ਕੇਜਰੀਵਾਲ ਐਮਓਯੂ ਰਾਹੀਂ ਪੰਜਾਬ ‘ਤੇ “ਕੰਟਰੋਲ” ਕਰਨਾ ਚਾਹੁੰਦੇ ਹਨ: ਤਰੁਣ ਚੁੱਘ
ਸੀ.ਐਮ ਮਾਨ ਅਤੇ ਕੇਜਰੀਵਾਲ ਪੰਜਾਬ ਅਤੇ ਪੰਜਾਬੀਆਂ ਦੇ ਸਵੈਮਾਣ ਦਾ ਅਪਮਾਨ ਕਰ ਰਹੇ ਹਨ
ਚੰਡੀਗੜ੍ਹ, 26 ਅਪ੍ਰੈਲ:
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਸ ਵਿੱਚ ਗਿਆਨ ਵੰਡਣ ਲਈ ਕੀਤੇ ‘ਸਮਝੌਤੇ’ ਨੂੰ ਸਸਤਾ ਸਿਆਸੀ ਸਟੰਟ ਕਰਾਰ ਦਿੱਤਾ ਹੈ। ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਇੱਕ ਰਾਜ ਦੇ ਨੇਤਾਵਾਂ ਨੂੰ ਦੂਜੇ ਰਾਜਾਂ ਦੀਆਂ ਚੰਗੀਆਂ ਨੀਤੀਆਂ ਬਾਰੇ ਜਾਣਕਾਰੀ ਮਿਲਦੀ ਰਹੀ ਹੈ। ਦੋ ਰਾਜਾਂ ਦਰਮਿਆਨ ਸਮਝੌਤਿਆਂ ‘ਤੇ ਦਸਤਖਤ ਕਰਨਾ ਇੱਕ ਨਵੀਂ ਅਤੇ ਅਜੀਬ ਪਰੰਪਰਾ ਹੈ ਜੋ ਆਮ ਆਦਮੀ ਪਾਰਟੀ ਸਥਾਪਤ ਕਰਨ ਜਾ ਰਹੀ ਹੈ।
ਚੁੱਘ ਨੇ ਕਿਹਾ ਕਿ ਪੰਜਾਬ-ਦਿੱਲੀ ਵਿਚਾਲੇ ਹੋਏ ਇਸ ਸਮਝੌਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦਾ ਪ੍ਰਸ਼ਾਸਨ ਆਪਣੇ ਰਿਮੋਟ ਤੋਂ ਚਲਾਉਣ ਜਾ ਰਹੇ ਹਨ। ਜਿਸ ਸੂਬੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਅਰਵਿੰਦ ਕੇਜਰੀਵਾਲ ਐਮਓਯੂ ਰਾਹੀਂ ਉਸ ਰਾਜ ਨੂੰ ਕੰਟਰੋਲ ਕਰਨਗੇ। ਇਹ ਦੇਸ਼ ਦੇ ਸੰਘੀ ਢਾਂਚੇ ਲਈ ਇੱਕ ਨਵੀਂ ਚੁਣੌਤੀ ਹੈ।
ਚੁੱਘ ਨੇ ਪੰਜਾਬ ਦੇ ਸਕੂਲਾਂ ਦੀ ਸਹੀ ਹਾਲਤ ਨੂੰ ਸਮਝੇ ਬਿਨਾਂ ਹੀ ਦਿੱਲੀ ਦੇ ਸਕੂਲਾਂ ਦਾ ਮਾਡਲ ਪੜ੍ਹਨ ਲਈ ਦਿੱਲੀ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਸਖ਼ਤ ਆਲੋਚਨਾ ਕੀਤੀ। ਚੁੱਘ ਨੇ ਕਿਹਾ ਕਿ 2016 ਵਿੱਚ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਪੰਜਾਬ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਦੇਸ਼ ਭਰ ਵਿੱਚ ਦੂਜੇ ਨੰਬਰ ’ਤੇ ਸੀ, ਜਦੋਂ ਕਿ ਦਿੱਲੀ ਆਖਰੀ ਨੰਬਰ ’ਤੇ ਸੀ।
ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦਬਾਜ਼ੀ ‘ਚ ਦਿੱਲੀ ਦੇ ਅਖੌਤੀ ਮਾਡਲ ‘ਤੇ ਚੱਲਣ ਦੀ ਬਜਾਏ ਸੂਬੇ ਦੇ ਅੰਦਰ ਸਿਸਟਮ ਨੂੰ ਠੀਕ ਕਰਨਾ ਚਾਹੀਦਾ ਹੈ। ਪੂਰੇ ਮਾਮਲੇ ਨੂੰ ਲੈ ਕੇ ਸਿਆਸੀ ਡਰਾਮਾ ਨਹੀਂ ਕਰਨਾ ਚਾਹੀਦਾ। ਇਹ ਪੰਜਾਬ ਅਤੇ ਪੰਜਾਬੀਆਂ ਦੇ ਸਵੈ-ਮਾਣ ਦਾ ਘੋਰ ਅਪਮਾਨ ਹੈ।