Punjab

ਲੋਕ ਨਿਰਮਾਣ ਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਸੰਗਤ ਨੂੰ ਅਰਪਣ

ਜੋਤੀ ਸਰੂਪ ਮੋੜ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਚੌਕ ਰੱਖਿਆ

12 ਫੁੱਟ ਉੱਚਾ ਕਾਂਸੀ ਦਾ ਬੁੱਤ ਸਥਾਪਤ

ਚੰਡੀਗੜ੍ਹ/ਫ਼ਤਹਿਗੜ੍ਹ ਸਾਹਿਬ, 16  ਅਕਤੂਬਰ

ਲੋਕ ਨਿਰਮਾਣ ਤੇ ਪ੍ਰਸ਼ਾਸਕੀ ਸੁਧਾਰ ਮੰਤਰੀ, ਪੰਜਾਬ ਵਿਜੈ ਇੰਦਰ ਸਿੰਗਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਮੌਕੇ ਜੋਤੀ ਸਰੂਪ ਮੋੜ ਵਿਖੇ ਸਥਾਪਤ ਕੀਤਾ ਬਾਬਾ ਬੰਦਾ ਬਹਾਦਰ ਦਾ 12 ਫੁੱਟ ਉੱਚਾ ਕਾਂਸੀ ਦਾ ਬੁੱਤ ਸੰਗਤ ਨੂੰ ਅਰਪਣ ਕੀਤਾ। ਇਸ ਮੌਕੇ ਉਹਨਾਂ ਨੇ ਐਲਾਨ ਕੀਤਾ ਕਿ ਇਸ ਜਗ੍ਹਾ ਨੂੰ ਵੀ ਅੱਜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਚੌਕ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਮੌਕੇ ਉਹਨਾਂ ਨੇ ਜਿੱਥੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਦੀ ਵਧਾਈ ਦਿੱਤੀ, ਉੱਥੇ ਸਰਹਿੰਦ ਪੀ.ਡਬਲਿਊ.ਡੀ.ਰੈਸਟ ਹਾਊਸ ਲਈ 15 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਮੇਹਰ ਸਦਕਾ ਉਹ ਲੋਕਾਂ ਦੀ ਸੇਵਾ ਕਰ ਸਕ ਰਹੇ ਹਨ। ਗੁਰੂ ਸਾਹਿਬ ਦੇ ਰਾਹ ਉੱਤੇ ਤੁਰਨਾ ਸੌਖਾ ਨਹੀਂ ਹੈ, ਗੁਰੂ ਸਾਹਿਬ ਦੀ ਮਿਹਰ ਸਦਕਾ ਪੂਰੀ ਮਜ਼ਬੂਤੀ ਨਾਲ ਹੀ ਗੁਰੂ ਸਾਹਿਬ ਦੇ ਰਾਹ ਉੱਤੇ ਤੁਰਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਸੰਨ 1670 ਵਿਚ ਜੰਮੂ ਦੇ ਰਾਜੌਰੀ ਖੇਤਰ ਵਿਚ ਹੋਇਆ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਫਤਹਿ ਕਰਕੇ ਮੁਲਕ ਵਿਚੋਂ ਜ਼ੁਲਮੀ ਰਾਜ ਦੇ ਅੰਤ ਦਾ ਮੁੱਢ ਬੰਨ੍ਹ ਦਿੱਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਦੇ ਵੀ ਸੱਚ ਦਾ ਮਾਰਗ ਨਹੀਂ ਛੱਡਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਸਿੰਘ ਸਜਾ ਕੇ ਉਹਨਾਂ ਦਾ ਨਾਂ ਬੰਦਾ ਸਿੰਘ ਰੱਖਿਆ ਅਤੇ ਜ਼ੁਲਮੀ ਰਾਜ ਦਾ ਅੰਤ ਕਰਨ ਲਈ ਪੰਜਾਬ ਭੇਜਿਆ। ਬਾਬਾ ਬੰਦਾ ਸਿੰਘ ਤੇ ਉਹਨਾਂ ਦੇ ਸਾਥੀਆਂ ਵਲੋਂ ਆਪਣੇ ਧਰਮ ਤੋਂ ਨਾ ਡੋਲਣ ਕਰਕੇ ਉਹਨਾਂ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਅਤੇ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਰਗੇ ਆਗੂ ਮਿਲੇ ਹਨ। ਵਿਧਾਇਕ ਨਾਗਰਾ ਨੇ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਹੈ ਤੇ

