ਕੇਵਲ ਸਿੰਘ ਢਿੱਲੋਂ ਵੱਲੋਂ ਬਜਟ ਨੂੰ ਕਿਸਾਨ, ਮਜ਼ਦੂਰ, ਔਰਤ, ਗਰੀਬ, ਸਾਹਿਤਕਾਰ ਤੇ ਮੁਲਾਜ਼ਮ ਪੱਖੀ ਕਰਾਰ
ਕੇਵਲ ਸਿੰਘ ਢਿੱਲੋਂ ਵੱਲੋਂ ਬਜਟ ਨੂੰ ਕਿਸਾਨ, ਮਜ਼ਦੂਰ, ਔਰਤ, ਗਰੀਬ, ਸਾਹਿਤਕਾਰ ਤੇ ਮੁਲਾਜ਼ਮ ਪੱਖੀ ਕਰਾਰ
ਔਰਤਾਂ ਲਈ ਇਤਿਹਾਸਕ ਫੈਸਲੇ ਅਤੇ ਬਰਨਾਲਾ ਜ਼ਿਲੇ ਨੂੰ ਵੱਡੇ ਤੋਹਫਿਆਂ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ
ਬਰਨਾਲਾ, 9 ਮਾਰਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਨੂੰ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਸਾਨ, ਮਜ਼ਦੂਰ, ਔਰਤ, ਗਰੀਬ ਤੇ ਮੁਲਾਜ਼ਮ ਪੱਖੀ ਬਜਟ ਕਰਾਰ ਦਿੱਤਾ। ਉਨ੍ਹਾਂ ਔਰਤਾਂ ਲਈ ਇਤਿਹਾਸਕ ਫੈਸਲੇ ਅਤੇ ਬਰਨਾਲਾ ਜ਼ਿਲੇ ਨੂੰ ਵੱਡੇ ਤੋਹਫੇ ਦੇਣ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਬਰਨਾਲਾ ਨੂੰ ਮਿਲੇ ਤੋਹਫਿਆਂ ਦਾ ਜ਼ਿਕਰ ਕਰਦਿਆਂ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਦੇ ਜ਼ਿਲ੍ਹਾ ਹਸਪਤਾਲ ਦੇ ਮੌਜੂਦਾ ਐਮ.ਸੀ.ਐਚ. ਵਿੰਗਾਂ ਵਿੱਚ ਵਾਧੂ ਬੈਡ ਦੇਣ ਦਾ ਫੈਸਲਾ ਕੀਤਾ ਗਿਆ। ਬਰਨਾਲਾ ਸਮੇਤ ਕੁੱਲ ਪੰਜ ਸ਼ਹਿਰਾਂ ਲਈ ਇਸ ਪ੍ਰਾਜੈਕਟ ਲਈ ਕੁੱਲ 55 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਇਸ ਨਾਲ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਹੋਵੇਗਾ। ਕੰਮਕਾਜੀ ਔਰਤਾਂ ਨੂੰ ਵੱਡੀ ਰਾਹਤ ਦਿੰਦਿਆਂ ਬਰਨਾਲਾ ਵਿਖੇ ਵਰਕਿੰਗ ਵਿਮੈਨ ਹੋਸਟਲ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਬਰਨਾਲਾ ਸਣੇ ਸੱਤ ਸ਼ਹਿਰਾਂ ਵਿੱਚ ਬਣਨ ਵਾਲੇ ਇਨ੍ਹਾਂ ਹੋਸਟਲਾਂ ਲਈ ਕੁੱਲ 50 ਕਰੋੜ ਰੁਪਏ ਰੱਖੇ ਹਨ।
