*ਪੰਜਾਬ ਸਰਕਾਰ ਦੀ ਆਮਦਨ ਵਧੀ , ਪਰ ਕਿਵੇਂ ਵਧੀ , ਅੰਕੜੇ ਕਰ ਦੇਣਗੇ ਤੁਹਾਨੂੰ ਹੈਰਾਨ*
*ਪੰਜਾਬ ਸਰਕਾਰ ਦੇ 1 ਅਪ੍ਰੈਲ 2021 ਤੋਂ ਮਾਰਚ 2022 ਤੱਕ ਦੇ ਵਿੱਤੀ ਸੰਕੇਤ*
*Key Fiscal Indicator Upto March 2022 of the Punjab Government*
*ਪਿਛਲੇ ਵਿੱਤੀ ਸਾਲ ਵਿੱਚ ਨਿਰਧਾਰਿਤ ਅਨੁਮਾਨ ਤੋਂ ਜ਼ਿਆਦਾ ਲਿਆ ਕਰਜ਼ਾ*
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਸਮੇ ਪੰਜਾਬ ਦਾ ਬਜਟ ਬਣਾਉਣ ਵਿਚ ਰੁਝੇ ਹੋਏ ਹਨ ਓਹਨਾ ਵਲੋਂ ਆਮ ਜਨਤਾ ਤੋਂ ਸੁਝਾਅ ਵੀ ਮੰਗੇ ਗਏ ਹਨ । ਪੰਜਾਬ ਦੀ ਵਿੱਤੀ ਹਾਲਤ ਇਸ ਸਮੇ ਜ਼ਿਆਦਾ ਚੰਗੀ ਨਹੀਂ ਹੈ । ਵਿੱਤ ਮੰਤਰੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਬਜਟ ਨੂੰ ਲੈ ਕੇ ਚਰਚਾ ਵੀ ਕੀਤੀ ਗਈ ਹੈ । ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਅੰਤਿਮ ਬਜਟ ਵਿੱਚ ਪਿਛਲੇ ਸਾਲ 31ਮਾਰਚ 2022 ਤੱਕ 119502.27 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਸੀ , ਜਦੋ ਕਿ ਸਰਕਾਰ ਨੂੰ 31ਮਾਰਚ 22 ਤੱਕ 104215.82 ਕਰੋੜ ਦੀ ਆਮਦਨ ਪ੍ਰਾਪਤ ਹੋਈ ਹੈ ।
ਹੁਣ ਅਸੀਂ ਤੁਹਾਨੂੰ ਅੰਕੜਿਆਂ ਦਾ ਖੇਲ ਦੱਸਦੇ ਹੈ , ਕਹਿਣ ਨੂੰ ਤਾਂ ਸਰਕਾਰ ਕਹੇਗੀ ਕਿ ਪਿਛਲੇ ਵਿੱਤੀ ਸਾਲ ਦੌਰਾਨ ਸਰਕਾਰ ਨੂੰ 104215.82 ਕਰੋੜ ਦੀ ਆਮਦਨ ਪ੍ਰਾਪਤ ਹੋਈ ਹੈ । ਇਥੇ ਅੰਕੜਿਆਂ ਦਾ ਖੇਲ ਕੀ ਹੈ ,ਸਰਕਾਰ ਨੇ ਜੋ ਪਿਛਲੇ ਸਾਲ ਮਾਰਕੀਟ ਤੋਂ ਕਰਜ਼ਾ ਲਿਆ ਹੈ ,ਉਸ ਨੂੰ ਆਪਣੀ ਆਮਦਨ ਦਾ ਹਿੱਸਾ ਦੱਸਿਆ ਹੈ । ਸਰਕਾਰ ਨੂੰ ਜੋ 104215.82 ਕਰੋੜ ਦੀ ਆਮਦਨ ਪ੍ਰਾਪਤ ਹੋਈ ਹੈ । ਉਸ ਵਿੱਚ ਪਿਛਲੇ ਵਿੱਤੀ ਸਾਲ ਦੌਰਾਨ ਜੋ ਮਾਰਕੀਟ ਤੋਂ 25872 ਕਰੋੜ ਦਾ ਕਰਜ਼ਾ ਲਿਆ ਗਿਆ ਹੈ । ਆਮਦਨ ਵਿਚ ਸ਼ਾਮਿਲ ਕੀਤਾ ਗਿਆ ਹੈ । ਅਗਰ ਕਰਜੇ ਨੂੰ ਇਸ ਆਮਦਨ ਵਿੱਚੋ ਕੱਢ ਦਿੱਤਾ ਜਾਵੇ ਤਾਂ ਸਰਕਾਰ ਨੂੰ ਅਸਲ ਵਿਚ 78343 .33 ਕਰੋੜ ਦੀ ਆਮਦਨ ਹਾਸਲ ਹੋਈ ਹੈ । ਸਰਕਾਰ ਨੂੰ ਕਰਜ਼ਾ ਲੈ ਕੇ ਆਪਣਾ ਕੰਮ ਚਲਾਉਂਣਾ ਪਿਆ ਹੈ ।
ਪੰਜਾਬ ਅੰਦਰ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਸੰਭਾਲੀ ਹੈ । ਉਸ ਸਮੇ 2021 -22 ਦਾ ਵਿੱਤੀ ਸਾਲ ਆਪਣੇ ਅੰਤਿਮ ਚਰਨ ਵਿੱਚ ਸੀ । ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੁਣ ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਪੇਸ਼ ਕਰਨਗੇ । ਇਸ ਸਮੇ ਸਰਕਾਰ ਲਈ ਵਿੱਤੀ ਸਾਧਨਾ ਜਟਾਉਂਣਾ ਇਸ ਵੱਡੀ ਚਣੋਤੀ ਹੈ । ਸਰਕਾਰ ਤੋਂ ਲੋਕਾਂ ਨੂੰ ਉਮੀਦ ਹਨ, ਦੂਜਾ ਸਰਕਾਰ ਨੇ ਆਮ ਜਨਤਾ ਤੋਂ ਸੁਝਾਅ ਮੰਗ ਕੇ ਜਨਤਾ ਦੀਆਂ ਉਮੀਦ ਨੂੰ ਹੋਰ ਜਗਾ ਦਿੱਤਾ ਹੈ ।
ਨਵੀ ਸਰਕਾਰ ਹੁਣ ਕਿਸ ਤਰ੍ਹਾਂ ਦਾ ਬਜਟ ਪੇਸ਼ ਕਰੇਗੀ ? ਇਹ ਤਾਂ ਬਜਟ ਆਉਂਣ ਤੇ ਪਤਾ ਲਗੇਗਾ ?
ਪੰਜਾਬ ਸਰਕਾਰ ਦੇ 1 ਅਪ੍ਰੈਲ 2021 ਤੋਂ ਮਾਰਚ 22 ਤੱਕ ਦੇ ਅੰਕੜਿਆਂ ਤੇ ਨਜਰ ਮਾਰੀ ਜਾਵੇ ਤਾਂ ਸਰਕਾਰ ਨੂੰ ਪੈਟਰੋਲ ਤੋਂ ਨਿਰਧਾਰਿਤ ਟੀਚੇ ਮੁਕਾਬਲੇ 842 ਕਰੋੜ ਦੀ ਜ਼ਿਆਦਾ ਆਮਦਨ ਹੋਈ ਹੈ । ਜਦੋ ਕੇ ਸ਼ਰਾਬ ਤੋਂ ਨਿਰਧਾਰਤ ਟੀਚੇ ਦੇ ਮੁਕਾਬਲੇ 844 ਕਰੋੜ ਘੱਟ ਆਮਦਨ ਹੋਈ ਹੈ । ਮਾਰਚ 2022 ਦੇ ਅੰਕੜਿਆਂ ਅਨੁਸਾਰ ਪੰਜਾਬ ਸਰਕਾਰ ਨੇ ਮਾਰਚ 22 ਤੱਕ 25872 ਕਰੋੜ ਦਾ ਕਰਜ਼ਾ ਲਿਆ ਹੈ ਜਦੋ ਕਿ 17071.14 ਕਰੋੜ ਰੁਪਏ ਦਾ ਵਿਆਜ ਅਦਾ ਕੀਤਾ ਹੈ।
ਪੰਜਾਬ ਸਰਕਾਰ ਦੇ 1415 ਕਰੋੜ ਰੁਪਏ ਸਬਸਿਡੀ ਵਿਚ ਚਲੇ ਗਏ ,ਜਿਸ ਤੋਂ ਸਾਫ ਹੈ ਕਿ ਬਿਜਲੀ ਦੇ 300 ਯੂਨਿਟ ਮਾਫ ਕਰਨ ਨਾਲ ਸਬਸਿਡੀ ਦਾ ਬੋਝ ਪੰਜਾਬ ਤੇ ਹੋਰ ਵਧੇਗਾ । ਅਗਰ ਸਰਕਾਰ 1 ਕਿਲੋਵਾਟ ਤਕ ਮੁਫ਼ਤ ਬਿਜਲੀ ਦਿੰਦੀ ਹੈ ਤਾਂ ਸਰਕਾਰ ਤੇ 2500 ਕਰੋੜ ਦਾ ਹੋਰ ਵਿੱਤੀ ਬੋਝ ਪਏਗਾ । ਅਗਰ ਸਰਕਾਰ ਇਸ ਤੋਂ ਜ਼ਿਆਦਾ ਮੁਫ਼ਤ ਬਿਜਲੀ ਦਿੰਦੀ ਹੈ ਤਾਂ 3000 ਕਰੋੜ ਦਾ ਬੋਝ ਪੰਜਾਬ ਸਰਕਾਰ ਤੇ ਪਏਗਾ । ਇਸ ਸਾਲ ਸਬਸਿਡੀ ਦਾ ਬੋਝ 17000 ਕਰੋੜ ਤੋਂ 2000 ਕਰੋੜ ਤੱਕ ਪੈਣ ਦੇ ਅਸਾਰ ਹਨ ।
ਸਰਕਾਰ ਸਟੈਪ ਡਿਊਟੀ ਤੋਂ 3308.41 ਦੀ ਆਮਦਨ ਹੋਈ ਹੈ ,ਜਦੋ ਕਿ ਜੀ ਐਸ ਟੀ ਤੋਂ 15541.59 ਕਰੋੜ ਦੀ ਆਮਦਨ ਹੋਈ ਹੈ ।ਸਰਕਾਰ ਨੇ ਸ਼ਰਾਬ ਤੋਂ 7002.54 ਦੀ ਆਮਦਨ ਦਾ ਟੀਚਾ ਮਿਥਿਆ ਸੀ । ਸ਼ਰਾਬ ਤੋਂ 6518 .18 ਕਰੋੜ ਦੀ ਆਮਦਨ ਹੋਈ ਹੈ ਇਸ ਤਰ੍ਹਾਂ ਸਰਕਾਰ ਟੀਚੇ ਤੋਂ ਘੱਟ ਆਮਦਨ ਹੋਈ ਹੈ ,ਜਦੋ ਕਿ ਪੈਟਰੋਲ ਤੋਂ ਸਰਕਾਰ ਨੇ ਆਮਦਨ ਦਾ 6027.76 ਦਾ ਟੀਚਾ ਮਿਥਿਆ ਸੀ । ਪੈਟਰੋਲ ਅਤੇ ਡੀਜ਼ਲ ਤੋਂ 6869.31 ਕਰੋੜ ਦੀ ਆਮਦਨ ਹੋਈ ਹੈ । ਕੇਂਦਰੀ ਕਰਾਂ ਤੋਂ 12026.71 ਕਰੋੜ ਆਮਦਨ ਦਾ ਟੀਚਾ ਸੀ ,ਜਦੋ ਕਿ 15288.80 ਕਰੋੜ ਕੇਂਦਰੀ ਕਰਾਂ ਦੇ ਹਿੱਸੇ ਦੇ ਰੂਪ ਵਿੱਚ ਆਇਆ ਹੈ । ਹੋਰ ਟੈਕਸ ਤੋਂ 5367.85 ਦੀ ਆਮਦਨ ਹੋਈ ਹੈ । ਜਦੋ ਕਿ 5426.26 ਕਰੋੜ ਆਉਂਣ ਦਾ ਅਨੁਮਾਨ ਸੀ ।