ਹੁਣ ਜ਼ਿੰਮੇਵਾਰੀ ਲੋਕਾਂ ਦੀ ਹੈ, ਜਿਨ੍ਹਾਂ ਨੇ ਸ. ਨਾਗਰਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਹਨਾਂ ਵਾਅਦਾ ਕੀਤਾ ਕੇ ਫ਼ਤਹਿਗੜ੍ਹ ਸਾਹਿਬ ਤੇ ਸੰਗਰੂਰ ਅਵਲ ਹਲਕੇ ਬਣਨਗੇ।

 ਸਿੰਗਲਾ ਨੇ ਦਸਿਆ ਕਿ ਉਹ ਬੀਤੇ ਦਿਨ ਲਖੀਮਪੁਰ ਖੀਰੀ ਗਏ ਸਨ ਤੇ ਉੱਥੇ ਵਾਪਰੀ ਘਟਨਾ ਦੇ ਇਨਸਾਫ਼ ਲਈ ਸੰਘਰਸ਼ ਕੀਤਾ। ਉਹਨਾਂ ਕਿਹਾ ਕਿ ਖਾਲਸਾ ਰਾਜ ਸਥਾਪਤ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਕਾਰਜ ਜਗੀਰਦਾਰੀ ਪ੍ਰਬੰਧ ਖ਼ਤਮ ਕਰ ਕੇ ਕਾਸ਼ਤਕਾਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਤੇ ਅੱਜ ਕੇਂਦਰ ਦੀ ਮੋਦੀ ਸਰਕਾਰ ਜ਼ਮੀਨਾਂ ਖੋਹਣ ਨੂੰ ਫਿਰਦੀ ਹੈ। ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਉੱਤੇ ਪਹਿਰਾ ਦੇਣ ਦੀ ਲੋੜ ਹੈ। ਜਿਹੜਾ ਕਾਰਜ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ, ਇਹ ਨੂੰ ਕੇਂਦਰ ਸਰਕਾਰ ਕਿਵੇਂ ਰੋਕ ਦੇਵੇਗੀ। ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਵਿਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਖੜ੍ਹੀ ਰਹੇਗੀ।

