ਮੁਲਾਜ਼ਮਾਂ ਦੇ ਰੋਹ ਅੱਗੇ ਨਰਮ ਪਈ ਸਰਕਾਰ : 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਨ ਦੀਆਂ ਹਦਾਇਤਾ ਜਾਰੀ
ਪੰਜਾਬ ਸਕੱਤਰੇਤ ਵਿਖੇ ਰੈਲੀਆਂ ਕਰਕੇ ਮੁਲਾਜ਼ਮਾਂ ਨੂੰ ਮੀਟਿੰਗ ਦੀ ਕਾਰਵਾਈ ਤੋਂ ਜਾਣੂੰ ਕਰਵਾਇਆ
29 ਜੂਨ, 2021, ਚੰਡੀਗੜ੍ਹ ( ) ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਵੱਲੋਂ ਪ੍ਰਵਾਨ ਕੀਤੇ ਪੇਅ ਕਮਿਸ਼ਨ ਵਿਰੁੱਧ ਰੋਸ ਮੁਜ਼ਾਹਰੇ ਅਤੇ ਪੰਜ ਦਿਨ ਦੀ ਹੜਤਾਲ ਕੀਤੀ ਗਈ ਸੀ ਜਿਸ ਦੇ ਸਿੱਟੇ ਵਜੋਂ ਸਰਕਾਰ ਕੁੱਝ ਨਰਮ ਪੈਂਦੀ ਨਜ਼ਰ ਆਈ ਹੈ। ਸਰਕਾਰ ਵੱਲੋਂ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਗਰੁੱਪ ਆਫ ਮਨਿਸਟਰਜ਼ ਦਾ ਗਠਨ ਕੀਤਾ ਹੈ ਜਿਸ ਵਿੱਚ 5 ਮੰਤਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾ ਆਈ.ਏ.ਐਸ. ਅਧਿਕਾਰੀਆਂ ਦੀ ਕਮੇਟੀ ਦਾ ਵੀ ਗਠਨ ਕੀਤਾ। ਕੱਲ ਮਿਤੀ 28.06.2021 ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਸੀਨੀਅਰ ਅਫਸਰਾਂ ਦੀ ਕਮੇਟੀ ਵੱਲੋਂ ਪੰਜਾਬ ਰਾਜ ਦੀਆਂ ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ ਨਾਲ ਪਲੇਠੀ ਮੀਟਿੰਗ ਕੀਤੀ ਗਈ ਹੈ।
ਮੀਟਿੰਗ ਵਿੱਚ ਪੰਜਾਬ ਰਾਜ ਦੇ ਸੀਨੀਅਰ ਆਈ.ਏ.ਐਸ ਅਫਸਰਾਂ ਦੀ ਕਮੇਟੀ ਵੱਲੋਂ ਜੱਥੇਬੰਦੀਆਂ ਦੇ ਆਗੂਆਂ ਨੂੰ ਦੱਸਿਆ ਗਿਆ ਕਿ ਜਿਸ ਤਰਾਂ ਮੁਲਾਜ਼ਮ ਜਥੇਬੰਦੀਆਂ 6 ਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹਾਂ ਕੈਲਕੁਲੇਟ ਕਰਕੇ ਘੱਟ ਦਿਖਾ ਰਹੇ ਹਨ ਅਸਲੀਅਤ ਵਿੱਚ ਇਸ ਤਰਾਂ ਨਹੀਂ ਹੈ ਕਿਉਂਕਿ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਨਖਾਹਾਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਤੇ ਸਮੇਂ ਤੇ ਹਾਜ਼ਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਲਈ ਕਿਹਾ।
ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕੇਮਟੀ ਦੇ ਜਨਰਲ ਸਕੱਤਰ ਅਤੇ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫਿਸਰਜ਼ ਕਮੇਟੀ ਨੂੰ ਉਨ੍ਹਾਂ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਨ ਦੀਆਂ ਹਦਾਇਤਾ ਜਾਰੀ ਕੀਤੀਆਂ। ਪਿਛਲੇ ਸਮਿਆਂ ਦੌਰਾਨ ਵੀ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿੱਚ ਕੁਝ ਪੁਰਾਣੀਆਂ ਮੰਨੀਆਂ ਹੋਈਆਂ ਮੰਗਾਂ ਸਬੰਧੀ ਵੀ ਵਿਚਾਰ ਵਟਾਂਦਰਾ ਹੋਇਆ ਜਿਨ੍ਹਾਂ ਸਬੰਧੀ ਆਫਿਸ਼ਰਜ਼ ਕਮੇਟੀ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। 2004 ਤੋਂ ਬਾਅਦ ਭਰਤੀ ਮੁਲਾਜਮਾਂ ਨੁੰ ਜਿੰਨੀ ਦੇਰ ਤੱਕ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਜਾਂਦੀ, ਉੰਨੀ ਦੇਰ ਤੱਕ ਫੈਮਲੀ ਪੈਨਸ਼ਨ ਦੇਣ ਤੇ ਵੀ ਆਮ ਸਹਿਮਤੀ ਬਣੀ। ਪੀ.ਐਸ.ਐਮ.ਐਸ.ਯੂ ਦੇ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ ਨੇ ਖੇਤਰੀ ਅਮਲੇ ਦੀਆਂ ਬਹੁਤ ਸਾਰੀ ਮੰਗਾਂ ਕਮੇਟੀ ਸਾਹਮਣੇ ਰੱਖੀਆਂ। ਇਹਨਾਂ ਵਿੱਚੋਂ ਕੁੱਝ ਮੰਗਾਂ ਤੇ ਕਮੇਟੀ ਵੱਲੋਂ ਪੱਤਰ ਜਾਰੀ ਕਰਨ ਸਬੰਧੀ ਅਗਲੇਰੀ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਐਸੋਸੀਏਸ਼ਨਾ ਦੀ ਮੰਗ ਤੇ ਕਮੇਟੀ ਵੱਲੋਂ ਪੀ.ਐਸ.ਐਮ.ਐਸ.ਯੂ ਨੂੰ ਅਗਲੀ ਮੀਟਿੰਗ 1 ਜੁਲਾਈ ਅਤੇ ਪੰਜਾਬ ਅਤੇ ਯੂ.ਟੀ ਮੁਲਾਜਮ ਤੇ ਪੇਨਸ਼ਨਰ ਸਾਂਝਾਂ ਫਰੰਟ ਨੂੰ 2 ਜੁਲਾਈ ਨੂੰ ਮੀਟਿੰਗ ਦਾ ਭਰੋਸਾ ਦਿੱਤਾ ਗਿਆ।
ਅੱਜ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਕੱਤਰੇਤ 1 ਵਿੱਚ ਗੇਟ ਰੈਲੀ ਕੀਤੀ ਗਈ। ਇਸ ਗੇਟ ਰੈਲੀ ਵਿੱਚ ਆਫਿਸਰਜ਼ ਕਮੇਟੀ ਨਾਲ ਹੋਈ ਮੀਟਿੰਗ ਦੀ ਕਾਰਵਾਈ ਸਬੰਧੀ ਮੁਲਾਜ਼ਮਾ ਨੂੰ ਜਾਣੂੰ ਕਰਵਾਇਆ ਗਿਆ । ਰੈਲੀ ਵਿੱਚ ਸਕੱਤਰੇਤ ਅਫਸਰਜ਼ ਐਸੋਸੀਏਸ਼ਨ ਤੋਂ ਗੁਰਿੰਦਰ ਸਿੰਘ ਭਾਟੀਆ, ਮਨਜੀਤ ਸਿੰਘ ਰੰਧਾਵਾ, ਦਵਿੰਦਰ ਸਿੰਘ ਜੁਗਨੀ ਅਤੇ ਪਰਸਨਲ ਸਟਾਫ ਐਸੋਸੀਏਸ਼ਨ ਤੋਂ ਮਲਕੀਤ ਸਿੰਘ ਔਜਲਾ, ਜਸਬੀਰ ਕੌਰ ਅਤੇ ਸੁਦੇਸ਼ ਕੁਮਾਰੀ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਸ਼੍ਰੀ ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਮਨਜਿੰਦਰ ਕੌਰ, ਸੁਖਜੀਤ ਕੌਰ, ਅਮਰਵੀਰ ਸਿੰਘ ਗਿੱਲ, ਇੰਦਰਪਾਲ ਭੰਗੂ, ਮਨਦੀਪ ਚੌਧਰੀ, ਕੁਲਵਿੰਦਰ ਸਿੰਘ, ਸੰਦੀਪ ਕੌਸ਼ਲ, ਮਨਜੀਤ ਸਿੰਘ, ਸਾਹਿਲ ਸ਼ਰਮਾ, ਜਸਪ੍ਰੀਤ ਸਿੰਘ ਰੰਧਾਵਾ ਆਦਿ ,ਵਿੱਤੀ ਸਕੱਤਰੇਤ ਐਸੋਸੀਏਸ਼ਨ ਤੋਂ ਕੁਲਵੰਤ ਸਿੰਘ, ਅਲਕਾ ਚੋਪੜਾ ਅਤੇ ਸਕੱਤਰੇਤ ਦਰਜਾ -4 ਐਸੋਸੀਏਸ਼ਨ ਦੇ ਪ੍ਰਧਾਨ ਬਲਰਾਜ ਸਿੰਘ ਦਾਊਂ, ਪ੍ਰਾਹੁਣਚਾਰੀ ਵਿਭਾਗ ਤੋਂ ਮਹੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।