ਨਾਨ ਟੈਕਸ ਰੈਵੇਨਿਊ ਦੇ ਰੂਪ ਵਿੱਚ 4764.47 ਰੁਪਏ ਦੀ ਆਮਦਨ ਹੋਈ ਹੈ ,ਜਦੋ ਕਿ 7758.48 ਦੀ ਆਮਦਨ ਆਉਂਣ ਦਾ ਅਨੁਮਾਨ ਸੀ । ਗਰਾਂਟ ਇਨ ਐਡ ਦੇ ਰੂਪ ਵਿੱਚ 20754.48 ਕਰੋੜ ਆਏ ਹਨ ,ਜਦੋ ਕਿ 38038.37 ਕਰੋੜ ਦੀ ਆਮਦਨ ਆਉਂਣ ਦਾ ਅਨੁਮਾਨ ਸੀ । ਪੰਜਾਬ ਸਰਕਾਰ ਨੇ 24239.67 ਕਰੋੜ ਕਰਜ਼ਾ ਲੈਣ ਦਾ ਅਨੁਮਾਨ ਸੀ ਪਰ ਸਰਕਾਰ ਨੇ ਕਰਜ਼ਾ ਅਨੁਮਾਨ ਦੇ ਉਲਟ 25872.49 ਕਰੋੜ ਦਾ ਮਾਰਕੀਟ ਵਿੱਚੋ ਕਰਜ਼ਾ ਲਿਆ ਹੈ ।
ਨਵੀ ਸਰਕਾਰ ਲਈ ਇਸ ਸਮੇ ਸਭ ਤੋਂ ਵੱਡੀ ਚਣੋਤੀ ਇਹ ਹੈ ਕਿ ਜੂਨ ਵਿੱਚ ਜੀ ਐਸ ਟੀ ਦੀ ਮੁਆਵਜਾ ਰਾਸ਼ੀ ਆਉਣੀ ਬੰਦ ਹੋ ਜਾਣੀ ਹੈ । ਇਸ ਨਾਲ ਸਰਕਾਰ ਨੂੰ ਹਰ ਸਾਲ 20,000 ਦਾ ਨੁਕਸਾਨ ਹੋਵੇਗਾ । ਇਸ ਤੋਂ ਇਲਾਵਾ ਸਰਕਾਰ ਤੇ ਸਬਸਿਡੀ ਦਾ ਬੋਝ ਵੱਧ ਜਾਣਾ ਹੈ । ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵੀ ਸਰਕਾਰ ਨੇ ਵਾਅਦਾ ਕੀਤਾ ਹੈ । 30,000 ਕਰਮਚਾਰੀਆਂ ਨੂੰ ਰੈਗੂਲਰ ਕਰਨਾ ਹੈ , ਕੇਂਦਰ ਨੇ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦੇ ਦਿੱਤਾ ਹੈ । ਇਸ ਲਈ ਪੰਜਾਬ ਨੂੰ ਵੀ ਦੇਣਾ ਪਵੇਗਾ । ਇਸ ਤੋਂ ਇਲਾਵਾ 25000 ਨਵੀ ਭਰਤੀ ਕਰਨੀ ਹੈ , ਉਸ ਲਈ ਵੀ ਪੈਸੇ ਚਾਹੀਦਾ ਹੈ । ਹਰ ਸਾਲ ਕਰਜੇ ਦਾ ਵਿਆਜ ਵੀ ਦੇਣਾ ਹੈ ,ਫਿਰ ਪੰਜਾਬ ਦੇ ਵਿਕਾਸ ਲਈ ਪੈਸੇ ਵੀ ਚਾਹੀਦਾ ਹੈ । ਇਸ ਲਈ ਸਰਕਾਰ ਲਈ ਵੱਡੀ ਚਣੋਤੀ ਹੈ । ਵਿੱਤ ਮੰਤਰੀ ਹਰਪਾਲ ਚੀਮਾ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ । ਲੋਕਾਂ ਦੇ ਸੁਝਾਅ ਵੀ ਆ ਰਹੇ ਹਨ । ਨਵੀ ਸਰਕਾਰ ਲਈ ਸਭ ਤੋਂ ਵੱਡੀ ਚਣੋਤੀ ਇਸ ਸਮੇ ਵਿਤੀ ਸਾਧਨ ਪੈਦਾ ਕਰਨਾ ਹੈ । ਸਰਕਾਰ ਇਸ ਸਮੇ ਕੇਂਦਰ ਵੱਲ ਦੇਖ ਰਹੀ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਤੋਂ ਪੰਜਾਬ ਲਈ 1 ਲੱਖ ਕਰੋੜ ਦਾ ਪੈਕੇਜ ਮੰਗਿਆ ਹੈ । ਪੰਜਾਬ ਦੇ ਸਿਹਤ ਮੰਤਰੀ ਨੇ ਵੀ ਕੇਂਦਰ ਸਰਕਾਰ ਤੋਂ ਸਿਹਤ ਸਹੂਲਤਾਂ ਲਈ ਪੈਸੇ ਮੰਗਿਆ ਹੈ । ਇਸ ਸਮੇ ਸਰਕਾਰ ਨੇ ਮੁਹੱਲਾ ਕਲੀਨਿਕ ਖੋਲਣੇ ਹਨ , ਸਮਾਰਟ ਸਕੂਲ ਤਿਆਰ ਕਰਨੇ ਹਨ। ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੋਣ ਜਾ ਰਿਹਾ ਹੈ । ਇਸ ਲਈ ਨਵੀ ਸਰਕਾਰ ਨੂੰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਘਟੋ ਘੱਟ 2 ਸਾਲ ਦਾ ਸਮਾਂ ਲਗੇਗਾ । ਆਮ ਆਦਮੀ ਪਾਰਟੀ ਨੇ ਉਸ ਸਮੇ ਸੱਤਾ ਸੰਭਾਲੀ ਹੈ । ਜਿਸ ਸਮੇ ਪੰਜਾਬ ਦੀ ਵਿੱਤੀ ਹਾਲਤ ਵੈਂਟੀਲੇਟਰ ਉਤੇ ਹੈ ਅਤੇ ਕਰਜ਼ਾ ਲੈ ਕਿ ਆਕਸੀਜਨ ਦਿੱਤੀ ਜਾ ਰਹੀ ਹੈ ਕਿ ਸ਼ਾਇਦ ਵਿੱਤੀ ਹਾਲਤ ਉੱਠ ਖੜੀ ਹੋ ਜਾਵੇ । ਪਰ ਉੱਠਣ ਦਾ ਨਾਮ ਨਹੀਂ ਲੈ ਰਹੀ ਹੈ । ਹੁਣ ਇਸ ਦਾ ਜਿੰਮਾ ਨਵੀ ਸਰਕਾਰ ਨੂੰ ਮਿਲਿਆ ਹੈ ਕਿ ਸ਼ਾਇਦ ਉਹ ਵਿੱਤੀ ਹਾਲਤ ਵੈਂਟੀਲੇਟਰ ਤੋਂ ਖੜੀ ਹੋ ਜਾਵੇ ,ਫਿਲਹਾਲ ਤਾਂ ਵਿੱਤੀ ਹਾਲਤ ਕੋਮਾ ਵਿੱਚ ਹੈ ।