ਉਹਨਾਂ ਦੱਸਿਆ ਕਿ ਜਦੋਂ ਉਹ ਤੇ ਉਹਨਾਂ ਦੇ ਸਾਥੀ ਯੂ ਪੀ ਵਿਖੇ ਪੀੜਤਾਂ ਲਈ ਇਨਸਾਫ਼ ਲੈਣ ਗਏ ਤਾਂ ਉਹਨਾਂ ਨੂੰ ਸਹਾਰਨਪੁਰ ਥਾਣੇ ਡੱਕ ਦਿੱਤਾ ਗਿਆ ਪਰ ਸਕੂਨ ਸੀ ਕਿ ਉਹ ਚੰਗੇ ਕੰਮ ਲਈ ਥਾਣੇ ਪੁੱਜੇ ਸਨ। ਪੀੜਤ ਪਰਿਵਾਰਾਂ ਦੀ ਮੰਗ ਸੀ ਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਚਾਹੀਦਾ, ਇਨਸਾਫ਼ ਚਾਹੀਦਾ ਹੈ। ਇਸ ਮੰਗ ਲਈ ਭੁੱਖ ਹੜਤਾਲ ਵੀ ਕੀਤੀ ਤੇ ਮੰਗ ਕੀਤੀ ਕਿ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਪੱਤਰਕਾਰਾਂ ਵੱਲੋਂ ਬੀ ਐੱਸ ਐੱਫ ਦਾ ਅਧਿਕਾਰ ਖੇਤਰ ਪੰਜਾਬ ਵਿਚ ਵਧਾਏ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ਼੍ਰੀ ਸਿੰਗਲਾ ਨੇ ਕਿਹਾ ਕਿ ਭਾਰਤ ਸਰਕਾਰ ਸੂਬੇ ਦੇ ਅਧਿਕਾਰ ਖੇਤਰ ਵਿੱਚ ਦਾਖਲ ਦੇ ਰਹੀ ਹੈ। ਕੇਂਦਰ ਸਰਕਾਰ ਨੂੰ ਅਜਿਹਾ ਨਹੀਂ ਕਰਨ ਚਾਹੀਦਾ ਹੈ। ਪੰਜਾਬ ਪੁਲੀਸ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇ ਸਾਰੀਆਂ ਪਾਰਟੀਆਂ ਇਸ ਮਸਲੇ ਉੱਤੇ ਇਕੱਠੀਆਂ ਹੁੰਦੀਆਂ ਹਨ ਤਾਂ ਪੰਜਾਬ ਸਰਕਾਰ ਵਫ਼ਦ ਦੀ ਅਗਵਾਈ ਕਰੇਗੀ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਟਿਆਲਾ ਤੋਂ ਸਰਹੰਦ ਤੱਕ ਨਵਾਂ ਹਾਈਵੇਅ ਬਣਾਉਣ ਦਾ ਵਿਚਾਰ ਵੀ ਚਲ ਰਿਹਾ ਹੈ।

ਇਸ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਪੁੱਜਣ ਉੱਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼੍ਰੀ ਸਿੰਗਲਾ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲਿਆ ਤੇ ਕੂਚ ਕੀਤਾ ਨਾਂਦੇੜ ਦੀ ਧਰਤੀ ਤੋਂ  ਬਾਬਾ ਜ਼ੋਰਾਵਰ ਸਿੰਘ,

ਬਾਬਾ ਫਤਹਿ ਸਿੰਘ, ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਸੋਧਣ ਲਈ ਪੰਜਾਬ ਪੁੱਜੇ। ਉਸ ਜ਼ਾਲਮ ਦਾ ਖਾਤਮਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਕਾ ਦਿੱਤੀ।

ਉਹਨਾਂ ਕਿਹਾ ਕਿ ਜਿਹੜੀ ਸੇਵਾ ਫ਼ਤਹਿਗੜ੍ਹ ਸਾਹਿਬ ਦੀ ਉਹਨਾਂ ਨੂੰ ਮਿਲੀ ਹੈ, ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ। ਉਹ ਗੁਰੂ ਸਾਹਿਬ ਤੇ ਸੰਗਤ ਦਾ ਕਦੇ ਕਰਜ਼ਾ ਨਹੀਂ ਮੋੜ ਸਕਦੇ। ਜਿੰਨੇ ਫੰਡ ਫ਼ਤਹਿਗੜ੍ਹ ਸਾਹਿਬ ਨੂੰ ਮਿਲੇ ਸ਼ਾਇਦ ਹੀ ਕਿਸੇ ਹੋਰ ਹਲਕੇ ਨੂੰ ਮਿਲੇ ਹੋਣ। ਗੁਰੂ ਸਾਹਿਬ ਨੇ ਕਿਰਪਾ ਕਰ ਕੇ ਬਲ ਬਖਸ਼ਿਆ ਹੈ, ਜਿਸ ਸਦਕਾ ਉਹਨਾਂ ਇਮਾਨਦਾਰੀ ਦਾ ਰਾਹ ਨਹੀਂ ਛੱਡਿਆ।

