
ਆਕਸੀਜਨ ਸਪਲਾਈ 'ਚ ਵਿਘਨ: ਡਿਊਟੀ ਵਿੱਚ ਅਣਗਹਿਲੀ ਲਈ ਜਲੰਧਰ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਸਮੇਤ ਤਿੰਨ ਡਾਕਟਰ ਮੁਅੱਤਲ, ਇੱਕ ਹਾਊਸ ਸਰਜਨ ਬਰਖਾਸਤ
ਚੰਡੀਗੜ੍ਹ, 30 ਜੁਲਾਈ: ਜਲੰਧਰ ਸਿਵਲ ਹਸਪਤਾਲ ਵਿੱਚ ਵਾਪਰੀ ਦੁਖਦਾਈ ਘਟਨਾ ਦਾ ਸਖ਼ਤ ਨੋਟਸ ਲੈਂਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੈਡੀਕਲ ਸੁਪਰਡੈਂਟ ਅਤੇ ਸੀਨੀਅਰ ਮੈਡੀਕਲ ਅਫਸਰ ਸਮੇਤ ਤਿੰਨ ਡਾਕਟਰਾਂ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਇੱਕ ਹਾਊਸ ਸਰਜਨ ਨੂੰ ਬਰਖਾਸਤ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ਦੀ ਘੋਰ ਅਣਗਹਿਲੀ ਕਾਰਨ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪੈਣ ਕਰਕੇ ਕਈ ਮਰੀਜ਼ਾਂ ਦੀ ਜਾਨ ਚਲੀ ਗਈ।
ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਮੈਡੀਕਲ ਸੁਪਰਡੈਂਟ ਰਾਜ ਕੁਮਾਰ, ਸੀਨੀਅਰ ਮੈਡੀਕਲ ਅਫਸਰ (ਐਸਐਮਓ) ਸੁਰਜੀਤ ਸਿੰਘ, ਕੰਸਲਟੈਂਟ ਐਨਸਥੀਸੀਆ ਡਾ. ਸੋਨਾਕਸ਼ੀ (ਆਨ-ਡਿਊਟੀ ਡਾਕਟਰ) ਸ਼ਾਮਲ ਹਨ। ਸਿਹਤ ਮੰਤਰੀ ਨੇ ਕਿਹਾ ਕਿ ਉਕਤ ਤਿੰਨਾਂ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਘਟਨਾ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਦੋਸ਼ੀ ਪਾਏ ਜਾਣ ‘ਤੇ ਉਕਤ ਡਾਕਰਟਾਂ ਨੂੰ ਸੇਵਾ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ ਅਤੇ ਅਜਿਹਾ ਹੋਣ ਦੀ ਸੂਰਤ ਵਿੱਚ ਉਹ ਕਿਸੇ ਵੀ ਸੇਵਾ ਲਾਭ ਦੇ ਹੱਕਦਾਰ ਨਹੀਂ ਹੋਣਗੇ। ਸਿਹਤ ਮੰਤਰੀ ਨੇ ਕਿਹਾ ਕਿ ਇਸ ਨਾ-ਮੁਆਫੀਯੋਗ’ ਪ੍ਰਬੰਧਕੀ ਅਣਗਹੀਲੀ ਲਈ ਮਿਸਾਲੀ ਸਜ਼ਾ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਡਿਊਟੀ ਪ੍ਰਤੀ ਘੋਰ ਅਣਗਹਿਲੀ ਲਈ ਹਾਊਸ ਸਰਜਨ ਡਾ. ਸ਼ਮਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਦੇ ਆਕਸੀਜਨ ਪਲਾਂਟ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਆਕਸੀਜਨ ਸਪਲਾਈ ਵਿੱਚ ਅਚਾਨਕ ਵਿਘਨ ਪੈ ਗਿਆ ਜਿਸ ਦੇ ਚਲਦਿਆਂ ਐਤਵਾਰ ਸ਼ਾਮ ਨੂੰ ਜਲੰਧਰ ਸਿਵਲ ਹਸਪਤਾਲ ਵਿੱਚ ਤਿੰਨ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੀ ਮੌਤ ਹੋ ਗਈ।
ਮੀਡੀਆ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਪ੍ਰਬੰਧਕੀ ਅਣਗਹਿਲੀ ਕਾਰਨ ਵਾਪਰੀ ਹੈ, ਜਦਕਿ ਹਸਪਤਾਲ ਵਿੱਚ ਢੁਕਵਾਂ ਬੁਨਿਆਦੀ ਢਾਂਚਾ, ਮਨੁੱਖੀ ਸ਼ਕਤੀ ਅਤੇ ਕਈ ਆਕਸੀਜਨ ਸਪਲਾਈ ਸਰੋਤ ਉਪਲਬਧ ਸਨ।
