ਅਕਾਲੀ ਦਲ-ਬਸਪਾ ਗਠਜੋੜ : ਮੇਰੇ ਜੀਵਲ ਦਾ ਸਭ ਤੋਂ ਖੁਸ਼ੀਆਂ ਭਰਿਆ ਦਿਨ : ਬਾਦਲ
ਇਕ ਸੈਕੂਲਰ, ਫੈਡਰਲ ਕ੍ਰਾਂਤੀ ਦੀ ਸ਼ੁਰੂਆਤ; ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ-ਬਸਪਾ ਗਠਜੋੜ ਬਾਰੇ ਕਿਹਾ
ਸਨਮਾਨ, ਸਾਂਝੀਵਾਲਤਾ, ਸਮਾਜਿਕ ਨਿਆਏ ਗਠਜੋੜ ਦਾ ਮੁੱਖ ਧੁਰਾ
ਭਾਈਚਾਰਾ, ਮਾਣ ਸਨਮਾਨ ਤੇ ਸਮਾਜਿਕ ਨਿਆਂ ਇਸਦਾ ਅਹਿਮ ਅੰਗ
ਗਠਜੋੜ ਗੁਰੂ ਨਾਨਕ ਦੇਵ ਜੀ, ਗੁਰੂ ਰਵੀਦਾਸ ਜੀ, ਭਗਵਾਨ ਵਾਲਮੀਕਿ ਤੇ ਸੰਤਾਂ ਤੇ ਮਹਾਂਪੁਰਖਾਂ ਦੀ ਸਾਂਝੀਵਾਲਤਾ ਦੀ ਸੋਚ ਨੂੰ ਨਿੱਘੀ ਸ਼ਰਧਾਂਜਲੀ
ਚੰਡੀਗੜ੍ਹ, 12 ਜੂਨ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਅਕਾਲੀ ਦਲ ਅਤੇ ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਤੇ ਬਸਪਾ ਦੇ ਬਣੇ ਗਠਜੋੜ ਨੁੰ ਸੂਬੇ ਅਤੇ ਦੇਸ਼ ਵਿਚ ਇਕ ਸੈਕੂਲਰ ਤੇ ਫੈਡਰਲ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੱਤਾ ਜੋ ਸਮਾਜਿਕ-ਆਰਥਿਕ ਤੇ ਸਿਆਸਤ ਵਿਚ ਤਬਦੀਲੀ ਲਿਆ ਦੇਵੇਗਾ। ਇਸ ਸਦਕਾ ਗਰੀਬਾਂ, ਦਬੇ ਕੁਚਲਿਆਂ ਤੇ ਘੱਟ ਗਿਣਤੀਆਂ ਲਈ ਨਿਆਂ ਤੇ ਬਰਾਬਰੀ ਦੀ ਸ਼ੁਰੂਆਤ ਹੋਵੇਗੀ ਤੇ ਵਿਕਾਸ ਨੂੰ ਹੁਲਾਰਾ ਮਿਲੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਉਹਨਾਂ ਕਿਹਾ ਕਿ ਪੰਜਾਬ ਵਿਚ ਤਰੱਕੀ, ਖੁਸ਼ਹਾਲੀ ਤੇ ਸਮਾਜ ਭਲਾਈ ਜੋ 2017 ਵਿਚ ਰੁਕ ਗਈ ਸੀ, ਦੁਬਾਰਾ ਸ਼ੁਰੂ ਹੋਵੇਗੀ ਅਤੇ ਰਫਤਾਰ ਫੜੇਗੀ।
ਬਾਦਲ ਨੇ ਹੋਰ ਕਿਹਾ ਕਿ ਨਵੇਂ ਵਿਕਾਸ ਵਿਚ ਸਾਰੇ ਪੰਜਾਬੀਆਂ, ਖਾਸ ਤੌਰ ’ਤੇ ਦਬੇ ਕੁਚਲਿਆਂ ਤੇ ਕਿਸਾਨਾਂ, ਖੇਤ ਮਜ਼ਦੂਰਾਂ, ਦਲਿਤਾਂ, ਬੇਰੋਜ਼ਗਾਰ ਨੌਜਵਾਨਾਂ, ਛੋਟੇ ਤੇ ਦਰਮਿਆਨੇ ਵਪਾਰੀਆਂ, ਉਦਮੀਆਂ ਤੇ ਸਮਾਜ ਦੇ ਲੁੱਟੇ ਪੁੱਟੇ ਗਏ ਵਰਗ ਦੀ ਭਲਾਈ ਸ਼ਾਮਲ ਹੋਵੇਗੀ।
