ਮਗਨਰੇਗਾ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਵੱਲੋਂ 48 ਘੰਟੇ ਵਿੱਚ ਦਫ਼ਤਰ ਵਿਖੇ ਹਾਜ਼ਰ ਹੋਣ ਦਾ ਅਲਟੀਮੇਟਮ
*ਘਰ-ਘਰ ਨੋਕਰੀ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਮਗਨਰੇਗਾ ਮੁਲਾਜ਼ਮਾਂ ਬੇਰੁਜ਼ਗਾਰ ਕਰਨ ਲਈ ਤਿਆਰ 48 ਘੰਟਿਆਂ ਦਾ ਨੋਟਿਸ ਜਾਰੀ*
*ਮਗਨਰੇਗਾ ਮੁਲਾਜ਼ਮਾਂ ਦਾ ਪੱਕਾ ਮੋਰਚਾ 12 ਦਿਨ ਵਿਚ ਦਾਖਲ*
ਮੋਹਾਲੀ, 23 ਅਗਸਤ ( ) : ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈਕੇ 12 ਅਗਸਤ ਤੋਂ ਵਿਕਾਸ ਭਵਨ ਮੋਹਾਲੀ ਵਿਖੇ ਪੱਕਾ ਮੋਰਚਾ ਲਗਾਈ ਬੈਠੇ ਪੰਜਾਬ ਦੇ ਸਮੂਹ ਨਰੇਗਾ ਮੁਲਾਜ਼ਮਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਮੂਹ ਮੁਲਾਜ਼ਮਾਂ ਨੂੰ 48 ਘੰਟੇ ਵਿੱਚ ਦਫ਼ਤਰ ਵਿਖੇ ਹਾਜ਼ਰ ਹੋਣ ਦਾ ਅਲਟੀਮੇਟਮ ਦਿੰਦੇ ਹੋਏ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਯੂਨੀਅਨ ਦੇ ਵਫ਼ਦ ਨਾਲ 17 ਅਗਸਤ ਨੂੰ ਪੈਨਲ ਮੀਟਿੰਗ ਕੀਤੀ ਸੀ ਜਿਸ ਵਿੱਚ ਉਨ੍ਹਾਂ 19 ਅਗਸਤ ਨੂੰ ਮੁੜ ਪੈਨਲ ਮੀਟਿੰਗ ਕਰਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਕਾਰਵਾਈ ਆਰੰਭ ਕਰਨ ਦਾ ਵਿਸ਼ਵਾਸ ਦਿੱਤਾ ਸੀ। ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਵਰਿੰਦਰ ਸਿੰਘ, ਜਨਰਲ ਸਕੱਤਰ ਅਮਿ੍ਤਪਾਲ ਸਿੰਘ, ਪ੍ਰੈਸ ਸਕੱਤਰ ਅਮਰੀਕ ਸਿੰਘ,ਵਿੱਤ ਸਕੱਤਰ ਮਨਸ਼ੇ ਖਾ, ਸੀਨੀਅਰ ਮੀਤ ਰਣਧੀਰ ਸਿੰਘ, ਕਹਿ ਕਿ ਅੱਜ ਇੱਕ ਹਫ਼ਤਾ ਬੀਤ ਜਾਣ ਬਾਅਦ ਵੀ ਮੀਟਿੰਗ ਦਾ ਕੋਈ ਵੀ ਸਮਾਂ ਨਹੀਂ ਦਿੱਤਾ ਗਿਆ। ਮੁਲਾਜ਼ਮਾਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ ਪਰ ਪੰਜਾਬ ਭਰ ਦੇ ਮੁਲਾਜ਼ਮਾਂ ਵਿੱਚ ਇਸ ਧੱਕੇਸ਼ਾਹੀ ਵਿਰੁੱਧ ਗਹਿਰਾ ਰੋਸ ਪਾਇਆ ਜਾ ਰਿਹਾ ਹੈ।
ਇਸ ਧੱਕੇਸ਼ਾਹੀ ਤੋਂ ਅੱਕੇ ਮੁਲਾਜ਼ਮਾਂ ਨੇ ਅੱਜ ਵਿਕਾਸ ਭਵਨ ਦੇ ਤਿੰਨੇ ਗੇਟ ਬੰਦ ਕਰ ਦਿੱਤੇ।ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਨਾਲ ਮੁਲਾਜ਼ਮਾਂ ਨੂੰ ਮੁੱਖ ਗੇਟ ਤੋਂ ਹਟਾਇਆ। ਪੁਲਿਸ ਮੁਲਾਜ਼ਮ ਯੂਨੀਅਨ ਦਾ ਸਮਾਨ ਚੁੱਕ ਕੇ ਲੈ ਗਏ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਆ ਕੇ ਸੰਬੋਧਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚਾ ਦੀ ਸੂਬਾ ਕਮੇਟੀ ਵਿੱਚ ਵੀ ਮਤਾ ਰੱਖਣ ਦਾ ਵਿਸ਼ਵਾਸ ਦਿਵਾਇਆ।ਆਪਣੀ ਜਥੇਬੰਦੀ ਵੱਲੋਂ ਵੀ ਉਨ੍ਹਾਂ ਨੇ ਭਰਭੂਰ ਸਮਰੱਥਨ ਦੇਣ ਦਾ ਐਲਾਨ ਕੀਤਾ। ਅੱਜ ਜਦੋਂ ਗੇਟ ਰੋਕਿਆ ਗਿਆ ਤਾਂ ਸੰਯੁਕਤ ਵਿਕਾਸ ਕਮਿਸ਼ਨਰ ਸੁਮੀਤ ਜਾਰੰਗਲ ਵੱਲੋਂ ਮੌਕੇ ਤੇ ਹੀ ਮੀਟਿੰਗ ਕੀਤੀ ਗਈ ਪਰ ਮੀਟਿੰਗ ਵਿੱਚ ਮਸਲੇ ਦਾ ਹੱਲ ਕਰਨ ਦੀ ਬਜਾਏ ਇੱਕ ਵਾਰ ਫਿਰ ਧਮਕੀ ਦਿੱਤੀ ਗਈ ਕਿ ਤੁਹਾਡੇ ਕੱਲ੍ਹ 48 ਘੰਟੇ ਪੂਰੇ ਹੋ ਜਾਣਗੇ।ਇਸ ਤੇ ਆਗੂਆਂ ਨੇ ਕਿਹਾ ਕਿ ਉਹ ਤਾਂ ਕੱਲ੍ਹ ਦੇ ਹੋ ਚੁੱਕੇ ਹਨ ਪਰ ਅਸੀਂ ਰੈਗੂਲਰ ਹੋਣ ਬਿਨਾਂ ਕਿਸੇ ਵੀ ਕੀਮਤ ਤੇ ਧਰਨਾ ਨਹੀਂ ਚੁੱਕਾਂਗੇ। ਮੀਟਿੰਗ ਤੋਂ ਬਾਅਦ ਯੂਨੀਅਨ ਨੇ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ*