Punjab

ਜੇਕਰ ਪੰਜਾਬ ਦੀ ਧਰਤੀ ’ਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਇਨਸਾਫ਼ ਨਹੀਂ ਮਿਲ ਸਕਿਆ ਤਾਂ ਆਮ ਵਿਅਕਤੀ ਦੇ ਕੀ ਹਲਾਤ ਹੋਣਗੇ: ਕੁੰਵਰ ਵਿਜੈ ਪ੍ਰਤਾਪ ਸਿੰਘ

ਕੁੰਵਰ ਵਿਜੈ ਪ੍ਰਤਾਪ ਸਿੰਘ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਲ, ਕੇਜਰੀਵਾਲ ਨੇ ਕੀਤਾ ਸਵਾਗਤ

ਆਪ ਦੀ ਸਰਕਾਰ ਬਣਨ ’ਤੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਸਾਜਿਸ਼ਕਰਤਾ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ: ਕੇਜਰੀਵਾਲ

 

ਮੁੱਖ ਮੰਤਰੀ ਦੇ ਅਹੁਦੇ ਲਈ ਸਿੱਖ ਸਰਦਾਰ ਅਤੇ ਪੰਜਾਬੀ ਉਮੀਦਵਾਰ ਹੀ ਪਾਰਟੀ ਵੱਲੋਂ ਸੇਵਾ ਲਈ ਦਿੱਤਾ ਜਾਵੇਗਾ: ਕੇਜਰੀਵਾਲ

ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਇਮਾਨਦਾਰੀ ਉਤੇ ਅਦਾਲਤਾਂ ਦੇ ਜੱਜ ਸਾਹਿਬਾਨ ਵੀ ਵਿਸ਼ਵਾਸ ਕਰਦੇ ਹਨ: ਭਗਵੰਤ ਮਾਨ

ਸ਼੍ਰੀ ਅੰਮ੍ਰਿਤਸਰ ਸਾਹਿਬ, 21 ਜੂਨ

ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਰੱਦ ਹੋਣ ਕਾਰਨ ਆਈ.ਜੀ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਵਾਲੇ ਅਤੇ ਪ੍ਰਸਿੱਧ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ (ਆਈ.ਪੀ.ਐਸ) ਅੱਜ ਇੱਥੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਸਮੀ ਤੌਰ ’ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਆਪ ਵਿੱਚ ਸਵਾਗਤ ਕੀਤਾ। ਇਸ ਸਮੇਂ ਕੇਜਰੀਵਾਲ ਨੇ ਵਾਅਦਾ ਕਿ 2022 ਵਿੱਚ ਪੰਜਾਬ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਸਾਜਿਸ਼ਕਰਤਾ ਅਤੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਕਰਨ ਨਹੀਂ ਆਏ, ਸਗੋਂ  ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇਣ ਤੇ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਇਮਾਨਦਾਰੀ ਅਤੇ ਸੇਵਾ ਭਾਵਨਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਨ੍ਹਾਂ ਨੇ ਦੋ ਢਾਈ ਸਾਲ ਸਖ਼ਤ ਮਿਹਨਤ ਕਰਕੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕੀਤੀ ਅਤੇ ਬੇਅਦਬੀ ਦੇ ਸਾਜਿਸ਼ਕਾਰਾਂ ਅਤੇ ਦੋਸ਼ੀਆਂ ਪਤਾ ਲਾਇਆ। ਇਸੇ ਲਈ ਪੰਜਾਬ ਸਰਕਾਰ ਦਾ ਸਾਰਾ ਸਿਸਟਮ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਖ਼ਿਲਾਫ਼ ਹੋ ਗਿਆ ਅਤੇ ਉਨ੍ਹਾਂ ਨੂੰ ਆਈ.ਜੀ ਦੀ ਨੌਕਰੀ ਤੋਂ ਅਸਤੀਫ਼ਾ ਦੇਣਾ ਪਿਆ।
ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਬਹੁਤ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਸੱਤਾਧਾਰੀ ਆਪੋ ਆਪਣੀਆਂ ਕੁਰਸੀਆਂ ਬਚਾਉਣ ਲਈ ਲੜ ਰਹੇ ਹਨ, ਪਰ ਇਨ੍ਹਾਂ ਨੂੰ ਪੰਜਾਬ ਵਾਸੀਆਂ ਦੀ ਕੋਈ ਚਿੰਤਾਂ ਨਹੀਂ ਹੈ। ਉਨ੍ਹਾਂ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਪਾਰਟੀ ਤਾਂ ਬੇਅਦਬੀ, ਗੋਲੀਕਾਂਡ,ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਦੋਸ਼ਾਂ ਵਿੱਚ ਘਿਰੀ ਹੋਈ ਹੈ ਅਤੇ ਦੂਜੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੇ ਲੋਕ ਮੁਹੱਲੇ ਵਿੱਚ ਵੀ ਵੜਨ ਨਹੀਂ ਦਿੰਦੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 70 ਸਾਲਾਂ ਵਿੱਚ ਅਕਾਲੀ ਦਲ ਬਾਦਲ, ਕਾਂਗਰਸ ਅਤੇ ਭਾਜਪਾ ਨੂੰ ਰਾਜ ਕਰਨ ਦੇ ਮੌਕੇ ਦਿੱਤੇ ਹਨ, ਪਰ ਹੁਣ ਉਹ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੇਵਾ ਅਤੇ ਰਾਜਨੀਤਿਕ ਇਨਕਲਾਬ ਲਿਆਉਣ ਲਈ ਜ਼ਰੂਰ ਮੌਕਾ ਦੇਣਗੇ। ਕੇਜਰੀਵਾਲ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਸਿੱਖ ਸਰਦਾਰ ਅਤੇ ਪੰਜਾਬੀ ਉਮੀਦਵਾਰ ਹੀ ਪਾਰਟੀ ਵੱਲੋਂ ਸੇਵਾ ਲਈ ਦਿੱਤਾ ਜਾਵੇਗਾ।
ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਆਪ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਵਿਜੈ ਪ੍ਰਤਾਪ ਜੀ ਦੀ ਇਮਾਨਦਾਰੀ ਉਤੇ ਅਦਾਲਤਾਂ ਦੇ ਜੱਜ ਸਾਹਿਬਾਨ ਵੀ ਵਿਸ਼ਵਾਸ ਕਰਦੇ ਹਨ, ਜੋ ਉਚ ਪੁਲੀਸ ਅਧਿਕਾਰੀ ਦੀ ਨੌਕਰੀ ਛੱਡ ਕੇ ਲੋਕਾਂ ਦੀ ਨਿਰਪੱਖ ਤੌਰ ’ਤੇ ਸੇਵਾ ਕਰਨ ਲਈ ਆਪ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਮਾਨ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਗੁਰੂ ਗਰੰਥ ਸਾਹਿਬ ਦੀ ਬੇਦਅਬੀ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕੀਤੀ ਅਤੇ ਦੋਸ਼ੀਆਂ ਸਾਜਿਸ਼ਕਾਰਾਂ ਨੂੰ ਆਪਣੀ ਰਿਪੋਰਟ ਰਾਹੀਂ ਅਦਾਲਤ ਅੱਗੇ ਰੱਖਿਆ, ਪਰ ਆਪਸ ਵਿੱਚ ਮਿਲੇ ਸੱਤਾਧਾਰੀਆਂ ਨੇ ਉਚ ਅਦਾਲਤ ਤੋਂ ਜਾਂਚ ਰਿਪੋਰਟ ਰੱਦ ਕਰਵਾ ਦਿੱਤੀ।


ਇਸ ਸਮੇਂ ਸਾਬਕਾ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਇੱਕ ਨਵੀਂ ਸ਼ੁੁਰੂਆਤ ਕਰਨ ਜਾ ਰਹੇ ਹਨ ਤਾਂ ਜੋ ਪੰਜਾਬ ਚੜ੍ਹਦੀ ਕਲਾਂ ਵਿੱਚ ਰਹੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ’ਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਇਨਸਾਫ਼ ਨਹੀਂ ਮਿਲ ਸਕਿਆ ਤਾਂ ਆਮ ਵਿਅਕਤੀ ਦੇ ਕੀ ਹਲਾਤ ਹੋਣਗੇ। ਸਾਬਕਾ ਅਧਿਕਾਰੀ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰਨਾ ਮੇਰੀ ਜ਼ਿੰਦਗੀ ਦਾ ਅਹਿਮ ਕੇਸ ਸੀ, ਪਰ ਜਦੋਂ ਦੋਸ਼ੀ ਹੀ ਸਰਕਾਰ ਨੂੰ ਦਿਸ਼ਾ ਨਿਰਦੇਸ਼ ਰਹੇ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਇਨਸਾਫ਼ ਮਿਲਣਾ ਸੀ। ਉਨ੍ਹਾਂ ਕਿਹਾ ਜਦੋਂ ਜਾਂਚ ਰਿਪੋਰਟ ਫਰੀਦਕੋਟ ਦੀ ਅਦਾਲਤ ਵਿੱਚ ਕਾਰਵਾਈ ਅਧੀਨ ਸੀ ਤਾਂ ਚੰਡੀਗੜ੍ਹ ਤੋਂ ਫ਼ੈਸਲੇ ਕਿਉਂ ਕਰਵਾਏ ਗਏ? ਹਾਈਕੋਰਟ ਵਿੱਚ ਕੇਸ ਦੀ ਸੁਣਵਾਈ ਵਾਲੇ ਦਿਨ ਪੰਜਾਬ ਦੇ ਐਡਵੋਕੇਟ ਜਨਰਲ ਛੁੱਟੀ ’ਤੇ ਚਲੇ ਗਏ। ਇਹ ਸੱਭ ਸੱਤਾਧਾਰੀਆਂ ਅਤੇ ਸਾਜਿਸ਼ਕਾਰਾਂ ਦੀ ਮਿਲੀਭੁਗਤ ਕਰਕੇ ਹੋਇਆ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਸ਼ਾਨਦਾਰ ਕੰਮ ਕੀਤੇ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਵੀ ਸੂਬੇ ਵਿੱਚ ਰਾਜਨੀਤਿਕ ਕਰਾਂਤੀ ਲਿਆਉਣਗੇ, ਜਿਸ ਨੂੰ ਸਾਰਾ ਭਾਰਤ ਦੇਖੇਗਾ।


ਇਸ ਸਮੇਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਸਮੇਤ  ਕੁਲਤਾਰ ਸਿੰਘ ਸੰਧਵਾਂ, ਪ੍ਰਿੰਸੀਪਲ ਬੁੱਧ ਰਾਮ, ਗੁਰਮੀਤ ਸਿੰਘ ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ, ਅਮਨ ਅਰੋੜਾ, ਜੈ ਕ੍ਰਿਸ਼ਨ ਸਿੰਘ ਰੋੜੀ (ਸਾਰੇ ਵਿਧਾਇਕ), ਬੀਬਾ ਅਨਮੋਲ ਗਗਨ ਮਾਨ ਅਤੇ ਸੀਨੀਅਰ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!