ਉਹਨਾਂ ਕਿਹਾ ਕਿ ਸਾਰੇ ਅਹੁਦੇਦਾਰ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ, ਜਿਨ੍ਹਾਂ ਸਦਕਾ ਉਹ ਇਮਾਨਦਾਰੀ ਦਾ ਦਾਅਵਾ ਕਰ ਸਕ ਰਹੇ ਹਨ। ਉਹਨਾਂ ਦੱਸਿਆ ਕਿ ਵੱਡੀ ਗਿਣਤੀ ਪਿੰਡਾਂ ਦੇ ਕੰਮ ਪੂਰੇ ਹੋ ਚੁੱਕੇ ਹਨ। ਵੱਡੀ ਗਿਣਤੀ ਪਿੰਡਾਂ ਨੇ ਇਹ ਲਿਖ ਦਿੱਤਾ ਹੈ ਕਿ ਉਹਨਾਂ ਦੇ ਪਿੰਡਾਂ ਵਿਚ ਇਕ ਵੀ ਗਲੀ ਨਾਲੀ ਬਕਾਇਆ ਨਹੀਂ ਹੈ। ਇਹਨਾਂ ਸਰਪੰਚਾਂ ਨੇ ਢਾਈ ਸਾਲਾ ਵਿਚ 70 ਸਾਲ ਜਿੰਨਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਛੇਤੀ ਹੀ ਭਾਰਤ ਦਾ ਪਹਿਲਾ ਹਲਕਾ ਬਣੇਗਾ ਜਿੱਥੇ ਲੋਕ ਸਵੈ ਨਿਰਭਰ ਹੋਣਗੇ ਤੇ ਸਰਕਾਰਾਂ ਵੱਲ ਨਹੀਂ ਦੇਖਣਗੇ। ਛੱਪੜਾਂ ਦੀ ਕਾਇਆ ਕਲਪ ਕੀਤੀ ਗਈ ਹੈ ਤੇ ਸਾਫ਼ ਪਾਣੀ ਖੇਤਾਂ ਨੂੰ ਲੱਗ ਰਿਹਾ ਹੈ ਤੇ ਸੋਲਰ ਮੋਟਰਾਂ ਲੱਗੀਆਂ ਹਨ ਤੇ ਬਿੱਲ ਵੀ ਤਾਰਨੇ ਨਹੀਂ ਪੈ ਰਹੇ। ਰਿਸ਼ਵਤ ਖੋਰੀ ਨੂੰ ਬਹੁਤ ਜ਼ਿਆਦਾ ਹੱਦ ਤੱਕ ਨੱਥ ਪੈ ਗਈ ਹੈ।

 ਸਿੰਗਲਾ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਸੜਕਾਂ ਨੂੰ ਚਾਰ ਮਾਰਗੀ ਕਰਨ ਦਾ ਪ੍ਰੋਜੈਕਟ 21 ਕਰੋੜ ਰੁਪਏ ਦਾ ਦਿੱਤਾ। ਹਲਕੇ ਦੀਆਂ ਸਾਰੀਆਂ ਸੜਕਾਂ ਦੀ ਕਾਇਆ ਕਲਪ ਕੀਤੀ ਗਈ ਹੈ ਤੇ ਵੱਡੀ ਗਿਣਤੀ ਸੜਕਾਂ ਨਵੀਆਂ ਬਣੀਆਂ ਹਨ। 25-25 ਸਾਲ ਬਾਅਦ ਸੜਕਾਂ ਬਣਾਈਆਂ ਹਨ। ਕਰੀਬ 400 ਕਰੋੜ ਸੜਕਾਂ ਉੱਤੇ ਰੁਪਏ ਖਰਚੇ ਗਏ ਹਨ।

ਉਹਨਾਂ ਦੱਸਿਆ ਕਿ ਇਸ ਸਮਾਰਕ ਵਾਲੀ ਥਾਂ ਉੱਤੇ ਇਤਿਹਾਸ ਲਿਖਿਆ ਜਾਵੇਗਾ, ਜਿਸ ਨੂੰ ਬੱਚੇ ਦੇਖਣਗੇ ਕੇ ਕਿੰਜ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕੀਤਾ ਤੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ।

