ਤਰਨਤਾਰਨ, 25 ਅਕਤੂਬਰ
ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਪ੍ਰਮੁੱਖ ਆਗੂ ਯਾਦਵਿੰਦਰ ਸਿੰਘ ਨੇ ਕਾਂਗਰਸ ਵਿੱਚ ਆਪਣਾ ਦੋ ਦਿਨਾਂ ਦਾ ਸੰਖੇਪ ਸਫ਼ਰ ਖ਼ਤਮ ਕਰਕੇ ਆਮ ਆਦਮੀ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਇਸ ਨੂੰ “ਲੋਕਾਂ ਦੇ ਮੁੱਦਿਆਂ ਲਈ ਹਮੇਸ਼ਾ ਖੜ੍ਹਨ ਵਾਲੇ ਇੱਕ ਵਚਨਬੱਧ ਅਤੇ ਅਨੁਸ਼ਾਸਿਤ ਆਗੂ ਦੀ ਘਰ ਵਾਪਸੀ” ਕਰਾਰ ਦਿੱਤਾ। ਇਸ ਮੌਕੇ ‘ਆਪ’ ਦੇ ਸੂਬਾ ਜਨਰਲ ਸਕੱਤਰ ਡਾ. ਐਸ. ਐਸ. ਆਹਲੂਵਾਲੀਆ ਵੀ ਮੌਜੂਦ ਸਨ।
ਯਾਦਵਿੰਦਰ ਸਿੰਘ ਦਾ ਪਾਰਟੀ ਵਿੱਚ ਮੁੜ ਸਵਾਗਤ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ, “ਕਈ ਵਾਰ ਚੀਜ਼ਾਂ ਦੂਰੋਂ ਬਿਹਤਰ ਦਿਸਦੀਆਂ ਹਨ, ਪਰ ਅੰਦਰ ਜਾਣ ‘ਤੇ ਅਸਲੀਅਤ ਸਾਹਮਣੇ ਆ ਜਾਂਦੀ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ, ਯਾਦਵਿੰਦਰ ਨੂੰ ਅਹਿਸਾਸ ਹੋਇਆ ਕਿ ਇਹ ਲੋਕਾਂ ਲਈ ਬਿਨਾਂ ਕਿਸੇ ਏਜੰਡੇ ਵਾਲੀ ਪਾਰਟੀ ਹੈ। ਇਹਨਾਂ ਦੇ ਆਗੂ ਸਿਰਫ਼ ਆਪਸ ਵਿੱਚ ਲੜਨ ਵਿੱਚ ਰੁੱਝੇ ਹੋਏ ਹਨ। ਇਸੇ ਲਈ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਵਾਪਸ ਆਉਣ ਦਾ ਫੈਸਲਾ ਕੀਤਾ, ਜੋ ਸਹੀ ਮਾਅਨਿਆਂ ਵਿੱਚ ਲੋਕਾਂ ਲਈ ਕੰਮ ਕਰਨ ਵਾਲੀ ਇੱਕੋ ਇੱਕ ਪਾਰਟੀ ਹੈ।”
ਕਲਸੀ ਨੇ ਅੱਗੇ ਕਿਹਾ ਕਿ ਯਾਦਵਿੰਦਰ ਸਿੰਘ ਨੂੰ ‘ਆਪ’ ਵਿੱਚ ਹਮੇਸ਼ਾ ਮਾਣ-ਸਤਿਕਾਰ ਮਿਲਿਆ ਹੈ ਅਤੇ ਉਹਨਾਂ ਨੂੰ ਜਥੇਬੰਦੀ ਵਿੱਚ ਬਣਦਾ ਸਥਾਨ ਮਿਲਦਾ ਰਹੇਗਾ। ਉਨ੍ਹਾਂ ਕਿਹਾ “ਯਾਦਵਿੰਦਰ ਦੀ ਵਾਪਸੀ ਨਾਲ ਤਰਨਤਾਰਨ ਵਿੱਚ ਸਾਡੀ ਮੁਹਿੰਮ ਨੂੰ ਮਜ਼ਬੂਤੀ ਮਿਲੀ ਹੈ। ਉਹ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣ ਲਈ ‘ਆਪ’ ਦੀਆਂ ਚੋਣ ਟੀਮਾਂ ਨਾਲ ਜ਼ਮੀਨੀ ਪੱਧਰ ‘ਤੇ ਸਰਗਰਮੀ ਨਾਲ ਕੰਮ ਕਰਨਗੇ।”
ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਯਾਦਵਿੰਦਰ ਸਿੰਘ ਨੇ ਕਿਹਾ, “ਮੈਂ ਕਾਂਗਰਸ ਵਿੱਚ ਕਦੇ ਵੀ ਆਪਣੇ ਘਰ ਵਰਗਾ ਮਹਿਸੂਸ ਨਹੀਂ ਕੀਤਾ। ਇਹ ਆਮ ਲੋਕਾਂ ਦੀ ਪਾਰਟੀ ਨਹੀਂ ਹੈ। ਆਮ ਆਦਮੀ ਪਾਰਟੀ ਹੀ ਮੇਰਾ ਅਸਲ ਘਰ ਹੈ, ਇੱਕ ਅਜਿਹੀ ਪਾਰਟੀ ਜੋ ਗੱਲਾਂ ਵਿੱਚ ਨਹੀਂ, ਸਗੋਂ ਕੰਮ ਵਿੱਚ ਵਿਸ਼ਵਾਸ ਰੱਖਦੀ ਹੈ। ਮੈਂ ‘ਆਪ’ ਵਿੱਚ ਆਪਣੇ ਘਰ ਵਾਪਸ ਆ ਕੇ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।”
