May 18, 2021

ਯਕਮੁਸ਼ਤ ਨਿਪਟਾਰਾ ਸਕੀਮ ਪੰਜਾਬ ਦੇ ਵਪਾਰ ਤੇ ਉਦਯੋਗਾਂ ਲਈ ਇਤਿਹਾਸਕ ਕਦਮ : ਬਿਕਰਮ ਸਿੰਘ ਮੋਫਰ

ਯਕਮੁਸ਼ਤ ਨਿਪਟਾਰਾ ਸਕੀਮ ਪੰਜਾਬ ਦੇ ਵਪਾਰ ਤੇ ਉਦਯੋਗਾਂ ਲਈ ਇਤਿਹਾਸਕ ਕਦਮ : ਬਿਕਰਮ ਸਿੰਘ ਮੋਫਰ
ਮਾਨਸਾ, 12 ਜਨਵਰੀ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਉਦਯੋਗਾਂ ਤੇ ਵਪਾਰੀਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਲਈ ਲਾਗੂ ਕੀਤੀ ਗਈ ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ ਸੂਬੇ ਅੰਦਰ ਉਦਯੋਗਾਂ ਅਤੇ ਵਪਾਰੀਆਂ ਲਈ ਇੱਕ ਇਤਿਹਾਸਕ ਕਦਮ ਸਾਬਤ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸ੍ਰੀ ਬਿਕਰਮ ਸਿੰਘ ਮੋਫ਼ਰ ਨੇ ਕੀਤਾ। ਉਹ ਅੱਜ ਪੰਜਾਬ ਸਰਕਾਰ ਵੱਲੋਂ ਵੈਟ ਦੇ ਲਮਕਦੇ ਪੁਰਾਣੇ ਕੇਸਾਂ ਦਾ ਨਿਪਟਾਰਾ ਕਰਨ ਲਈ ਲਾਗੂ ਕੀਤੀ ਗਈ ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021 ਦੀ ਸ਼ੁਰੂਆਤ ਲਈ ਕਰਵਾਏ ਗਏ ਆਨ ਲਾਈਨ ਸਮਾਗਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਨਸਾ ਦੇ ਵਪਾਰੀਆਂ ਨਾਲ ਸ਼ਮੂਲੀਅਤ ਕਰ ਰਹੇ ਸਨ।
ਸ੍ਰੀ ਮੋਫ਼ਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੀ ਇਸ ਔਖੀ ਘੜੀ ਵਿੱਚ ਵਪਾਰਕ ਭਾਈਚਾਰੇ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਇਸ ਤਹਿਤ ਵਪਾਰੀ ਤੇ ਕਾਰੋਬਾਰੀ ਆਪਣੇ ਖੜ੍ਹੇ ਬਕਾਇਆਂ ਦਾ ਭੁਗਤਾਨ ਅਤੇ ਨਿਪਟਾਰਾ ਕਰ ਸਕਣਗੇ।
ਚੇਅਰਮੈਨ ਨੇ ਦੱਸਿਆ ਕਿ 1 ਜੁਲਾਈ, 2017 ਤੋਂ ਲਾਗੂ ਕੀਤੇ ਗਏ ਜੀਐਸਟੀ ਦੇ ਦੌਰ ਵਿੱਚ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਇਹ ਜ਼ਰੂਰੀ ਤੇ ਉਚਿਤ ਸੀ ਕਿ ਪੰਜਾਬ ਵੈਟ ਐਕਟ, 2005 ਅਤੇ ਸੀ.ਐਸ.ਟੀ. ਐਕਟ -1956 ਅਧੀਨ ਖੜ੍ਹੇ ਬਕਾਏ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਤਹਿਤ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਵਿਆਜ ਤੇ ਜੁਰਮਾਨਿਆਂ ‘ਚ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਪੁੱਜੇ ਵਪਾਰੀਆਂ ਤੇ ਕਾਰੋਬਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ -19 ਕਰਕੇ ਪੈਦਾ ਹੋਏ ਅਣਕਿਆਸੇ ਹਾਲਾਤ ਕਰਕੇ ਕਾਰੋਬਾਰੀ ਭਾਈਚਾਰੇ, ਖ਼ਾਸਕਰ, ਛੋਟੇ ਕਾਰੋਬਾਰੀਆਂ ਨੇ ਤਾਲਾਬੰਦੀ ਅਤੇ ਇਸਦੇ ਬਾਅਦ ਕਾਰੋਬਾਰੀ ਗਤੀਵਿਧੀਆਂ ਵਿਚ ਨਿਘਾਰ ਦੇ ਕਾਰਨ ਬਹੁਤ ਨੁਕਸਾਨ ਝੱਲਿਆ ਹੈ, ਜਿਸ ਲਈ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨਾ ਅਹਿਮ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ, ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ, ਕਾਂਗਰਸੀ ਆਗੂ ਡਾ. ਮਨੋਜ ਬਾਲਾ ਮੰਜੂ ਬਾਂਸਲ ਅਤੇ ਕਾਂਗਰਸੀ ਆਗੂ ਸ਼੍ਰੀ ਚੁਸ਼ਪਿੰਦਰ ਸਿੰਘ ਭੁਪਾਲ ਤੋਂ ਇਲਾਵਾ ਵਪਾਰੀ ਤੇ ਕਾਰੋਬਾਰੀ ਵੀ ਮੌਜੂਦ ਸਨ।