ਗਠਜੋੜ ਦੇ ਐਲਾਨ ਤੋਂ ਬਾਅਦ ਬਸਪਾ ਦੇ ਆਗੂ ਤੇ ਐਮ ਪੀ ਸਤੀਸ਼ ਚੰਦਰ ਨੇ ਸੁਖਬੀਰ ਸਿੰਘ ਬਾਦਲ ਨਾਲ ਸੈਕਟਰ 4 ਵਿਚਲੀ ਸਰਕਾਰੀ ਰਿਹਾਇਸ਼ ’ਤੇ ਆ ਕੇ ਬਾਦਲ ਨਾਲ ਮੁਲਾਕਾਤ ਕੀਤੀ ਤੇ ਆਸ਼ੀਰਵਾਦ ਲਿਆ।ਬਾਦਲ ਨੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਪੰਜਾਬ ਤੋਂ ਚੋਣ ਲੜਨ ਦਾ ਸੱਦਾ ਦਿੱਤਾ। ਉਹਨਾਂ ਨੇ ਕੁਮਾਰੀ ਮਾਇਆਵਤੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਇਹ ਖੂਬਸੂਰਤ ਤੋਹਫਤਾ ਦੇਣ ’ਤੇ ਦੋਹਾਂ ਦਾ ਧੰਨਵਾਦ ਕੀਤਾ।
ਅਕਾਲੀ ਰਾਜਨੀਤੀ ਦੇ ਬਾਬਾ ਬੋਹੜ ਨੇ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣਾ ਗਠਜੋੜ ਲਈ ਸਰਵਉਚ ਤਰਜੀਹ ਹੋਵੇਗੀ। ਗਠਜੋੜ ਗੁਰੂ ਨਾਨਕ ਦੇਵ ਜੀ, ਗੁਰੂ ਰਵੀਦਾਸ ਜੀ ਤੇ ਭਗਵਾਨ ਵਾਲਮੀਕਿ ਅਤੇ ਹੋਰ ਸੰਤਾਂ ਮਹਾਂਪੁਰਖਾਂ ਦੀ ਸਾਂਝੀਵਾਲਤਾ ਵਾਲੀ ਸੋਚ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਤੇ ਇਹ ਉਹਨਾਂ ਦੇ ਲੰਬੇ ਸਿਆਸੀ ਜੀਵਨ ਦਾ ਸਭ ਤੋਂਖੁਸ਼ੀਆਂ ਭਰਿਆ ਦਿਨ ਹੈ ਜੋ ਸਰਬਤ ਦੇ ਭਲੇ ਦੇ ਫਲਸਫੇ ਦੀ ਜਿੱਤ ਹੈ।
ਬਾਦਲ ਨੇ ਚੇਤੇ ਕੀਤਾ ਕਿ ਕਿਵੇਂ ਉਹਨਾਂ ਦੀਆਂ ਅਗਵਾਈ ਵਾਲੀਆਂ ਸਰਕਾਰਾਂ ਦੇ ਦੌਰ ਵਿਚ ਨਿਆਂ ਤੇ ਸਮਾਜ ਭਲਾਈ ਵੱਲ ਸੇਧਤ ਲਾਮਿਸਾਲ ਸਕੀਮਾਂ ਦੀ ਸ਼ੁਰੂਆਤ ਨਾਲ ਸਮਾਜਿਕ ਨਿਆਂ ਦੇ ਸੁਫਨੇ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਉਹ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਨੁੰ ਅਪੀਲ ਕਰਦੇ ਹਨ ਕਿ ਉਹ ਨਿਰਸਵਾਰਥ ਹੋ ਕੇ ਸਖ਼ਤ ਮਿਹਨਤ ਕਰਨ ਤਾਂ ਜੋ ਪੰਜਾਬ ਅਤੇ ਦੇਸ਼ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਜਾ ਸਕੇ ਜਿਸ ਵਿਚ ਹਰ ਨਾਗਰਿਕ ਨੂੰ ਬੁਨਿਆਦੀ ਸਹੂਲਤਾਂ ਤੇ ਜੀਵਨ ਵਿਚ ਸੁੱਖ ਮਿਲੇ ਤੇ ਅਜਿਹੇ ਹਾਲਾਤ ਬਣਨ ਜਿਸ ਨਾਲ ਹਰ ਨਾਗਰਿਕ ਮਾਣ ਸਨਮਾਨ ਤੇ ਇੱਜ਼ਤ ਨਾਲ ਜੀਅ ਸਕੇ।