ਉਨ੍ਹਾਂ ਕਿਹਾ ਕਿ ਜਲੰਧਰ ਹਸਪਤਾਲ ਵਿੱਚ ਦੋਹਰੇ ਕੰਪ੍ਰੈਸਰਾਂ ਵਾਲਾ ਇੱਕ ਫੰਕਸ਼ਨਲ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (ਪੀਐਸਏ) ਆਕਸੀਜਨ ਪਲਾਂਟ, 18-20 ਸਿਲੰਡਰਾਂ ਵਾਲਾ ਇੱਕ ਮੈਨੀਫੋਲਡ ਸਿਸਟਮ, ਅਤੇ ਇੱਕ ਤਰਲ ਮੈਡੀਕਲ ਆਕਸੀਜਨ ਪਲਾਂਟ ਹੈ, ਜੋ ਚਾਰ ਬੈਕਅੱਪ ਸਰੋਤਾਂ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਆਕਸੀਜਨ ਦੇ ਪ੍ਰੈਸ਼ਰ ਵਿੱਚ ਵੱਡੀ ਗਿਰਾਵਟ ਆਉਣਾ ਡਿਊਟੀ ਸਟਾਫ ਦੀ ਗੈਰ-ਜ਼ਿੰਮੇਵਾਰਾਨਾ ਪਹੁੰਚ ਨੂੰ ਦਰਸਾਉਂਦਾ ਹੈ।
ਡਾ. ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਲਾਪਰਵਾਹੀ ਪੂਰੀ ਤਰ੍ਹਾਂ ਪ੍ਰਬੰਧਕੀ ਨਾਕਾਮੀ ਹੈ। ਹਸਪਤਾਲ ਵਿੱਚ 49 ਇੰਟਰਨਲ ਮੈਡੀਕਲ ਅਫਸਰ, 46 ਡੀਐਨਬੀ ਡਾਕਟਰ, 14 ਹਾਊਸ ਸਰਜਨ ਅਤੇ 17 ਮੈਡੀਕਲ ਅਫਸਰ ਹਨ, ਜੋ ਕਿ ਪ੍ਰਤੀ ਬੈੱਡ ਇੱਕ ਡਾਕਟਰ ਨੂੰ ਯਕੀਨੀ ਬਣਾਉਣ ਲਈ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਡਿਊਟੀ ਵਿੱਚ ਅਣਗਹਿਲੀ ਕਾਰਨ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਗਈਆ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਰਾਜ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਨੂੰ ਤਰਜੀਹ ਦਿੱਤੀ ਹੈ ਅਤੇ ਸਿਹਤ ਸੰਭਾਲ ਤੇ ਸਿੱਖਿਆ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਰਾਜ ਦੀਆਂ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਆਈਸੀਯੂ, ਆਪ੍ਰੇਸ਼ਨ ਥੀਏਟਰ (ਓਟੀ) ਅਤੇ ਐਮਰਜੈਂਸੀ ਵਾਰਡਾਂ ਸਮੇਤ ਸਾਰੀਆਂ ਮਹੱਤਵਪੂਰਨ ਦੇਖਭਾਲ ਇਕਾਈਆਂ ਵਿੱਚ ਨਿਰਵਿਘਨ ਆਕਸੀਜਨ ਸਪਲਾਈ ਅਤੇ ਬਿਜਲੀ ਬੈਕਅੱਪ ਨੂੰ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਵੀ ਜਾਰੀ ਕੀਤੇ । ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ 24×7 ਆਕਸੀਜਨ ਦੀ ਉਪਲਬਧਤਾ, ਮਹੱਤਵਪੂਰਨ ਉਪਕਰਣਾਂ ਲਈ 30 ਮਿੰਟ ਬੈਕ-ਅੱਪ ਦੇ ਨਾਲ ਕਾਰਜਸ਼ੀਲ ਯੂਪੀਐਸ ਸਿਸਟਮ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਜਨਰੇਟਰ ਸੈੱਟ ਹੋਣੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਅਜਿਹੀਆਂ ਕੁਤਾਹੀਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।