Punjab

*ILLEGAL MINING :ਸਾਬਕਾ CM ਚੰਨੀ ਦਾ ਕਰੀਬੀ ਠੇਕੇਦਾਰ ਇਕਬਾਲ ਸਿੰਘ ਗਿਰਫ਼ਤਾਰ*

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਉਂਦਿਆਂ ਰੂਪਨਗਰ ਪੁਲਿਸ ਨੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਜੰਗਲਾਤ ਦੀ ਨੋਟੀਫਾਈਡ ਜ਼ਮੀਨ ਤੋਂ ਗੈਰ ਕਾਨੂੰਨੀ ਢੰਗ ਨਾਲ ਰੇਤਾ ਕੱਢਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਠੇਕੇਦਾਰ ਇਕਬਾਲ ਸਿੰਘ ਨਜਾਇਜ ਮਾਈਨਿੰਗ ਦੇ ਦੋਸ਼ ਵਿੱਚ ਗਿਰਫ਼ਤਾਰ ਕਰ ਲਿਆ ਹੈ । 
ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਸਾਲਾਹਪੁਰ ਦੇ ਰਹਿਣ ਵਾਲੇ ਇਕਬਾਲ ਸਿੰਘ ਵਜੋਂ ਹੋਈ ਹੈ, ਜਿਸ ‘ਤੇ ਪੰਜਾਬ ਸਰਕਾਰ ਦੇ ਪੰਜਾਬ ਕੰਪਨਸੇਟਰੀ ਏਫਾਰੈਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲਾਨਿੰਗ ਅਥਾਰਟੀ (ਪਨਕੈਂਪਾ) ਪ੍ਰੋਗਰਾਮ ਤਹਿਤ ਜੰਗਲਾਤ ਵਿਭਾਗ ਵੱਲੋਂ ਲਗਾਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ ਇਸ ਜੰਗਲ ਦੀ ਜ਼ਮੀਨ ‘ਤੇ ਭਾਰਤੀ ਜੰਗਲਾਤ ਕਾਨੂੰਨ ਅਤੇ ਜੰਗਲਾਤ (ਸੁਰੱਖਿਆ) ਐਕਟ ਦੀਆਂ ਧਾਰਾਵਾਂ ਲਾਗੂ ਵੀ ਹਨ।ਪੁਲਿਸ ਨੇ ਇੱਕ ਜੇਸੀਬੀ ਮਸ਼ੀਨ ਅਤੇ ਇੱਕ ਪੋਕਲੇਨ ਮਸ਼ੀਨ ਨੂੰ ਵੀ ਜ਼ਬਤ ਕੀਤਾ ਹੈ, ਜਿਸ ਦੀ ਵਰਤੋਂ ਮੁਲਜ਼ਮਾਂ ਵੱਲੋਂ ਨਾਜਾਇਜ਼ ਮਾਈਨਿੰਗ ਲਈ ਕੀਤੀ ਜਾ ਰਹੀ ਸੀ।
ਇਹ ਘਟਨਾਕ੍ਰਮ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਖੈਰ ਦੇ ਦਰੱਖਤਾਂ ਦੀ ਕਟਾਈ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐਨਓਸੀ ਜਾਰੀ ਕਰਨ ਆਦਿ ਵਿੱਚ ਸੰਗਠਿਤ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ।
ਐਫਆਈਆਰ ਵਿੱਚ ਵਣ ਰੇਂਜ ਅਫਸਰ ਚਮਕੌਰ ਸਾਹਿਬ ਨੇ ਦੱਸਿਆ ਕਿ ਇਕਬਾਲ ਸਿੰਘ ਨੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਪਿੰਡ ਜਿੰਦਾਪੁਰ ਵਿਖੇ ਸਰਕਾਰੀ ਜੰਗਲਾਤ ਦੀ ਜ਼ਮੀਨ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਅਤੇ ਉਹ ਟਿੱਪਰ ਤੇ ਪੋਕਲੇਨ ਮਸ਼ੀਨਾਂ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਢੰਗ ਨਾਲ ਰੇਤਾ ਕੱਢ ਰਹੇ ਸਨ। ਐਫਆਈਆਰ ਵਿੱਚ ਲਿਖਿਆ ਹੈ, “ਜਦੋਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਦਖਲਅੰਦਾਜ਼ੀ ਕਰਨ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਵਿਅਕਤੀਆਂ ਨੇ ਜੰਗਲ ਦੀ ਜ਼ਮੀਨ ਨੂੰ ਆਪਣੀ ਮਲਕੀਅਤ ਦੱਸਦਿਆਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ।”
ਦੱਸਣਯੋਗ ਹੈ ਕਿ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਇਹ ਨਾਜਾਇਜ਼ ਮਾਈਨਿੰਗ ਹੋ ਰਹੀ ਸੀ।
ਜ਼ਿਕਰਯੋਗ ਹੈ ਕਿ ਵਣ ਰੇਂਜ ਅਫਸਰ ਚਮਕੌਰ ਸਾਹਿਬ ਦੀ ਸ਼ਿਕਾਇਤ ‘ਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 379 ਅਤੇ ਮਾਈਨਜ਼ ਐਂਡ ਮਿਨਰਲਜ਼ (ਰੈਗੂਲੇਸ਼ਨ ਆਫ਼ ਡਿਵੈਲਪਮੈਂਟ) ਐਕਟ ਦੀ ਧਾਰਾ 21 (1) ਅਤੇ 4 (1) ਤਹਿਤ ਥਾਣਾ ਚਮਕੌਰ ਸਾਹਿਬ ਵਿਖੇ ਐਫਆਈਆਰ ਦਰਜ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!