Punjab
ਮਾਰਕਫੈੱਡ ਵਲੋਂ ਬਾਰਦਾਨੇ ਦੀ ਵੰਡ ਵਿੱਚ ਬੇਨਿਯਮੀਆਂ ਕਰਨ ਦੇ ਮਾਮਲੇ ਵਿੱਚ ਗੋਨਿਆਣਾ ਦਾ ਏ.ਐਫ.ਓ. ਮੁਅੱਤਲ
ਚੰਡੀਗੜ, 24 ਅਪ੍ਰੈਲ:
ਮੌਜੂਦਾ ਸਮੇਂ ਵਿੱਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਬਾਰਦਾਨੇ (ਬੋਰੀਆਂ) ਦੀ ਵੰਡ ਵਿੱਚ ਕੀਤੀਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਮਾਰਕਫੱੈਡ ਦੇ ਮੈਨੇਜਿੰਗ ਡਾਇਰੈਕਟਰ ਨੇ ਅੱਜ ਗੋਨਿਆਣਾ ਸ਼ਾਖਾ ਦਫ਼ਤਰ ਦੇ ਏ.ਐਫ.ਓ. ਹਰਸਿਮਰਨਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਵਰੁਨ ਰੂਜਮ ਨੇ ਦੱਸਿਆ ਕਿ ਬਾਰਦਾਨੇ ਦੀ ਵੰਡ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਸ਼ਾਮਲ ਹੋਣ ਸਬੰਧੀ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਅਧਾਰ ‘ਤੇ ਏ.ਐਫ.ਓ. ਹਰਸਿਮਰਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਭਾਗ ਵਲੋਂ ਕਿਸੇ ਵੀ ਜਨਤਕ ਕੰਮ ਵਿੱਚ ਕੋਈ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਸੁਖਦੀਪ ਸਿੰਘ, ਐਸ.ਬੀ.ਓ, ਸ਼ਾਖਾ ਦਫਤਰ ਸ੍ਰੀ ਚਮਕੌਰ ਸਾਹਿਬ ਜਿਲਾ ਰੂਪਨਗਰ ਦਾ ਤਬਾਦਲਾ ਕਰਕੇ ਸ਼ਾਖਾ ਦਫਤਰ ਗੋਨਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ। ਜਦਕਿ ਸ੍ਰੀ ਚਮਕੌਰ ਸਾਹਿਬ, ਬ੍ਰਾਂਚ ਦਫਤਰ ਦੇ ਐਫ.ਓ (ਜੀ) ਸ੍ਰੀ ਹਰਭਜਨ ਸਿੰਘ ਹੁਣ ਸ਼ਾਖਾ ਦਫ਼ਤਰ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਵਜੋਂ ਕੰਮ ਕਰਨਗੇ।