Punjab
ਪੇਂਡੂ ਵਿਕਾਸ ਵਿਭਾਗ ਵਲੋਂ ਗਾਂਧੀ ਜਯੰਤੀ ਮੌਕੇ ਲੋਕ ਭਾਗੀਦਾਰੀ ਮੁਹਿੰਮ ਦਾ ਆਗਾਜ਼
ਗਾਂਧੀ ਜਯੰਤੀ ਮੌਕੇ ਪੰਚਾਇਤੀ ਰਾਜ ਸੰਸਥਾਵਾਂ ਅਧੀਨ ਤਿੰਨ ਪੱਧਰਾਂ ਗ੍ਰਾਮ ਪੰਚਾਇਤ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ ਲੋਕ ਭਾਗੀਦਾਰੀ ਯੋਜਨਾ ਮੁਹਿੰਮ 2021 ਦਾ ਆਗਾਜ਼ ਬਲਾਕ ਖਰੜ ਦੇ ਪਿੰਡ ਨਵਾਂ ਲਾਂਡਰਾ ਵਿਖੇ ਵਧੀਕ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਰਾਮਿੰਦਰ ਕੌਰ ਬੁੱਟਰ ਵੱਲੋਂ ਕੀਤਾ ਗਿਆ। ਇਸ ਮੁਹਿੰਮ ਦੇ ਮੁੱਖ ਉਦੇਸ਼ ਬਾਰੇ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਪੰਚਾਇਤੀ ਰਾਜ ਸੰਸਥਾਵਾਂ ਨੂੰ ਯੋਜਨਾ ਦੀ ਮੁੱਢਲੀ ਇਕਾਈ ਵਜੋਂ ਵਿਕਸਤ ਕਰਨਾ, ਆਮ ਜਨਤਾ ਦੀ ਭਾਗੀਦਾਰੀ ਨਾਲ ਵਿਕਾਸ ਯੋਜਨਾਵਾਂ ਤਿਆਰ ਕਰਨੀਆਂ, ਆਪਣੇ ਵਸੀਲਿਆਂ ਦੀ ਸ਼ਨਾਖਤ ਕਰਨਾ ਅਤੇ ਇਨ੍ਹਾਂ ਵਸੀਲਿਆਂ ਨੂੰ ਸੁਚੱਜੇ ਢੰਗ ਨਾਲ ਵਰਤ ਕੇ ਸਮੁੱਚਾ ਵਿਕਾਸ ਕਰਨਾ, ਗਰੀਬੀ ਦੂਰ ਕਰਨਾ, ਸੰਯੁਕਤ ਰਾਸ਼ਟਰ ਵੱਲੋਂ ਨਿਰਧਾਰਤ ਟਿਕਾਊ ਵਿਕਾਸ ਦੇ ਟੀਚੇ ਹਾਸਲ ਕਰਨਾ ਅਤੇ ਔਰਤਾਂ, ਨੌਜਵਾਨਾਂ ਅਤੇ ਕਮਜ਼ੋਰ ਵਰਗਾਂ ਨੂੰ ਯੋਜਨਾ ਦਾ ਭਾਈਵਾਲ ਬਣਾਉਣਾ ਹੈ।
ਵਧੀਕ ਡਾਇਰੈਕਟਰ ਪੰਚਾਇਤ ਵੱਲੋਂ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਦਿੱਤਾ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਰਹਿਨੁਮਾਈ ਹੇਠ ਅੱਜ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਕੀਤਾ ਗਿਆ। ਜਿਸ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ, ਗ੍ਰਾਮ ਪੰਚਾਇਤ ਵਿਕਾਸ ਯੋਜਨਾ, ਮਗਨਰੇਗਾ, ਜਲ ਜੀਵਨ ਮਿਸ਼ਨ, ਸਵੱਛਤਾ ਪੰਦਰਵਾੜੇ ਤਹਿਤ ਗਤੀਵਿਧੀਆਂ, ਕੰਮਾਂ ਅਤੇ ਫੰਡਾਂ ਦੀ ਸੰਗਠਤਾ, 15ਵੇਂ ਵਿੱਤ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਗ੍ਰਾਂਟਾਂ (ਬੰਧਨ ਅਤੇ ਬੰਧਨ ਮੁਕਤ) ਦੀ ਯੋਗ ਵਰਤੋਂ ਆਦਿ ਬਾਰੇ ਵਿਚਾਰ ਵਟਾਂਦਰਾ ਕਰਕੇ ਪਿੰਡ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਗੁਣਵੱਤਾ ਵਾਲੀ ਉੱਤਮ ਦਰਜੇ ਦੀ ਵਿਕਾਸ ਯੋਜਨਾ ਤਿਆਰ ਕੀਤੀ ਜਾ ਸਕੇ। ਪਿੰਡ ਨਵਾਂ ਲਾਂਡਰਾ ਵਿੱਚ ਅੱਜ ਕੀਤੇ ਗ੍ਰਾਮ ਸਭਾ ਦੇ ਇਜਲਾਸ ਵਿੱਚ ਲੋਕਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।
ਇਸ ਮੌਕੇ ਵੱਖ-ਵੱਖ ਵਿਭਾਗਾਂ ਜਲ ਸਪਲਾਈ ਤੇ ਸੈਨੀਟੇਸ਼ਨ, ਖੇਤੀਬਾੜੀ, ਪਸ਼ੂ-ਪਾਲਣ, ਸਕੂਲ ਸਿੱਖਿਆ, ਇਸਤਰੀ ਤੇ ਬਾਲ ਵਿਕਾਸ, ਸਿਹਤ ਵਿਭਾਗ ਆਦਿ ਨੇ ਭਾਗ ਲਿਆ ਅਤੇ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਬਾਰੇ ਖ਼ਾਕਾ ਲੋਕਾਂ ਨਾਲ ਸਾਂਝਾ ਕੀਤਾ ਗਿਆ।
ਇਸ ਮੌਕੇ ਗੁਲਤਾਜ ਕੌਰ (ਬੀ.ਡੀ.ਪੀ.ਓ. ਹੈਡ ਕੁਆਟਰ), ਹਿਤੇਨ ਕਪਿਲਾ ਬੀ.ਡੀ.ਪੀ.ਓ. ਖਰੜ, ਨਿਤਾਸ਼ਾ ਕਪਿਲਾ ਵਾਈ.ਪੀ. (ਜੀ.ਪੀ.ਡੀ.ਪੀ.), ਕਮਲਜੀਤ ਕੌਰ ਪੰਚਾਇਤ ਸਕੱਤਰ, ਅਤੇ ਮਨਦੀਪ ਕੌਰ (ਸਰਪੰਚ ਨਿਊ ਲਾਂਡਰਾਂ) ਹਾਜ਼ਰ ਸਨ।