ਵਿਧਾਇਕ ਨਾਗਰਾ ਨੇ ਕਿਹਾ ਕਿ ਉਹ ਸਦਾ ਹੀ ਸਕਾਰਾਤਮਕ ਆਲੋਚਨਾ ਦਾ ਸਵਾਗਤ ਕਰਦੇ ਹਨ। ਗਲਤੀ ਦੱਸਣ ਵਾਲੇ ਇਨਸਾਨ ਸਦਾ ਮਨੁੱਖ ਨੂੰ ਸਹੀ ਰਾਹ ਪਾਉਂਦੇ ਹਨ। ਉਹਨਾਂ ਕਿਹਾ ਕਿ  ਉਹ ਕਦੇ ਵੀ ਇਮਾਨਦਾਰੀ ਦਾ ਰਾਹ ਨਹੀਂ ਛੱਡਣਗੇ ਇਸ ਸਬੰਧੀ ਉਹਨਾਂ ਨੂੰ ਕਿਸੇ ਵੀ ਅਹੁਦੇ ਦੀ ਕੋਈ ਪਰਵਾਹ ਨਹੀਂ ਹੈ।

ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਵਿਚ ਐਨਾ ਵਿਕਾਸ ਨਹੀਂ ਹੋਇਆ ਜਿੰਨਾ ਵਿਧਾਇਕ ਨਾਗਰਾ  ਨੇ 04.5 ਸਾਲ ਵਿੱਚ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਸਿੰਗਲਾ ਨੇ ਕਦੇ ਵੀ ਬੱਸੀ ਪਠਾਣਾਂ ਲਈ ਫੰਡ ਦੇਣ ਤੋਂ ਕੰਨੀ ਨਹੀਂ ਕਤਰਾਈ। ਹਲਕਾ ਬੱਸੀ ਪਠਾਣਾ ਵਿਚ ਮਿਸਾਲੀ ਵਿਕਾਸ ਹੋਇਆ ਹੈ। ਹਰ ਪਿੰਡ ਵਿਚ ਘੱਟੋ ਘੱਟ 50-50 ਲੱਖ ਰੁਪਏ ਲੱਗੇ ਹਨ। ਲਾਂਡਰਾਂ ਚੌਂਕ ਦੀ ਮੁਸ਼ਕਲ ਸ਼੍ਰੀ ਸਿੰਗਲਾ ਨੇ ਹੱਲ ਕਰਵਾਈ, ਜਿਸ ਲਈ 27 ਕਰੋੜ ਖਰਚੇ ਗਏ।

ਇਸ ਮੌਕੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਗੇਜਾ ਰਾਮ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਡਾਇਰੈਕਟਰ ਪੀ ਆਰ ਟੀ ਸੀ ਸੁਭਾਸ਼ ਸੂਦ,

ਬਲਾਕ ਕਾਂਗਰਸ ਦੇ ਪ੍ਰਧਾਨ ਸਰਪੰਚ ਗੁਰਮੁਖ ਸਿੰਘ ਪੰਡਰਾਲੀ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਵਿਧਾਇਕ ਨਾਗਰਾ ਦੀ ਧਰਮਪਤਨੀ  ਮਨਦੀਪ ਕੌਰ ਨਾਗਰਾ, ਡਿਪਟੀ ਕਮਿਸ਼ਨਰ  ਸੁਰਭੀ ਮਲਿਕ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਚੇਅਰਮੈਨ, ਅਹੁਦੇਦਾਰ, ਮੈਂਬਰ, ਮਾਰਕਿਟ ਕਮੇਟੀਆਂ ਦੇ ਅਹੁਦੇਦਾਰ ਤੇ ਮੈਂਬਰ, ਨਗਰ ਕੌਂਸਲ ਦੇ ਅਹੁਦੇਦਾਰ, ਕੌਸਲਰ, ਪਿੰਡਾਂ ਦੇ ਪੰਚ ਸਰਪੰਚ ਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!