Punjab

ਕਰਮਜੀਤ ਗਰੇਵਾਲ  ਦੇ  ਗੀਤਾਂ ਅਤੇ ਕਵਿਤਾਵਾਂ   ਸਿੱਖਿਆ ਸਕੱਤਰ ਵੱਲੋਂ ਪਹਿਲੀ ਤੋਂ ਅੱਠਵੀਂ ਤੱਕ ਦੀਆਂ ਪੰਜਾਬੀ ਪਾਠ ਪੁਸਤਕਾਂ ‘ਚ ਸ਼ਾਮਲ 

ਗੀਤਾਂ ਦੇ ਗਾਇਨ ਦੀ ਵੀਡੀਓ ਜਾਰੀ
ਐੱਸ.ਏ.ਐੱਸ. ਨਗਰ 2 ਅਗਸਤ (    )
ਸਕੂਲ ਸਿੱਖਿਆ ਵਿਭਾਗ ਦੇ ਉੱਚ-ਅਧਿਕਾਰੀਆਂ ਦੇ ਵੱਲੋਂ ਮਿਲ ਰਹੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਕਲਾਕਾਰ ਅਤੇ ਸਾਹਿਤਕਾਰ ਅਧਿਆਪਕ ਵਿਲੱਖਣ ਪਹਿਲਕਦਮੀਆਂ ਕਰਕੇ ਵੱਖ-ਵੱਖ ਜਮਾਤਾਂ ਦੇ ਪਾਠਕ੍ਰਮ ਨੂੰ ਵਿਦਿਆਰਥੀਆਂ ਲਈ ਰੌਚਕ ਅਤੇ ਸੌਖਾਲਾ ਬਣਾਉਣ ਦਾ ਯਤਨ ਕਰ ਰਹੇ ਹਨ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਜ਼ਿਲ੍ਹਾ ਲੁਧਿਆਣਾ ਦੇ ਨੈਸ਼ਨਲ ਐਵਾਰਡੀ ਪੰਜਾਬੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਪਹਿਲੀ ਤੋਂ ਅੱਠਵੀਂ ਜਮਾਤ ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਸਾਰੇ ਗੀਤਾਂ ਅਤੇ ਕਵਿਤਾਵਾਂ ਨੂੰ ਆਪਣੀ ਮਿੱਠੀ ਅਤੇ ਪਿਆਰੀ ਅਵਾਜ਼ ਵਿੱਚ ਗਾ ਕੇ ਸਿੱਖਿਆ ਵਿਭਾਗ ਲਈ ਤਿਆਰ ਕੀਤਾ ਹੈ। ਇਹਨਾਂ ਗੀਤਾਂ ਅਤੇ ਕਵਿਤਾਵਾਂ ਦੀ ਸੀਰੀਜ਼ ਨੂੰ ਯੂ-ਟਿਊਬ ਲਿੰਕ ‘ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਆਪਣੇ ਕਰ ਕਮਲਾਂ ਨਾਲ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਕਲਾਕਾਰ ਅਤੇ ਸਾਹਿਤਕਾਰ ਅਧਿਆਪਕਾਂ ਨੇ ਅੱਜ ਸਕੂਲੀ ਸਿੱਖਿਆ ਵਿੱਚ ਨਵੀਆਂ ਪੈੜਾਂ ਪਾਈਆਂ ਹਨ ਜਿਸ ਨਾਲ ਵਿਦਿਆਰਥੀਆਂ ਲਈ ਪੜ੍ਹਾਈ ਹੋਰ ਵੀ ਸੌਖਾਲੀ ਹੋ ਗਈ। ਕ੍ਰਿਸ਼ਨ ਕੁਮਾਰ ਨੇ ਇਸ ਮੌਕੇ ਕਰਮਜੀਤ ਸਿੰਘ ਗਰੇਵਾਲ ਨੂੰ ਇਸ ਵਿੱਲਖਣ ਕਾਰਜ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਹੋਰਨਾਂ ਕਲਾਕਾਰ ਅਧਿਆਪਕਾਂ ਲਈ ਇੱਕ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਹਨ। ਇਸ ਮੌਕੇ ਜਗਤਾਰ ਸਿੰਘ ਕੂਲੜੀਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੀ ਮੌਜੂਦ ਸਨ।
ਇਸ ਮੌਕੇ ਕਰਮਜੀਤ ਸਿੰਘ ਗਰੇਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਠ ਪੁਸਤਕਾਂ ਵਿੱਚ ਸ਼ਾਮਲ ਗੀਤ ਅਤੇ ਕਵਿਤਾਵਾਂ ਦੀ ਸੁਝ-ਬੂਝ ਅਤੇ ਤਰਜ਼ ਨੂੰ ਸਮਝਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਦੀਆਂ ਸੁਹਜਾਤਮਕ ਰੁਚੀਆਂ ਪ੍ਰਫੁੱਲਤ ਹੁੰਦੀਆਂ ਹਨ। ਇਹ ਵਿਦਿਆਰਥੀਆਂ ਵਿੱਚ ਛੁਪਿਆ ਕਲਾਕਾਰ ਲੱਭਣ ਦਾ ਉਪਰਾਲਾ ਹੈ ਜਿਸ ਨਾਲ ਵਿਦਿਆਰਥੀ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬੱਚਿਆਂ ਨੂੰ ਵਧੀਆ ਸ਼ਬਦਾਵਲੀ ਅਤੇ ਨੈਤਿਕ ਕਦਰਾਂ ਕੀਮਤਾਂ ਵਾਲੀਆਂ ਲਿਖਤਾਂ ਨਾਲ ਰੂ-ਬ-ਰੂ ਹੋਣ ਦਾ ਮੌਕਾ ਵੀ ਮਿਲੇਗਾ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਜੀ ਵੱਲੋਂ ਪਹਿਲੀ ਤੋਂ ਅੱਠਵੀਂ ਤੱਕ ਦੀਆਂ ਪੰਜਾਬੀ ਪਾਠ ਪੁਸਤਕਾਂ ਵਿੱਚ ਸ਼ਾਮਿਲ ਗੀਤਾਂ ਅਤੇ ਕਵਿਤਾਵਾਂ ਦੀ ਆਡੀਓ-ਵੀਡੀਓ ਸੀਰੀਜ਼ ਸਬੰਧੀ ਪੋਸਟਰ ਵੀ ਜਾਰੀ ਕੀਤਾ। ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਮੀਡੀਆ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ, ਮਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਨੇ  ਕਲਾਕਾਰ ਅਧਿਆਪਕ ਕਰਮਜੀਤ ਗਰੇਵਾਲ ਨੂੰ ਵਧਾਈ ਦਿੱਤੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!