ਅਕਾਲੀ-ਬਸਪਾ ਸਰਕਾਰ ਬਣਨ `ਤੇ ਭਗਵਾਨ ਵਾਲਮੀਕਿ ਜੀ ਦੇ ਨਾਮ ਤੇ ਦੁਆਬੇ ਵਿੱਚ ਵਿਸ਼ਵ ਪੱਧਰੀ ਯੁਨਿਵਰਸਿਟੀ ਬਣਾਈ ਜਾਵੇਗੀ: ਜਸਵੀਰ ਸਿੰਘ ਗੜ੍ਹੀ
ਕਿਹਾ, ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਨੇ ਆਜ਼ਾਦੀ ਦੇ 74 ਸਾਲਾਂ `ਚ ਭਗਵਾਨ ਵਾਲਮੀਕਿ ਜੀ ਦੇ ਨਾਮ `ਤੇ ਕੋਈ ਕੰਮ ਨਹੀਂ ਕੀਤਾ
ਫਗਵਾੜਾ, 19 ਅਕਤੂਬਰ : ਆਜ਼ਾਦੀ ਦੇ 74 ਸਾਲਾਂ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਹੋਂਦ ਵਿੱਚ ਰਹੀਆਂ ਪਰ ਕਾਂਗਰਸ ਤੇ ਭਾਜਪਾ ਨੇ ਭਗਵਾਨ ਵਾਲਮੀਕਿ ਜੀ ਦੇ ਨਾਮ ਤੇ ਕੋਈ ਕੰਮ ਨਹੀਂ ਕੀਤਾ ਪਰ ਅਕਾਲੀ-ਬਸਪਾ ਦੀ ਸਰਕਾਰ ਪੰਜਾਬ ਵਿੱਚ ਬਣਨ ਸਾਰ ਹੀ ਦੁਆਬੇ ਵਿੱਚ ਭਗਵਾਨ ਵਾਲਮੀਕਿ ਜੀ ਦੇ ਨਾਮ ਤੇ ਵਿਸ਼ਵ ਪੱਧਰੀ ਯੁਨਿਵਰਸਿਟੀ ਬਣਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ। ਉਹ ਫਗਵਾੜਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਵਿੱਚ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਹੋਏ ਸਨ ਜਿੱਥੇ ਉਨ੍ਹਾ ਦੇ ਨਾਲ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਸਰਵਣ ਸਿੰਘ ਕੁਲਾਰ, ਫਗਵਾੜਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸਰਦਾਰ ਗੜ੍ਹੀ ਨੇ ਕਿਹਾ ਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਨੇ ਮਹਾਕਾਵਿਯ ਰਾਮਾਇਣ ਦੀ ਰਚਨਾ ਕੀਤੀ ਅਤੇ ਰਾਜ ਦਰਬਾਰ ਦੇ ਦੋ ਰਾਜ ਕੁਮਾਰ ਸ੍ਰੀ ਲਵ-ਕੁਸ਼ ਨੂੰ ਬਹੁਤ ਵੱਡੀਆਂ ਸਿੱਖਿਆਵਾਂ ਦੇ ਨਾਲ-ਨਾਲ ਹਰ ਤਰ੍ਹਾਂ ਦੀ ਧਨੁਰ ਵਿਦਿਆ ਅਤੇ ਗ੍ਰੰਥਾਂ ਦੀ ਵਿਦਿਆ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਨਾਲ ਤੇ ਕਾਂਗਰਸ ਅਤੇ ਭਾਜਪਾ ਦੀਆਂ ਹਕੂਮਤਾਂ ਨੇ ਕੁੱਝ ਵੀ ਨਹੀਂ ਕੀਤਾ। ਉਨ੍ਹਾਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਸਮੂਹ ਸੰਗਤਾਂ ਨੂੰ ਵਧਾਈ ਵੀ ਦਿੱਤੀ।