ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕੁਮਾਰ ਵਿਸ਼ਵਾਸ ਵਿਰੁੱਧ ਇਹ ਐਫਆਈਆਰ ਸਿਆਸੀ ਮਕਸਦ ਨਾਲ ਕੀਤੀ ਗਈ ਹੈ: ਹਾਈ ਕੋਰਟ
ਹਾਈਕੋਰਟ ਵਲੋਂ ਕੁਮਾਰ ਵਿਸ਼ਵਾਸ ਦੀ ਗ੍ਰਿਫਤਾਰੀ ਅਤੇ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ
ਪ੍ਰਸਿੱਧ ਸ਼ਾਇਰ ਅਤੇ ਆਮ ਆਦਮੀ ਪਾਰਟੀ ਦੇ ਇੱਕ ਸਮੇਂ ਦੇ ਵੱਡੇ ਆਗੂ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਐਫਆਈਆਰ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ’ਤੇ ਰੋਕ ਲਗਾਉਂਦਿਆਂ ਹਾਈ ਕੋਰਟ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਐਫਆਈਆਰ ਸਿਆਸੀ ਉਦੇਸ਼ਾਂ ਨਾਲ ਕੀਤੀ ਗਈ ਹੈ ।
ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਦੇ ਖਿਲਾਫ ਜਿਸ ਸ਼ਿਕਾਇਤ ਨੂੰ ਲੈ ਕੇ ਇਹ ਐਫਆਈਆਰ ਦਰਜ ਕੀਤੀ ਗਈ ਹੈ, ਉਸ ਦਾ ਕੁਮਾਰ ਵਿਸ਼ਵਾਸ ਨਾਲ ਕੋਈ ਸਬੰਧ ਨਹੀਂ ਜਾਪਦਾ। ਹਾਈਕੋਰਟ ਨੇ ਕੁਮਾਰ ਵਿਸ਼ਵਾਸ ਦੇ ਮਾਮਲੇ ‘ਚ ਅੱਜ ਆਪਣਾ ਅੰਤਰਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੁਮਾਰ ਵਿਸ਼ਵਾਸ ਦੀ ਫਰਵਰੀ ‘ਚ ਇੰਟਰਵਿਊ ਹੋਈ ਸੀ, ਜਿਸ ‘ਚ ਉਨ੍ਹਾਂ ਨੇ ਕੇਜਰੀਵਾਲ ਖਿਲਾਫ ਬਿਆਨ ਦਿੱਤਾ ਸੀ। ਪਰ 12 ਅਪਰੈਲ ਨੂੰ ਰੋਪੜ ਵਿੱਚ ਐਫਆਈਆਰ ਦਰਜ ਕਰਵਾਈ ਗਈ ਕਿ ਇਸ ਇੰਟਰਵਿਊ ਕਾਰਨ 10-12 ਲੋਕਾਂ ਨੇ ਸ਼ਿਕਾਇਤਕਰਤਾ ’ਤੇ ਹਮਲਾ ਕੀਤਾ ਤਾਂ ਕੁਮਾਰ ਵਿਸ਼ਵਾਸ ਨੂੰ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਨਹੀਂ ਨਹੀਂ ਸੀ । ਇਸ ਲਈ ਉਸ ਵਿਰੁੱਧ ਕੇਸ ਕਿਵੇਂ ਦਰਜ ਕੀਤਾ ਜਾ ਸਕਦਾ ਹੈ?
ਹਾਈਕੋਰਟ ਨੇ ਕਿਹਾ ਕਿ ਪਹਿਲੀ ਨਜ਼ਰੇ ਇਸ ਮਾਮਲੇ ‘ਚ ਪਟੀਸ਼ਨਕਰਤਾ ਦੇ ਖਿਲਾਫ ਕੋਈ ਮਾਮਲਾ ਨਹੀਂ ਜਾਪਦਾ ਹੈ। ਇਸ ਲਈ ਹਾਈਕੋਰਟ ਨੇ ਕੁਮਾਰ ਵਿਸ਼ਵਾਸ ਖਿਲਾਫ ਦਰਜ ਕੀਤੇ ਗਏ ਕੇਸ ਦੀ ਅਗਲੀ ਕਾਰਵਾਈ ਅਤੇ ਉਸ ਦੀ ਗ੍ਰਿਫਤਾਰੀ ‘ਤੇ 4 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ।