੱਖਿਆ ਵਿੱਚ ਗੋਲਡ ਸਡੈਂਡਰਡ ਮੰਨੀ ਜਾਂਦੀ ਹੈ ਅਤੇ ਪੱਛਮੀ ਦੇਸ਼ਾਂ ਵਿੱਚ ਮਸ਼ਹੂਰ ਹੈ ਅਤੇ ਸਾਲਾਂ ਤੋਂ ਅੰਗੂਰ ਅਤੇ ਸੇਬ ਵਰਗੀਆਂ ਵਿਸ਼ੇਸ਼ ਫਸਲਾਂ ਵਿੱਚ ਵਰਤੀ ਜਾ ਰਹੀ ਹੈ। ਪਿਛਲੇ 4 ਸਾਲਾਂ ਵਿੱਚ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕਿਸਾਨਾਂ ਇਸ ਤਕਨਾਲੋਜੀ ਸਬੰਧੀ ਕਈ ਅਜਮਾਇਸ਼ਾਂ (ਤਜਰਬੇ) ਕੀਤੀਆਂ ਗਈਆਂ ਹਨ ਜਿਸਦੇ ਭਾਰਤ ਦੇ ਕਈ ਰਾਜਾਂ ਵਿੱਚ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਇਸ ਸਬੰਧੀ ਤਜਰਬੇ ਕੀਤੇ ਹਨ ਅਤੇ ਇਸ ਨਾਲ ਕਿਸਾਨਾਂ ਨੂੰ ਮਹੱਤਵਪੂਰਨ ਲਾਭ ਹੋਏ ਹਨ।
ਸ.  ਨਾਭਾ ਨੇ ਕਿਹਾ ਕਿ ਵਿਭਾਗ ਵੱਲੋਂ ਪੰਜਾਬ ਵਿੱਚ 2 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਗੁਲਾਬੀ ਸੁੰਡੀ ਦਾ ਖੇਤਰ ਵਿਆਪਕ ਪ੍ਰਬੰਧਨ ਕਰਨ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਪ੍ਰਸਤਾਵ ਹੈ। ਇਹ ਤਕਨਾਲੋਜੀ ਨੋ-ਪੰਪ ਨੋ-ਸਪਰੇਅ ਹੈ ਨਾਲ ਸਬੰਧਤ ਹੈ ਅਤੇ ਉਤਪਾਦ ਇੱਕ ਪੇਸਟ ਦੇ ਰੂਪ ਵਿੱਚ ਹੈ ਜਿਸਨੂੰ ਕਿਸਾਨ ਵਲੋਂ 30 ਦਿਨਾਂ ਦੇ ਅੰਤਰਾਲ ’ਤੇ 3 ਵਾਰ ਵਰਤਣਾ ਹੁੰਦਾ ਹੈ। ਉਤਪਾਦ ਇੱਕ ਗ੍ਰੀਨ ਲੇਬਲ ਹੈ ਅਤੇ ਵਾਤਾਵਰਣ, ਪੌਦਿਆਂ, ਕਿਸਾਨਾਂ ਅਤੇ ਮਿੱਟੀ ’ਤੇ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।
ਇਸ ਤਕਨੀਕ ਬਾਰੇ ਪੇਸ਼ਸਕਾਰੀ ਦਿੰਦੇ ਹੋਏ, ਡਾ ਮਾਰਕੰਡੇਯਾ ਗੋਰਾਂਤਲਾ, ਜਿਨਾਂ ਨੇ ਜੀਵ ਵਿਗਿਆਨ ਅਤੇ ਰਸਾਇਣਕ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀਆਂ, ਫੰਕਸ਼ਨਲ ਜੀਨੋਮਿਕਸ ਰਾਈਸ ਵਿੱਚ ਪੀਐਚਡੀ ਕੀਤੀ ਹੈ, ਨੇ ਕਿਹਾ ਕਿ ਇਹ ਤਕਨੀਕ ਪੰਜਾਬ ਦੇ ਕਿਸਾਨਾਂ ਲਈ ਖੁਸ਼ੀਆਂ ਲਿਆਏਗੀ , ਜੋ ਦੁਨੀਆਂ ਭਰ ਦੇ ਕਿਸਾਨ ਮਾਣ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਲਾਲ ਸਿੰਘ ਚੇਅਰਮੈਨ ਮੰਡੀ ਬੋਰਡ, ਸ੍ਰੀ ਡੀ.ਕੇ ਤਿਵਾੜੀ ਵਿੱਤ ਕਮਿਸ਼ਨਰ, ਸ੍ਰੀ ਦਿਲਰਾਜ ਸਿੰਘ ਖੇਤੀਬਾੜੀ ਸਕੱਤਰ, ਸ੍ਰੀ ਰਵੀ ਭਗਤ ਸਕੱਤਰ ਮੰਡੀ ਬੋਰਡ, ਸ੍ਰੀ ਰਾਹੁਲ ਗੁਪਤਾ ਪੀਸੀਐਸ, ਸ੍ਰੀ ਹਰਸ਼ੁਇੰਦਰ ਬਰਾੜ ਜੇਡੀ ਮੰਡੀ ਬੋਰਡ, ਡਾਇਰੈਕਟਰ ਖੇਤੀਬਾੜੀ ਸ੍ਰੀ ਸੁਖਦੇਵ ਸਿੰਘ ਸਿੱਧੂ, ਖੇਤੀਬਾੜੀ ਕਮਿਸ਼ਨਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!