ਸ. ਢਿੱਲੋਂ ਨੇ ਕਿਹਾ ਕਿ ਬਰਨਾਲਾ ਸੂਬੇ ਦੀ ਸਾਹਿਤਕ ਰਾਜਧਾਨੀ ਹੈ ਜਿਸ ਦੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦਾ ਨਾਂ ਦੁਨੀਆਂ ਵਿੱਚ ਚਮਕਾਇਆ ਹੈ। ਪੰਜਾਬ ਸਰਕਾਰ ਨੇ ਸਾਹਿਤਕਾਰਾਂ ਲਈ ਵੱਡੇ ਐਲਾਨ ਕਰਦਿਆਂ ਪੰਜਾਬੀ ਸਾਹਿਤ ਰਤਨ ਪੁਰਸਕਾਰ ਰਾਸ਼ੀ ਨੂੰ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ, ਸ਼੍ਰੋਮਣੀ ਪੁਰਸਕਾਰ ਦੀ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਸਰਵੋਤਮ ਛਪਾਈ ਪੁਸਤਕ ਪੁਰਸਕਾਰ 11000 ਰੁਪਏ ਤੋਂ ਵਧਾ ਕੇ 21000 ਰੁਪਏ, ਪੰਜਾਬੀ, ਹਿੰਦੀ, ਉਰਦੂ ਦੇ ਮ੍ਰਿਤਕ ਲੇਖਕਾ ਦੇ ਆਸ਼ਰਿਤਾ ਪਰਿਵਾਰਾਂ ਦੀ ਸਹਾਇਤਾ ਰਾਸ਼ੀ 2500 ਰੁਪਏ ਤੋਂ ਵਧਾ ਕੇ 15000 ਰੁਪਏ ਅਤੇ ਪੰਜਾਬੀ, ਹਿੰਦੀ ਤੇ ਉਰਦੂ ਦੇ ਲੋੜਵੰਦ ਲੇਖਕਾਂ ਨੂੰ ਆਪਣੀਆਂ ਹੱਥ ਲਿਖਤਾਂ ਪ੍ਰਕਾਸ਼ਿਤ ਕਰਵਾਉਣ ਲਈ ਦਿੱਤੀ ਜਾਂਦੀ ਸਹਾਇਤਾ ਰਾਸ਼ੀ 15000 ਰੁਪਏ ਤੋਂ ਵਧਾ ਕੇ 30,000 ਰੁਪਏ ਕੀਤੀ ਗਈ।
ਸ. ਢਿੱਲੋਂ ਨੇ ਕਿਹਾ ਕਿ ਬਜਟ ਦੇ ਵੱਡੇ ਐਲਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੀ ਅੱਧੀ ਵਸੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਇਕ ਇਤਿਹਾਸਕ ਫੈਸਲਾ ਹੈ। ਇਸ ਦੇ ਨਾਲ ਹੀ ਸ਼ਗਨ ਰਾਸ਼ੀ 21,000 ਰੁਪਏ ਤੋਂ ਵਧਾ ਕੇ 51,000 ਕਰ ਦਿੱਤੀ ਹੈ ਅਤੇ ਬੁੱਢਾਪਾ ਪੈਨਸ਼ਨ ਦੋਗੁਣੀ ਕਰਦਿਆਂ 750 ਰੁਪਏ ਤੋਂ 1500 ਰੁਪਏ ਕਰ ਦਿੱਤਾ ਹੈ। ਸਾਰੇ ਵਿਦਿਆਰਥੀਆਂ ਲਈ ਮੁਫਤ ਸਫਰ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਹੁਣ ਤੱਕ ਜਿੱਥੇ 5 ਲੱਖ 64 ਹਜ਼ਾਰ ਕਿਸਾਨਾਂ ਦਾ 4624 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਉਥੇ ਇਸ ਬਜਟ ਵਿੱਚ 1 ਲੱਖ 13 ਹਜ਼ਾਰ ਕਿਸਾਨਾਂ ਦਾ 1186 ਕਰੋੜ ਰੁਪਏ ਕਰਜ਼ਾ ਹੋਰ ਮੁਆਫ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਬੇਜ਼ਮੀਨੇ ਖੇਤ ਵਰਕਰਾਂ ਦਾ ਵੀ 526 ਕਰੋੜ ਰੁਪਏ ਕਰਜ਼ਾ ਮੁਆਫ ਦਾ ਐਲਾਨ ਕਿਸਾਨ-ਮਜ਼ਦੂਰ ਪੱਖੀ ਵੱਡਾ ਫੈਸਲਾ ਹੈ। ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੰਦਿਆਂ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਜਿਸ ਲਈ ਬਜਟ ਵਿੱਚ 9000 ਕਰੋੜ ਰੁਪਏ ਦੀ ਵਿਵਸਥਾ ਕੀਤੀ।